ਅਕਾਲੀਆਂ ਨੇ ਭਾਜਪਾ ਨੂੰ ਦਿੱਲੀ ਚੋਣਾਂ ’ਚ ਸਮਰਥਨ ਦਾ ਅੱਕ ਚੱਬਿਆ

ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਗਿਲੇ-ਸ਼ਿਕਵੇ ਦੂਰ ਕਰਨ ਲਈ ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ ਨੇ ਅੱਜ ਸੁਖਬੀਰ ਸਿੰਘ ਬਾਦਲ ਦੀ ਸਰਕਾਰੀ ਰਿਹਾਇਸ਼ ਸਫ਼ਦਰਜੰੰਗ ਰੋਡ ’ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਭਾਜਪਾ ਦੇ ਸਭ ਤੋਂ ਪੁਰਾਣੇ ਭਾਈਵਾਲ ਨੂੰ ਮਨਾਉਣ ’ਚ ਉਹ ਸਫ਼ਲ ਰਹੇ। ਅਕਾਲੀਆਂ ਨੇ ਸੋਧੇ ਹੋਏ ਨਾਗਰਿਕਤਾ ਕਾਨੂੰਨ ਬਾਰੇ ਆਪਣੇ ਸਟੈਂਡ ਦੀ ਜਾਣਕਾਰੀ ਦਿੰਦਿਆਂ ਸ੍ਰੀ ਨੱਢਾ ਕੋਲ ਖਾਸਾ ਰੋਸ ਜ਼ਾਹਰ ਕੀਤਾ ਪਰ ਪੰਜਾਬ ਵਿੱਚ ਗੱਠਜੋੜ ਬਚਾਈ ਰੱਖਣ ਲਈ ਉਨ੍ਹਾਂ ਨੂੰ ਦਿੱਲੀ ਵਿੱਚ ਭਾਜਪਾ ਨੂੰ ਸਮਥਰਨ ਦੇਣ ਦਾ ਅੱਕ ਚੱਬਣਾ ਪਿਆ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਸਰਕਾਰੀ ਕੋਠੀ ’ਚ ਦਿੱਲੀ ਕਮੇਟੀ ਦੇ ਮੁੱਖ ਅਹੁਦੇਦਾਰਾਂ ਸਮੇਤ 30 ਦੇ ਕਰੀਬ ਮੈਂਬਰਾਂ ਦੀ ਹਾਜ਼ਰੀ ’ਚ ਸ੍ਰੀ ਨੱਢਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਮਜ਼ਬੂਤ ਤੇ ਪੁਰਾਣਾ ਗੱਠਜੋੜ ਹੈ ਤੇ ਅਕਾਲੀ ਹਮੇਸ਼ਾ ਵਡੇਰੇ ਹਿੱਤਾਂ ਲਈ ਅੱਗੇ ਆਏ ਹਨ ਜਿਸ ਕਰ ਕੇ ਇਹ ਗੱਠਜੋੜ ਕਾਇਮ ਰਹੇਗਾ। ਉਨ੍ਹਾਂ ਕਿਹਾ ਕਿ ਨਵੰਬਰ 1984 ਦੇ ਸਿੱਖ ਕਤਲੇਆਮ ਸਮੇਤ ਹੋਰ ਕੌਮੀ ਮੁੱਦਿਆਂ ’ਤੇ ਭਾਵਨਾਤਮਕ ਸਾਂਝ ਹੈ। ਪੱਤਰਕਾਰਾਂ ਨਾਲ ਗੱਲ ਕਰਨ ਤੋਂ ਪਹਿਲਾਂ ਉਨ੍ਹਾਂ ਸੁਖਬੀਰ ਬਾਦਲ, ਅਕਾਲੀ ਦਲ ਦੇ ਦਿੱਲੀ ਮਾਮਲਿਆਂ ਦੇ ਇੰਚਾਰਜ ਬਲਵਿੰਦਰ ਸਿੰਘ ਭੂੰਦੜ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਅਵਤਾਰ ਸਿੰਘ ਹਿੱਤ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਨਰੇਸ਼ ਗੁਜਰਾਲ ਨਾਲ ਲੰਬੀ ਗੱਲਬਾਤ ਕਰਕੇ ਦੋਵੇਂ ਧਿਰਾਂ ਦਰਮਿਆਨ ਪਏ ਰੱਫੜ ਬਾਰੇ ਚਰਚਾ ਕੀਤੀ। ਫਿਰ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਸੁਖਬੀਰ ਬਾਦਲ ਨੇ ਦਿੱਲੀ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਵੱਲੋਂ ਭਾਜਪਾ ਦੇ ਉਮੀਦਵਾਰਾਂ ਦਾ ਸਮਰਥਨ ਕਰਨ ਦਾ ਐਲਾਨ ਕੀਤਾ। ਸ੍ਰੀ ਨੱਢਾ ਅਤੇ ਸ੍ਰੀ ਬਾਦਲ ਨੇ ਕਿਹਾ ਕਿ ਦੋਵੇਂ ਪਾਸਿਉਂ ਗ਼ਲਤਫਹਿਮੀਆਂ ਨੂੰ ਦੂਰ ਕਰ ਲਿਆ ਗਿਆ ਹੈ। ਸ੍ਰੀ ਬਾਦਲ ਨੇ ਕਿਹਾ ਕਿ ਇਹ ਗੱਠਜੋੜ ਕੌਮੀ ਹਿੱਤਾਂ, ਪੰਜਾਬ ਤੇ ਇਸ ਦੇ ਲੋਕਾਂ ਸਮੇਤ ਦੇਸ਼ ਭਰ ਦੇ ਸਿੱਖਾਂ ਲਈ ਹੈ। ਸੂਤਰਾਂ ਮੁਤਾਬਕ ਅਕਾਲੀਆਂ ਨੇ ਨਾਗਰਿਕਤਾ ਸੋਧ ਕਾਨੂੰਨ ਬਾਰੇ ਭਾਜਪਾ ਪ੍ਰਧਾਨ ਕੋਲ ਰੋਸ ਜ਼ਾਹਰ ਕੀਤਾ। ਉਂਜ ਮੁਸਲਮਾਨਾਂ ਨੂੰ ਕਾਨੂੰਨ ’ਚ ਸ਼ਾਮਲ ਕਰਨ ਦੀ ਮੰਗ ਬਾਰੇ ਕਿਸੇ ਵੀ ਆਗੂ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਕਿਹਾ ਕਿ ਕੌਮੀ ਮਸਲੇ ਐੱਨਡੀਏ ਦੇ ਮੰਚ ਉਪਰ ਉਠਾਏ ਜਾਂਦੇ ਰਹਿਣਗੇ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਬਾਰੇ ਅਕਾਲੀ ਦਲ ਦਾ ਸਟੈਂਡ ਸਪੱਸ਼ਟ ਹੈ ਅਤੇ ਉਸ ’ਚ ਕੋਈ ਤਬਦੀਲੀ ਨਹੀਂ ਹੋਈ ਹੈ। ਉਹ ਘੱਟ ਗਿਣਤੀਆਂ ਅਤੇ ਉਨ੍ਹਾਂ ਦੇ ਅਧਿਕਾਰਾਂ ਬਾਰੇ ਦ੍ਰਿੜ੍ਹ ਹਨ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕਾਂਗਰਸ ਜਾਂ ‘ਆਪ’ ਨੂੰ ਸਮਰਥਨ ਨਹੀਂ ਦਿੱਤਾ ਜਾ ਸਕਦਾ ਹੈ ਜਿਸ ਕਰਕੇ ਅਕਾਲੀਆਂ ਨੇ ਭਾਜਪਾ ਨੂੰ ਸਮਰਥਨ ਦਿੱਤਾ ਹੈ।

Previous articleWhen Taapsee Pannu twisted molester’s finger
Next articleਚੋਣ ਕਮਿਸ਼ਨ ਵੱਲੋਂ ਅਨੁਰਾਗ ਤੇ ਪਰਵੇਸ਼ ਨੂੰ ਸਟਾਰ ਪ੍ਰਚਾਰਕਾਂ ਵਜੋਂ ਹਟਾਉਣ ਦੇ ਹੁਕਮ