ਚੰਡੀਗੜ੍ਹ ’ਚ ਅੱਜ ਤੋਂ ਭਰੀਆਂ ਜਾਣਗੀਆਂ ਨਾਮਜ਼ਦਗੀਆਂ

ਚੰਡੀਗੜ੍ਹ ਵਿਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ 22 ਅਪਰੈਲ ਤੋਂ ਸ਼ੁਰੂ ਹੋ ਜਾਵੇਗੀ ਅਤੇ ਕਾਗਜ਼ 29 ਅਪਰੈਲ ਤਕ ਭਰੇ ਜਾ ਸਕਣਗੇ। ਕਾਗਜ਼ਾਂ ਦੀ ਪੜਤਾਲ 30 ਅਪਰੈਲ ਨੂੰ ਹੋਵੇਗੀ ਅਤੇ ਕਾਗਜ਼ 2 ਮਈ ਤਕ ਵਾਪਸ ਲਏ ਜਾ ਸਕਣਗੇ। ਚੰਡੀਗੜ੍ਹ ਵਿਚ ਵੋਟਾਂ 19 ਮਈ ਨੂੰ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ। ਦੱਸਣਯੋਗ ਹੈ ਕਿ ‘ਆਪ’ ਉਮੀਦਵਾਰ ਹਰਮੋਹਨ ਧਵਨ ਦੀ ਉਮੀਦਵਾਰੀ ਦਾ ਐਲਾਨ ਲੰਮਾਂ ਸਮਾਂ ਪਹਿਲਾਂ ਹੋ ਚੁੱਕਾ ਹੈ। ਦੂਸਰੇ ਪਾਸੇ ਕਾਂਗਰਸੀ ਉਮੀਦਵਾਰ ਪਵਨ ਕੁਮਾਰ ਬਾਂਸਲ ਦੀ ਟਿਕਟ ਦਾ ਐਲਾਨ 2 ਅਪਰੈਲ ਨੂੰ ਹੋਇਆ ਸੀ ਅਤੇ ਉਨ੍ਹਾਂ ਨੇ ਆਪਣਾ ਚੋਣ ਪ੍ਰਚਾਰ ਸਿਖਰ ’ਤੇ ਪਹੁੰਚਾ ਦਿੱਤਾ ਹੈ। ਇਸੇ ਦੌਰਾਨ ਭਾਜਪਾ ਹਾਈ ਕਮਾਂਡ ਉਮੀਦਵਾਰ ਬਾਰੇ ਫੈਸਲਾ ਨਹੀਂ ਕਰ ਸਕੀ ਅਤੇ ਸੰਸਦ ਮੈਂਬਰ ਕਿਰਨ ਖੇਰ ਅਤੇ ਚੰਡੀਗੜ੍ਹ ਭਾਜਪਾ ਪ੍ਰਧਾਨ ਸੰਜੇ ਟੰਡਨ ਵਿਚਕਾਰ ਟਿਕਟ ਨੂੰ ਲੈ ਕੇ ਰਸਾਕੱਸੀ ਚੱਲ ਰਹੀ ਹੈ। ਕਾਂਗਰਸ ਲਈ ਇਸ ਵੇਲੇ ਚੋਣ ਮੈਦਾਨ ਖਾਲੀ ਹੈ ਅਤੇ ਰੋਜ਼ਾਨਾ ‘ਆਪ’, ਬਸਪਾ, ਅਕਾਲੀ ਦਲ ਅਤੇ ਭਾਜਪਾ ਦੇ ਆਗੂਆਂ ਦੀਆਂ ਦਲਬਦਲੀਆਂ ਕਰਵਾ ਕੇ ਉਨ੍ਹਾਂ ਨੂੰ ਕਾਂਗਰਸ ਵਿਚ ਸ਼ਾਮਲ ਕਰਵਾਇਆ ਜਾ ਰਿਹਾ ਹੈ। ਕਾਂਗਰਸ ਨੇ ਇਸ ਲੜੀ ਤਹਿਤ ਅੱਜ ‘ਆਪ’ ਚੰਡੀਗੜ੍ਹ ਦੇ ਜਨਰਲ ਸਕੱਤਰ ਸਤੀਸ਼ ਮਚਲ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਹੈ। ਇਸ ਤੋਂ ਇਲਾਵਾ ‘ਆਪ’ ਦੀ ਕਾਰਜਕਾਰਨੀ ਦੇ ਮੈਂਬਰ ਅਤੇ ਵਪਾਰ ਮੰਡਲ ਮਨੀਮਾਜਰਾ ਦੇ ਪ੍ਰਧਾਨ ਮਲਕੀਤ ਸਿੰਘ ਨੇ ਵੀ ਅੱਜ ਕਾਂਗਰਸ ਦਾ ਪੱਲਾ ਫੜ੍ਹ ਲਿਆ ਹੈ। ਮਲਕੀਤ ਸਿੰਘ ਨੇ ਪਿੱਛਲੀ ਵਾਰ ਆਜ਼ਾਦ ਤੌਰ ’ਤੇ ਕੌਸਲਰ ਦੀ ਚੋਣ ਲੜ ਕੇ 2000 ਦੇ ਕਰੀਬ ਵੋਟਾਂ ਹਾਸਲ ਕੀਤੀਆਂ ਸਨ। ਇਸ ਤੋਂ ਇਲਾਵਾ ਪਿੱਛਲੀਆਂ ਚੋਣਾਂ ਵਿਚ ਬਤੌਰ ਆਜ਼ਾਦ ਉਮੀਦਵਾਰ ਚੋਣ ਲੜਣ ਵਾਲੇ ਮਨੀਮਾਜਰਾ ਦੇ ਵਸਨੀਕ ਨਰਿੰਦਰ ਕੁਮਾਰ ਵੀ ਅੱਜ ਕਾਂਗਰਸ ਵਿਚ ਸ਼ਾਮਲ ਹੋ ਗਏ। ਇਥੇ ਸੈਕਟਰ-35 ਸਥਿਤ ਚੰਡੀਗੜ੍ਹ ਕਾਂਗਰਸ ਭਵਨ ਵਿਚ ਹੋਏ ਸਮਾਗਮ ਦੌਰਾਨ ਸ੍ਰੀ ਬਾਂਸਲ ਅਤੇ ਸ੍ਰੀ ਛਾਬੜਾ ਨੇ ਇਨ੍ਹਾਂ ਆਗੂਆਂ ਨੂੰ ਸਮਰਥਕਾਂ ਸਮੇਤ ਕਾਂਗਰਸ ਵਿਚ ਸ਼ਾਮਲ ਕੀਤਾ। ਇਨ੍ਹਾਂ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਕਰਵਾਉਣ ਵਿਚ ਸਾਬਕਾ ਮੇਅਰ ਹਰਫੂਲ ਚੰਦਰ ਕਲਿਆਣ ਦੀ ਅਹਿਮ ਭੂਮਿਕਾ ਹੈ।

Previous articleहिंदुत्व और सेक्युलर राजनीती के बीच पिसते मुसलमान – विद्या भूषण रावत
Next articleਸਾਬਕਾ ਬਰਤਾਨਵੀ ਪ੍ਰਧਾਨ ਮੰਤਰੀ ਨਾਲ ਵੀ ਸਬੰਧਤ ਹੈ ਵਾਇਨਾਡ