ਭਾਰਤੀ ਟੀਮ ਪ੍ਰਬੰਧਕਾਂ ਦਾ ਇਰਾਦਾ ਵਿਸ਼ਵ ਕੱਪ ਲਈ ਮਹਿੰਦਰ ਸਿੰਘ ਧੋਨੀ ਨੂੰ ਸ਼ਾਇਦ ਪੰਜਵੇਂ ਨੰਬਰ ’ਤੇ ਉਤਾਰਨ ਦਾ ਹੋਵੇ, ਪਰ ਚੇਨੱਈ ਸੁਪਰ ਕਿੰਗਜ਼ ਦੇ ਕੋਚ ਸਟੀਫਨ ਫਲੈਮਿੰਗ ਨੇ ਕਿਹਾ ਕਿ ਉਹ ਆਈਪੀਐਲ ਵਿੱਚ ਚੌਥੇ ਨੰਬਰ ’ਤੇ ਬੱਲੇਬਾਜ਼ੀ ਕਰੇਗਾ। ਧੋਨੀ ਦਸਵੇਂ ਸਾਲ ਚੇਨੱਈ ਦੀ ਅਗਵਾਈ ਕਰ ਰਿਹਾ ਹੈ, ਜੋ ਬੀਤੇ ਸਾਲ ਚੈਂਪੀਅਨ ਵੀ ਰਹੀ ਸੀ। ਫਲੈਮਿੰਗ ਨੇ ਚੇਨੱਈ ਸੁਪਰ ਕਿੰਗਜ਼ ਦੀ ਪ੍ਰੈੱਸ ਕਾਨਫਰੰਸ ਵਿੱਚ ਕਿਹਾ, ‘‘ਧੋਨੀ ਨੇ ਪਿਛਲੇ ਸਾਲ ਚੌਥੇ ਨੰਬਰ ’ਤੇ ਬੱਲੇਬਾਜ਼ੀ ਕੀਤੀ ਸੀ, ਪਰ ਅਸੀਂ ਲਚਕਤਾ ਬਣਾਈ ਰੱਖਾਂਗੇ।’’ ਉਸ ਨੇ ਕਿਹਾ, ‘‘ਧੋਨੀ ਬੀਤੇ ਦਸ ਮਹੀਨਿਆਂ ਤੋਂ ਬਿਹਤਰੀਨ ਲੈਅ ਵਿੱਚ ਹੈ। ਸਾਡੇ ਕੋਲ ਕੇਦਾਰ ਜਾਧਵ ਵਜੋਂ ਵੀ ਸ਼ਾਨਦਾਰ ਬੱਲੇਬਾਜ਼ ਹੈ। ਅਸੀਂ ਆਪਣੇ ਬੱਲੇਬਾਜ਼ੀ ਕ੍ਰਮ ਤੋਂ ਖ਼ੁਸ਼ ਹਾਂ।’’ ਕੇਦਾਰ ਨੇ ਪਿਛਲੇ ਸੈਸ਼ਨ ਦਾ ਪਹਿਲਾ ਮੈਚ ਖਿੱਚ ਲਿਆ ਸੀ, ਪਰ ਫਿਰ ਮਾਸਪੇਸ਼ੀਆ ਦੀ ਸੱਟ ਕਾਰਨ ਛੇ ਮਹੀਨੇ ਨਹੀਂ ਖੇਡ ਸਕਿਆ। ਚੇਨੱਈ ਟੀਮ ਦੇ ਜ਼ਿਆਦਾਤਰ ਖਿਡਾਰੀਆਂ ਦੀ ਉਮਰ ਤੀਹ ਸਾਲ ਤੋਂ ਵੱਧ ਹੈ, ਪਰ ਫਲੈਮਿੰਗ ਨੇ ਕਿਹਾ ਕਿ ਮਾਨਸਕਿਤਾ ਨਾਲ ਸਾਰਾ ਅਸਰ ਪੈਦਾ ਹੁੰਦਾ ਹੈ।
Sports ਚੌਥੇ ਨੰਬਰ ’ਤੇ ਬੱਲੇਬਾਜ਼ੀ ਕਰੇਗਾ ਧੋਨੀ: ਫਲੈਮਿੰਗ