ਅਮਰੀਕਾ ਵਿੱਚ ਡੈਮੋਕਰੈਟਸ ਦੇ ਕੰਟਰੋਲ ਵਾਲੀ ਪ੍ਰਤੀਨਿਧ ਸਭਾ ਦੀ ਚੌਕਸੀ ਕਮੇਟੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਖਿਲਾਫ਼ ਮਹਾਦੋਸ਼ ਦੀ ਸੁਣਵਾਈ ’ਤੇ ਅਧਾਰਿਤ ਆਪਣੀ ਇਕ ਰਿਪੋਰਟ ਵਿੱਚ ਅਮਰੀਕੀ ਸਦਰ ’ਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਹੈ। ਕਮੇਟੀ ਨੇ ਕਿਹਾ ਕਿ ਟਰੰਪ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਲਾਹਾ ਲੈਣ ਲਈ ਨਾ ਸਿਰਫ਼ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਬਲਕਿ ਮੁਲਕ ਦੀ ਕੌਮੀ ਸੁਰੱਖਿਆ ਨੂੰ ਵੀ ਖ਼ਤਰੇ ਵਿੱਚ ਪਾਇਆ। ਕਮੇਟੀ ਮੁਤਾਬਕ ਅਮਰੀਕੀ ਸਦਰ ਨੇ ਕੌਮੀ ਹਿੱਤਾਂ ਦੀ ਥਾਂ ਨਿੱਜੀ ਸਿਆਸੀ ਹਿੱਤਾਂ ਨੂੰ ਤਰਜੀਹ ਦਿੱਤੀ। ਸਦਨ ਦੀਆਂ ਤਿੰਨ ਕਮੇਟੀਆਂ ਦੇ ਮੁਖੀਆਂ ਨੇ ਮੰਗਲਵਾਰ ਨੂੰ ਰਿਪੋਰਟ ਜਾਰੀ ਕਰਦਿਆਂ ਕਿਹਾ, ‘ਤੱਥਾਂ/ਸਬੂਤਾਂ ਤੋਂ ਸਾਫ਼ ਹੈ ਕਿ ਰਾਸ਼ਟਰਪਤੀ ਟਰੰਪ ਨੇ ਅਗਾਮੀ ਚੋਣਾਂ ਵਿੱਚ ਆਪਣੇ ਸਿਆਸੀ ਵਿਰੋਧੀ ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਖ਼ਿਲਾਫ਼ ਜਾਂਚ ਸ਼ੁਰੂ ਕਰਵਾਉਣ ਦੇ ਇਰਾਦੇ ਨਾਲ ਯੂਕਰੇਨ ’ਤੇ ਦਬਾਅ ਪਾਉਣ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਤੇ ਗਲ਼ਤ ਬਿਆਨਬਾਜ਼ੀ ਕੀਤੀ ਕਿ 2016 ਦੀ ਚੋਣ ਮੌਕੇ ਰੂਸ ਨੇ ਨਹੀਂ ਬਲਕਿ ਯੂਕਰੇਨ ਨੇ ਨਾਜਾਇਜ਼ ਦਖ਼ਲ ਦਿੱਤਾ ਸੀ।’ ਉਧਰ ਵ੍ਹਾਈਟ ਹਾਊਸ ਨੇ ਇਸ ਰਿਪੋਰਟ ਨੂੰ ਸਿਰੇ ਤੋਂ ਖਾਰਜ ਕਰਦਿਆਂ ਡੈਮੋਕਰੈਟਸ ਦੀ ਨੁਕਤਾਚੀਨੀ ਕੀਤੀ ਹੈ। ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਸਟੈਫਨੀ ਗ੍ਰਿਸ਼ਮ ਨੇ ਕਿਹਾ, ‘ਇਕਤਰਫ਼ਾ ਤੇ ਵਿਖਾਵੇ ਵਾਲੇ ਅਮਲ ਦੌਰਾਨ ਖੁਫ਼ੀਆ ਕਮੇਟੀ ਦੇ ਮੁਖੀ ਐਡਮ ਸ਼ਿਫ਼ ਤੇ ਡੈਮੋਕਰੈਟਸ, ਅਮਰੀਕੀ ਸਦਰ ਟਰੰਪ ਵੱਲੋਂ ਕੁਝ ਗ਼ਲਤ ਕੀਤੇ ਜਾਣ ਬਾਬਤ ਕੋਈ ਸਬੂਤ ਪੇਸ਼ ਕਰਨ ਵਿੱਚ ਨਾਕਾਮ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਰਿਪੋਰਟ ਉਨ੍ਹਾਂ ਦੀ ਨਾਕਾਮੀ ਤੋਂ ਇਲਾਵਾ ਕੁਝ ਨਹੀਂ ਦਰਸਾਉਂਦੀ।
HOME ‘ਚੋਣਾਂ ’ਚ ਲਾਹੇ ਲਈ ਰਾਸ਼ਟਰਪਤੀ ਟਰੰਪ ਨੇ ਸੱਤਾ ਦੀ ਦੁਰਵਰਤੋਂ ਕੀਤੀ’