ਅੱਜ ਇੱਥ ਐੱਮ ਚਿੱਨਾਸਵਾਮੀ ਸਟੇਡੀਅਮ, ਬੱਗਲੌਰ ’ਚ ਆਈਪੀਐਲ ਦੇ 39ਵੇਂ ਮੈਚ ਵਿਚ ਰੌਇਲ ਚੈਲੇਂਜ਼ਰ ਬੰਗਲੌਰ ਨੇ ਚੇਨਈ ਸੁਪਰਕਿੰਗਜ਼ ਨੂੰ ਰੋਮਾਂਚਕ ਮੁਕਾਬਲੇ ਵਿੱਚ ਇੱਕ ਦੌੜ ਨਾਲ ਹਰਾ ਦਿੱਤਾ। ਪਹਿਲਾਂ ਬਲੇਬਾਜ਼ੀ ਕਰਦਿਆਂ ਬੰਗਲੌਰ ਨੇ ਚੇਨਈ ਨੂੰ 162 ਦੌੜਾਂ ਦਾ ਟੀਚਾ ਦਿੱਤਾ, ਜਿਸ ਦਾ ਪਿੱਛਾ ਕਰਦਿਆਂ ਚੇਨਈ ਸੁਪਰਕਿੰਗਜ਼ ਦੀ ਟੀਮ ਕਪਤਾਨ ਧੋਨੀ ਦੀ 84 ਦੌੜਾਂ ਦੀ ਬਦੌਲਤ 20 ਓਵਰਾਂ ਵਿੱਚ 160 ਦੌੜਾਂ ਹੀ ਬਣਾ ਸਕੀ। ਧੋਨੀ ਨੇ 48 ਗੇਂਦਾਂ ’ਤੇ 84 ਦੌੜਾਂ ਬਣਾਈਆਂ, ਿਜਸ ਵਿੱਚ ਪੰਜ ਚੌਕੇ ਅਤੇ ਸੱਤ ਛੱਕੇ ਸ਼ਾਮਲ ਸਨ। ਧੋਨੀ ਤੋਂ ਇਲਾਵਾ ਅੰਬਾਤੀ ਰਾਇਡੁੂ ਨੇ 29 ਦੌੜਾਂ ਬਣਾਈਆਂ। ਆਰਸੀਬੀ ਵੱਲੋਂ ਡੇਲ ਸਟੇਨ ਅਤੇ ਓਮੇਸ਼ ਯਾਦਵ ਨੇ ਦੋ ਦੋ ਵਿਕਟਾਂ ਲਈਆਂ। ਆਖਿਰੀ ਓਵਰ ਵਿੱਚ ਚੇਨਈ ਦੀ ਟੀਮ ਨੂੰ 26 ਦੌੜਾਂ ਦੀ ਲੋੜ ਸੀ ਪਰ ਧੋਨੀ 24 ਦੌੜਾਂ ਹੀ ਬਣਾ ਸਕਿਆ। ਇਸ ਤੋਂ ਪਹਿਲਾਂ ਪਾਰਥਿਵ ਪਟੇਲ ਦੇ ਨੀਮ ਸੈਂਕੜੇ ਅਤੇ ਮੋਈਨ ਅਲੀ ਦੇ ਆਖ਼ਰੀ ਪਲਾਂ ਦੀ ਤੇਜ਼ਤਰਾਰ ਪਾਰੀ ਦੀ ਮਦਦ ਨਾਲ ਰੌਇਲ ਚੈਲੰਜਰਜ਼ ਬੰਗਲੌਰ ਨੇ ਸੱਤ ਵਿਕਟਾਂ ’ਤੇ 161 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਪਾਰਥਿਵ ਪਟੇਲ ਨੇ 16ਵੇਂ ਓਵਰ ਵਿੱਚ ਆਊਟ ਹੋਣ ਤੋਂ ਪਹਿਲਾਂ 37 ਗੇਂਦਾਂ ’ਤੇ 53 ਦੌੜਾਂ ਬਣਾਈਆਂ। ਇਸ ਵਿਕਟਕੀਪਰ ਬੱਲੇਬਾਜ਼ ਨੇ ਏਬੀ ਡਿਵਿਲੀਅਰਜ਼ (19 ਗੇਂਦਾਂ ’ਤੇ 25 ਦੌੜਾਂ) ਨਾਲ 47 ਦੌੜਾਂ ਅਤੇ ਅਕਸ਼ਦੀਪ ਨਾਥ (20 ਗੇਂਦਾਂ ’ਤੇ 24 ਦੌੜਾਂ) ਨਾਲ 41 ਦੌੜਾਂ ਦੀ ਭਾਈਵਾਲੀ ਕੀਤੀ। ਪਿਛਲੇ ਮੈਚਾਂ ਵਿੱਚ ਚੰਗੇ ਪ੍ਰਦਰਸ਼ਨ ਦੇ ਬਾਵਜੂਦ ਛੇਵੇਂ ਨੰਬਰ ’ਤੇ ਉਤਾਰੇ ਗਏ ਮੋਈਨ ਅਲੀ ਨੇ 16 ਗੇਂਦਾਂ ’ਤੇ 26 ਦੌੜਾਂ ਦਾ ਯੋਗਦਾਨ ਪਾਇਆ। ਚੇਨੱਈ ਵੱਲੋਂ ਦੀਪਕ ਚਾਹੜ (25 ਦੌੜਾਂ ਦੇ ਕੇ ਦੋ), ਰਵਿੰਦਰ ਜਡੇਜਾ (29 ਦੌੜਾਂ ਦੇ ਕੇ ਦੋ) ਅਤੇ ਡਵੈਨ ਬਰਾਵੋ (34 ਦੌੜਾਂ ਦੇ ਕੇ ਦੋ) ਨੇ ਦੋ-ਦੋ ਵਿਕਟਾਂ ਲਈਆਂ। ਵਿਰਾਟ ਕੋਹਲੀ ਲਈ ਦਿਨ ਵਧੀਆ ਨਹੀਂ ਰਿਹਾ। ਪਹਿਲਾਂ ਉਹ ਟਾਸ ਗੁਆ ਬੈਠਾ ਅਤੇ ਬਾਅਦ ਵਿੱਚ ਸਿਰਫ਼ ਨੌਂ ਦੌੜਾਂ ਹੀ ਬਣਾ ਸਕਿਆ। ਦੀਪਕ ਚਾਹੜ ਦੀ ਗੇਂਦ ’ਤੇ ਮਹਿੰਦਰ ਸਿੰਘ ਧੋਨੀ ਨੇ ਉਸ ਦਾ ਕੈਚ ਲਿਆ। ਡਿਵਿਲੀਅਰਜ਼ ਅਤੇ ਪਾਰਥਿਵ ਨੇ ਜਿਸ ਤਰ੍ਹਾਂ ਦੇ ਲੰਬੇ ਸ਼ਾਟ ਮਾਰੇ ਉਸ ਤੋਂ ਦਰਸ਼ਕ ਰੋਮਾਂਚਕ ਸਨ। ਅਖ਼ੀਰ ਡਿਵਿਲੀਅਰਜ਼ ਨੂੰ ਇਸ ਤਰ੍ਹਾਂ ਦਾ ਸ਼ਾਟ ਖੇਡਣਾ ਮਹਿੰਗਾ ਪਿਆ ਅਤੇ ਉਹ ਜਡੇਜਾ ਦੀ ਗੇਂਦ ’ਤੇ ਫਾਫ ਡੂ ਪਲੈਸਿਸ ਨੂੰ ਕੈਚ ਦੇ ਬੈਠਾ। ਇਨ੍ਹਾਂ ਦੋਵਾਂ ਨੇ ਫਿਰ ਅਕਸ਼ਦੀਪ ਨੂੰ ਬਾਹਰ ਦਾ ਰਸਤਾ ਵਿਖਾਇਆ। ਪਾਰਥਿਵ ਨੀਮ ਸੈਂਕੜਾ ਬਣਾਉਣ ਤੋਂ ਤੁਰੰਤ ਮਗਰੋਂ ਬਰਾਵੋ ਦਾ ਸ਼ਿਕਾਰ ਬਣਿਆ। ਇਸ ਮਗਰੋਂ ਮੋਈਨ ਨੇ ਕਮਾਨ ਸੰਭਾਲੀ ਅਤੇ ਪਾਰੀ ਦੌਰਾਨ ਪੰਜ ਚੌਕੇ ਮਾਰੇ। ਇਸ ਦੌਰਾਨ ਡੂ ਪਲੈਸਿਸ ਨੇ ਮਾਰਕਸ ਸਟੋਈਨਿਸ (14 ਦੌੜਾਂ) ਦੇ ਛੇ ਦੌੜਾਂ ਲਈ ਜਾ ਰਹੇ ਸ਼ਾਟ ਨੂੰ ਕੈਚ ਕਰਕੇ ਆਪਣੀ ਸ਼ਾਨਦਾਰ ਫੀਲਡਿੰਗ ਦਾ ਨਮੂਨਾ ਪੇਸ਼ ਕੀਤਾ।
Sports ਚੇਨੱਈ ਖ਼ਿਲਾਫ਼ ਬੰਗਲੌਰ ਦੀ ਰੋਮਾਂਚਕ ਜਿੱਤ