ਚੋਣ ਕਮਿਸ਼ਨ ਵੱਲੋਂ ਅਨੁਰਾਗ ਤੇ ਪਰਵੇਸ਼ ਨੂੰ ਸਟਾਰ ਪ੍ਰਚਾਰਕਾਂ ਵਜੋਂ ਹਟਾਉਣ ਦੇ ਹੁਕਮ

ਚੋਣ ਕਮਿਸ਼ਨ ਨੇ ਅੱਜ ਭਾਜਪਾ ਆਗੂ ਅਨੁਰਾਗ ਠਾਕੁਰ ਅਤੇ ਪਰਵੇਸ਼ ਵਰਮਾ ਨੂੰ ਉਨ੍ਹਾਂ ਦੀਆਂ ਵਿਵਾਦਤ ਟਿੱਪਣੀਆਂ ਕਰ ਕੇ ਦਿੱਲੀ ਚੋਣਾਂ ਲਈ ਬਣਾਈ ਗਈ ਪਾਰਟੀ ਦੀ ਸਟਾਰ ਪ੍ਰਚਾਰਕਾਂ ਵਾਲੀ ਸੂਚੀ ’ਚੋਂ ਹਟਾਉਣ ਦੇ ਹੁਕਮ ਦਿੱਤੇ ਹਨ। ਇਨ੍ਹਾਂ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਚੋਣ ਰੈਲੀਆਂ ’ਚ ਪ੍ਰਚਾਰ ਦੌਰਾਨ ਇਤਰਾਜ਼ਯੋਗ ਟਿੱਪਣੀਆਂ ਕਰਨ ਵਾਲੇ ਦੋਵੇਂ ਆਗੂਆਂ ਨੂੰ ਭਾਜਪਾ ਦੀ ਸਟਾਰ ਪ੍ਰਚਾਰਕਾਂ ਵਾਲੀ ਸੂਚੀ ’ਚੋਂ ਹਟਾਇਆ ਜਾਵੇ। ਦੋਵੇਂ ਆਗੂ ਹੁਣੇ ਵੀ ਭਾਜਪਾ ਲਈ ਪ੍ਰਚਾਰ ਕਰ ਸਕਦੇ ਹਨ ਪਰ ਉਨ੍ਹਾਂ ਨੂੰ ਪ੍ਰਚਾਰ ਖਰਚੇ ਝੱਲਣੇ ਪੈਣਗੇ। ਇਹ ਜਾਣਕਾਰੀ ਅੱਜ ਚੋਣ ਕਮਿਸ਼ਨ ਵੱਲੋਂ ਜਾਰੀ ਇਕ ਪ੍ਰੈੱਸ ਨੋਟ ਵਿੱਚ ਦਿੱਤੀ ਗਈ।
ਇਸੇ ਦੌਰਾਨ ਮੰਤਰੀ-ਮੰਡਲ ਦੀ ਮੀਟਿੰਗ ਸਬੰਧੀ ਪ੍ਰੈੱਸ ਕਾਨਫ਼ਰੰਸ ਦੌਰਾਨ ਇਕ ਸਵਾਲ ਦੇ ਜਵਾਬ ’ਚ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ, ‘‘ਮੈਨੂੰ ਹੁਣੇ ਜਾਣਕਾਰੀ ਮਿਲੀ ਹੈ ਕਿ ਚੋਣ ਕਮਿਸ਼ਨ ਨੇ ਕੁਝ ਹਦਾਇਤਾਂ ਜਾਰੀ ਕੀਤੀਆਂ ਹਨ। ਅਸੀਂ ਉਨ੍ਹਾਂ ਦੀ ਸਮੀਖਿਆ ਕਰਾਂਗੇ ਅਤੇ ਜੇਕਰ ਲੋੜ ਹੋਈ ਤਾਂ ਇਕ ਪੱਤਰ ਤੇ ਅਰਜ਼ੀ ਦੇਵਾਂਗੇ।’’ ਉਨ੍ਹਾਂ ਕਿਹਾ ਕਿ ਜੇਕਰ ਕੁਝ ਗਲਤ ਹੋਇਆ ਹੈ ਤਾਂ ਭਾਜਪਾ ਇਸ ਦਾ ਨੋਟਿਸ ਲਵੇਗੀ।

ਉੱਧਰ, ਦਿੱਲੀ ਵਿੱਚ ਸ਼ਾਹੀਨ ਬਾਗ਼ ਦੇ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਪ੍ਰਦਰਸ਼ਨ ਬਾਰੇ ਕੀਤੀ ਗਈ ਵਿਵਾਦਤ ਟਿੱਪਣੀ ਲਈ ਚੋਣ ਕਮਿਸ਼ਨ ਨੇ ਭਾਜਪਾ ਸੰਸਦ ਮੈਂਬਰ ਪਰਵੇਸ਼ ਵਰਮਾ ਨੂੰ ਨੋਟਿਸ ਜਾਰੀ ਕੀਤਾ ਹੈ। ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਪਹਿਲੀ ਨਜ਼ਰੇ ਭਾਜਪਾ ਆਗੂ ਦਾ ਬਿਆਨ ਸ਼ਾਂਤੀ ਭੰਗ ਕਰਨ ਵਾਲਾ ਸੀ। ਚੋਣ ਕਮਿਸ਼ਨ ਨੇ ਸੰਸਦ ਮੈਂਬਰ ਨੂੰ ਵੀਰਵਾਰ ਨੂੰ ਦੁਪਹਿਰ ਤੋਂ ਪਹਿਲਾਂ ਨੋਟਿਸ ਦਾ ਜਵਾਬ ਦੇਣ ਲਈ ਕਿਹਾ ਹੈ। ਜੇਕਰ ਉਹ ਜਵਾਬ ਨਹੀਂ ਦਿੰਦੇ ਤਾਂ ਚੋਣ ਕਮਿਸ਼ਨ ਬਿਨਾਂ ਕਿਸੇ ਸੂਚਨਾ ਤੋਂ ਕੋਈ ਵੀ ਫ਼ੈਸਲਾ ਲੈ ਸਕਦਾ ਹੈ। ਇਸੇ ਦੌਰਾਨ ਭਾਜਪਾ ਸੰਸਦ ਮੈਂਬਰ ਪਰਵੇਸ਼ ਵਰਮਾ ਨੇ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਫੋਨ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਸਵੇਰੇ 8.11 ਵਜੇ ਆਈ ਫੋਨ ਕਾਲ ਦਾ ਸਕਰੀਨ ਸ਼ਾਟ ਵੀ ਟਵਿੱਟਰ ’ਤੇ ਪਾਇਆ ਹੈ। ਇਕ ਪੁਲੀਸ ਅਧਿਕਾਰੀ ਨੇ ਇਸ ਸਬੰਧੀ ਸ਼ਿਕਾਇਤ ਮਿਲਣ ਦੀ ਪੁਸ਼ਟੀ ਕੀਤੀ ਹੈ।

Previous articleਅਕਾਲੀਆਂ ਨੇ ਭਾਜਪਾ ਨੂੰ ਦਿੱਲੀ ਚੋਣਾਂ ’ਚ ਸਮਰਥਨ ਦਾ ਅੱਕ ਚੱਬਿਆ
Next articleਐੱਮਐੱਸਪੀ ਕਿਸਾਨਾਂ ਦੀ ਬੁਨਿਆਦੀ ਜ਼ਰੂਰਤ