ਵਾਰਨਰ-ਬੇਅਰਸਟੋ ਦੀ ਜੋੜੀ ਨੇ ਚਾੜ੍ਹਿਆ ਹੈਦਰਾਬਾਦ ਦਾ ਸੂਰਜ

ਕਪਤਾਨ ਡੇਵਿਡ ਵਾਰਨਰ ਅਤੇ ਜੌਹਨੀ ਬੇਅਰਸਟੋ ਦੇ ਤੂਫ਼ਾਨੀ ਅਰਧ ਸੈਂਕੜਿਆਂ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੇ ਅੱਜ ਇੱਥੇ ਆਈਪੀਐਲ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ’ਤੇ ਪੰਜ ਓਵਰਾਂ ਬਾਕੀ ਰਹਿੰਦਿਆਂ ਨੌਂ ਵਿਕਟਾਂ ਨਾਲ ਇਕਪਾਸੜ ਜਿੱਤ ਦਰਜ ਕੀਤੀ। ਕੋਲਕਾਤਾ ਦੀ ਇਹ ਲਗਾਤਾਰ ਪੰਜਵੀਂ ਅਤੇ ਕੁੱਲ ਛੇਵੀਂ ਹਾਰ ਹੈ। ਉਸ ਦੇ ਦਸ ਮੈਚਾਂ ਵਿੱਚ ਅੱਠ ਅੰਕ ਹਨ ਅਤੇ ਪਲੇਅ-ਆਫ ਵਿੱਚ ਪਹੁੰਚਣ ਲਈ ਉਸ ਨੂੰ ਹੁਣ ਵੀ ਚਾਰ ਮੈਚ ਜਿੱਤਣੇ ਹੋਣਗੇ। ਹੈਦਰਾਬਾਦ ਨੌਂ ਮੈਚਾਂ ਵਿੱਚ ਪੰਜਵੀਂ ਜਿੱਤ ਨਾਲ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ। ਪਿੱਚ ਬੱਲੇਬਾਜ਼ਾਂ ਦੇ ਅਨੁਕੂਲ ਸੀ ਅਤੇ ਅਜਿਹੇ ਵਿੱਚ ਹੈਦਰਾਬਾਦ ਸਾਹਮਣੇ 160 ਦੌੜਾਂ ਦਾ ਸੌਖਾ ਟੀਚਾ ਸੀ। ਬੇਅਰਸਟੋ ਨੇ 43 ਗੇਂਦਾਂ ’ਤੇ ਨਾਬਾਦ 80 ਦੌੜਾਂ ਬਣਾਈਆਂ, ਜਿਸ ਵਿੱਚ ਸੱਤ ਚੌਕੇ ਅਤੇ ਚਾਰ ਛੱਕੇ ਸ਼ਾਮਲ ਹਨ। ਵਾਰਨਰ ਨੇ 38 ਗੇਂਦਾਂ ’ਤੇ ਤਿੰਨ ਚੌਕਿਆਂ ਅਤੇ ਪੰਜ ਛੱਕਿਆਂ ਦੀ ਮਦਦ ਨਾਲ 67 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਨੇ ਪਹਿਲੀ ਵਿਕਟ ਲਈ 12.2 ਓਵਰਾਂ ਵਿੱਚ 131 ਦੌੜਾਂ ਜੋੜ ਕੇ ਜਿੱਤ ਨੂੰ ਰਸਮੀ ਬਣਾ ਦਿੱਤਾ। ਹੈਦਰਾਬਾਦ ਨੇ 15 ਓਵਰਾਂ ਵਿੱਚ ਇੱਕ ਵਿਕਟ ਗੁਆ ਕੇ ਟੀਚਾ ਹਾਸਲ ਕਰ ਲਿਆ। ਕੇਕੇਆਰ ਦੀ ਟੀਮ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਅੱਠ ਵਿਕਟਾਂ ’ਤੇ 159 ਦੌੜਾਂ ਹੀ ਬਣਾ ਸਕੀ। ਉਸ ਵੱਲੋਂ ਕ੍ਰਿਸ ਲਿਨ (47 ਗੇਂਦਾਂ ’ਤੇ 51 ਦੌੜਾਂ) ਨੇ ਨੀਮ ਸੈਂਕੜਾ ਮਾਰਿਆ, ਜਦਕਿ ਰਿੰਕੂ ਸਿੰਘ ਨੇ 25 ਗੇਂਦਾਂ ’ਤੇ 30 ਦੌੜਾਂ, ਸੁਨੀਲ ਨਾਰਾਇਣ ਨੇ ਸੱਤ ਗੇਂਦਾਂ ’ਤੇ 25 ਦੌੜਾਂ ਦਾ ਹਿੱਸਾ ਪਾਇਆ। ਹੈਦਰਾਬਾਦ ਦੀ ਜਿੱਤ ਵਿੱਚ ਉਸ ਦੇ ਗੇਂਦਬਾਜ਼ਾਂ ਦੀ ਭੂਮਿਕਾ ਅਹਿਮ ਰਹੀ। ਉਸ ਨੇ ਕੇਕੇਆਰ ਦੇ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਖੇਡਣ ਨਹੀਂ ਦਿੱਤਾ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਨੇ 33 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਭੁਵਨੇਸ਼ਵਰ ਕੁਮਾਰ ਨੇ 35 ਦੌੜਾਂ ਦੇ ਕੇ ਦੋ, ਜਦਕਿ ਰਾਸ਼ਿਦ ਖ਼ਾਨ (23 ਦੌੜਾਂ ਦੇ ਕੇ ਇੱਕ ਵਿਕਟ) ਅਤੇ ਸੰਦੀਪ ਸ਼ਰਮਾ (37 ਦੌੜਾਂ ਦੇ ਕੇ ਇੱਕ ਵਿਕਟ) ਨੇ ਇੱਕ-ਇੱਕ ਵਿਕਟ ਲਈ। ਵਾਰਨਰ ਅਤੇ ਬੇਅਰਸਟੋ ਨੇ ਮੁੜ ਤੋਂ ਹੈਦਰਾਬਾਦ ਨੂੰ ਬਿਹਤਰੀਨ ਸ਼ੁਰੂਆਤ ਦਿਵਾਈ। ਆਈਪੀਐਲ ਦੇ ਕਿਸੇ ਇੱਕ ਸੈਸ਼ਨ ਵਿੱਚ ਸਲਾਮੀ ਜੋੜੀ ਦੀਆਂ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਹੁਣ ਇਨ੍ਹਾਂ ਦੋਵਾਂ ਦੇ ਨਾਮ ਹੈ। ਇਸ ਤੋਂ ਪਹਿਲਾਂ ਇਹ ਹੈਦਰਾਬਾਦ ਦੇ ਵਾਰਨਰ ਅਤੇ ਸ਼ਿਖਰ ਧਵਨ (2016 ਦੌਰਾਨ 731 ਦੌੜਾਂ) ਦੇ ਨਾਮ ਸੀ। ਬੇਅਰਸਟੋ ਅਤੇ ਵਾਰਨਰ ਦੋਵੇਂ ਗੇਂਦਬਾਜ਼ਾਂ ’ਤੇ ਭਾਰੂ ਪੈ ਗਏ ਸਨ ਅਤੇ ਦਰਸ਼ਕਾਂ ਨੇ ਇਸ ਦਾ ਪੂਰਾ ਲੁਤਫ਼ ਉਠਾਇਆ। ਪਾਵਰ-ਪਲੇਅ ਵਿੱਚ ਹੀ 72 ਦੌੜਾਂ ਬਣ ਗਈਆਂ। ਇਨ੍ਹਾਂ ਦੋਵਾਂ ਨੇ ਦਸਵੇਂ ਓਵਰ ਵਿੱਚ ਆਪਣੇ ਨੀਮ ਸੈਂਕੜੇ ਪੂਰੇ ਕੀਤੇ। ਵਾਰਨਰ ਨੇ ਇਸ ਦੌਰਾਨ ਮੌਜੂਦਾ ਸੈਸ਼ਨ ਵਿੱਚ 500 ਦੌੜਾਂ ਪੂਰੀਆਂ ਕੀਤੀਆਂ। ਉਸ ਨੇ ਆਈਪੀਐਲ ਵਿੱਚ ਲਗਾਤਾਰ ਪੰਜਵੀਂ ਵਾਰ 500 ਤੋਂ ਵੱਧ ਦੌੜਾਂ ਬਣਾਈਆਂ। ਵਾਰਨਰ ਦੇ ਕੇਕੇਆਰ ਖ਼ਿਲਾਫ਼ ਦੌੜਾਂ ਦੀ ਗਿਣਤੀ 829 ਹੋ ਗਈ, ਜੋ ਕਿ ਆਈਪੀਐਲ ਦਾ ਰਿਕਾਰਡ ਹੈ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਪ੍ਰਿਥਵੀ ਰਾਜ ਨੇ ਵਾਰਨਰ ਵਜੋਂ ਆਪਣੇ ਆਈਪੀਐਲ ਕਰੀਅਰ ਦਾ ਪਹਿਲਾ ਵਿਕਟ ਲਿਆ, ਕੇਕੇਆਰ ਲਈ ਉਦੋਂ ਤੱਕ ਦੇਰ ਹੋ ਚੁੱਕੀ ਸੀ। ਬੇਅਰਸਟੋ ਨੇ ਚਾਵਲਾ ਦੀਆਂ ਲਗਾਤਾਰ ਗੇਂਦਾਂ ’ਤੇ ਚੌਕਾ ਅਤੇ ਦੋ ਛੱਕੇ ਮਾਰ ਕੇ ਸ਼ਾਨਦਾਰ ਢੰਗ ਨਾਲ ਟੀਮ ਨੂੰ ਟੀਚੇ ਤੱਕ ਪਹੁੰਚਾਇਆ। ਕਪਤਾਨ ਕੇਨ ਵਿਲੀਅਮਸਨ ਅੱਠ ਦੌੜਾਂ ਬਣਾ ਕੇ ਨਾਬਾਦ ਰਿਹਾ। ਇਸ ਤੋਂ ਪਹਿਲਾਂ ਖੱਬੇ ਹੱਥ ਦੇ 21 ਸਾਲ ਦੇ ਗੇਂਦਬਾਜ਼ ਖਲੀਲ ਨੇ ਆਪਣੇ ਪਹਿਲੇ ਸਪੈਲ ਵਿੱਚ ਨਾਰਾਇਣ ਨੂੰ ਆਊਟ ਕੀਤਾ, ਫਿਰ ਸ਼ੁਭਮਨ ਗਿੱਲ (ਤਿੰਨ ਦੌੜਾਂ) ਅਤੇ ਕ੍ਰਿਸ ਲਿਨ ਨੂੰ ਪੈਵਿਲੀਅਨ ਭੇਜਿਆ। ਕੇਕੇਆਰ ਨੂੰ ਲਿਨ ਅਤੇ ਨਾਰਾਇਣ ਨੇ ਤੇਜ਼ ਸ਼ੁਰੂਆਤ ਦਿਵਾਈ। ਨਾਰਾਇਣ ਨੇ ਤੀਜੇ ਓਵਰ ਵਿੱਚ ਆਊਟ ਹੋਣ ਤੱਕ ਇਨ੍ਹਾਂ ਦੋਵਾਂ ਨੇ 42 ਦੌੜਾਂ ਦੀ ਭਾਈਵਾਲੀ ਕਰ ਲਈ ਸੀ। ਇਸ ਕੈਰੇਬਿਆਈ ਖਿਡਾਰੀ ਨੇ ਆਪਣੀ ਪਾਰੀ ਵਿੱਚ ਤਿੰਨ ਚੌਕੇ ਅਤੇ ਦੋ ਛੱਕੇ ਮਾਰੇ। ਇਸ ਮਗਰੋਂ ਮੈਚ ਦਾ ਰੁਖ਼ ਹੀ ਬਦਲ ਗਿਆ। ਖਲੀਲ ਨੇ ਅਗਲੇ ਓਵਰ ਵਿੱਚ ਗਿੱਲ ਨੂੰ ਆਊਟ ਕੀਤਾ। ਨਿਤੀਸ਼ ਰਾਣਾ (11 ਦੌੜਾਂ) ਅਤੇ ਕਪਤਾਨ ਦਿਨੇਸ਼ ਕਾਰਤਿਕ (ਛੇ ਦੌੜਾਂ) ਵੀ ਛੇਤੀ ਪੈਵਿਲੀਅਨ ਪਰਤ ਗਏ। ਰਿੰਕੂ ਅਤੇ ਲਿਨ ਨੇ ਪੰਜਵੀਂ ਵਿਕਟ ਲਈ 51 ਦੌੜਾਂ ਜੋੜ ਕੇ ਹਾਲਤ ਸੰਭਾਲੀ। ਸੰਦੀਪ ਨੇ ਰਿੰਕੂ ਨੂੰ ਆਊਟ ਕਰਕੇ ਇਹ ਸਾਂਝੇਦਾਰੀ ਤੋੜੀ। ਬਿੱਗ ਹਿਟਰ ਆਂਦਰੇ ਰੱਸਲ ਨੇ ਨੌਂ ਗੇਂਦਾਂ ’ਤੇ 15 ਦੌੜਾਂ ਬਣਾਈਆਂ। ਉਸ ਨੇ ਭੁਵਨੇਸ਼ਵਰ ਨੂੰ ਦੋ ਛੱਕੇ ਮਾਰੇ। ਇਸ ਗੇਂਦਬਾਜ਼ ਨੇ ਹਾਲਾਂਕਿ 19ਵੇਂ ਓਵਰ ਵਿੱਚ ਉਨ੍ਹਾਂ ਨੂੰ ਆਊਟ ਕਰ ਦਿੱਤਾ।

Previous articleਯੂਪੀ ਨੇ ਮੋਦੀ ਨੂੰ ਗੱਦੀਓਂ ਲਾਹੁਣ ਦੀ ਤਿਆਰੀ ਕੱਸੀ: ਮਾਇਆਵਤੀ
Next articleਚੇਨੱਈ ਖ਼ਿਲਾਫ਼ ਬੰਗਲੌਰ ਦੀ ਰੋਮਾਂਚਕ ਜਿੱਤ