ਫਰਾਂਸ, ਬਰਤਾਨੀਆ ਤੇ ਅਮਰੀਕਾ ਵਲੋਂ ਆਲਮੀ ਦਹਿਸ਼ਤਗਰਦ ਐਲਾਨਣ ਲਈ ਲਿਆਂਦੇ ਮਤੇ ਦਾ ਰਾਹ ਰੋਕਿਆ; ਭਾਰਤ ਵਲੋਂ ਨਿਰਾਸ਼ਾ ਦਾ ਪ੍ਰਗਟਾਵਾ
ਚੀਨ ਵਲੋਂ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਐਲਾਨਣ ਦਾ ਮਤਾ ਵੀਟੋ ਕਰ ਦੇਣ ਨਾਲ ਭਾਰਤ ਦੀ ਮੁਹਿੰਮ ਨੂੰ ਇਕ ਵਾਰ ਫਿਰ ਝਟਕਾ ਵੱਜਿਆ ਹੈ। ਅਜ਼ਹਰ ਨੂੰ ਸੰਯੁਕਤ ਰਾਸ਼ਟਰ ਦੀ ਸਲਾਮਤੀ ਕੌਂਸਲ ਦੀ ਅਲ ਕਾਇਦਾ ਸੈਂਕਸ਼ਨਜ਼ ਕਮੇਟੀ ਦੇ ਮਤਾ ਨੰਬਰ 1267 ਤਹਿਤ ਲਿਆਉਣ ਲਈ ਫਰਾਂਸ, ਬਰਤਾਨੀਆ ਤੇ ਅਮਰੀਕਾ ਵਲੋਂ 27 ਫਰਵਰੀ ਨੂੰ ਮਤਾ ਪੇਸ਼ ਕੀਤਾ ਗਿਆ ਸੀ। ਚੀਨ ਨੇ ਇਸ ਪ੍ਰਸਤਾਵ ਸਬੰਧੀ ਹੋਰ ਨਿਰਖ ਪਰਖ ਕਰਨ ਲਈ ਹੋਰ ਸਮਾਂ ਮੰਗਿਆ ਹੈ। ਭਾਰਤ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਨੇ ਇਸ ਬਾਰੇ ਨਿਰਾਸ਼ਾ ਦਾ ਇਜ਼ਹਾਰ ਕੀਤਾ ਹੈ। ਇਸ ਤੋਂ ਪਹਿਲਾਂ ਹੀ ਚੀਨ ਨੇ ਸੰਕੇਤ ਦੇ ਦਿੱਤਾ ਸੀ ਕਿ ਉਹ ਇਕ ਵਾਰ ਫਿਰ ਇਸ ਤਜਵੀਜ਼ ਨੂੰ ਡੱਕ ਸਕਦਾ ਹੈ। ਚੀਨ ਨੇ ਕਿਹਾ ਕਿ ਇਸ ਮੁੱਦੇ ਦੇ ਹੱਲ ਲਈ ਕੋਈ ਅਜਿਹਾ ਰਾਹ ਅਖ਼ਤਿਆਰ ਕੀਤਾ ਜਾਵੇ, ਜੋ ਸਾਰੀਆਂ ਧਿਰਾਂ ਨੂੰ ਮਨਜ਼ੂਰ ਹੋਵੇ। ਦੱਸਣਾ ਬਣਦਾ ਹੈ ਕਿ ਚੀਨ ਇਸ ਤੋਂ ਪਹਿਲਾਂ ਤਿੰਨ ਵਾਰ ਜੈਸ਼ ਮੁਖੀ ਨੂੰ ਦਹਿਸ਼ਤਗਰਦ ਐਲਾਨੇ ਜਾਣ ਸਬੰਧੀ ਤਜਵੀਜ਼ ਨੂੰ ਆਪਣੀ ਵੀਟੋ ਤਾਕਤ ਦੇ ਸਿਰ ’ਤੇ ਰੱਦ ਕਰ ਚੁੱਕਾ ਹੈ। ਸਲਾਮਤੀ ਕੌਂਸਲ ਨੂੰ ਕਿਸੇ ਫ਼ੈਸਲੇ ’ਤੇ ਅੱਪੜਨ ਲਈ ਆਪਣੇ ਪੰਜ ਸਥਾਈ ਮੈਂਬਰਾਂ ਦਰਮਿਆਨ ਸਹਿਮਤੀ ਬਣਾਉਣੀ ਜ਼ਰੂਰੀ ਹੈ। ਅਲ ਕਾਇਦਾ ਸੈਂਕਸ਼ਨਜ਼ ਕਮੇਟੀ ਦੇ ਸੂਚੀਬੱਧ ਨੇਮਾਂ ਮੁਤਾਬਕ ਜੇਕਰ ਮਿੱਥੀ ਮਿਆਦ ਅੰਦਰ ਤਜਵੀਜ਼ ਸਬੰਧੀ ਕੋਈ ਉਜਰ/ਇਤਰਾਜ਼ ਨਾ ਮਿਲਿਆ ਤਾਂ ਇਸ ਫੈਸਲੇ ਨੂੰ ਸਰਬਸੰਮਤੀ ਨਾਲ ਲਾਗੂ ਹੋਇਆ ਮੰਨ ਲਿਆ ਜਾਵੇਗਾ, ਜਿਸ ਤੋਂ ਭਾਵ ਹੈ ਕਿ ਅਜ਼ਹਰ, ਯੂਐਨ ਵੱਲੋਂ ਐਲਾਨਿਆ ਆਲਮੀ ਦਹਿਸ਼ਤਗਰਦ ਬਣ ਜਾਵੇਗਾ। ਉਂਜ ਪਿਛਲੇ ਦਸ ਸਾਲਾਂ ਵਿੱਚ ਇਹ ਚੌਥੀ ਵਾਰ ਹੈ ਜਦੋਂ ਅਜ਼ਹਰ ਨੂੰ ਆਲਮੀ ਦਹਿਸ਼ਗਰਦ ਵਜੋਂ ਸੂਚੀਬੱਧ ਕੀਤੇ ਜਾਣ ਲਈ ਯੂਐੱਨ ਵਿੱਚ ਤਜਵੀਜ਼ ਰੱਖੀ ਗਈ ਹੈ। ਸਾਲ 2009 ਵਿੱਚ ਭਾਰਤ ਨੇ ਆਪਣੇ ਦਮ ’ਤੇ ਮਸੂਦ ਬਾਰੇ ਅਜਿਹੀ ਤਜਵੀਜ਼ ਯੂਐਨ ਵਿੱਚ ਰੱਖੀ ਸੀ। ਸਾਲ 2016 ਵਿੱਚ ਭਾਰਤ ਨੇ ਪਠਾਨਕੋਟ ਏਅਰਬੇਸ ਹਮਲੇ ਮਗਰੋਂ ਪੀ3 ਮੁਲਕਾਂ- ਅਮਰੀਕਾ, ਯੂਕੇ ਤੇ ਫਰਾਂਸ ਨਾਲ ਮਿਲ ਕੇ ਯੂਐਨ ਦੀ 1267 ਸੈਂਕਸ਼ਨਜ਼ ਕਮੇਟੀ ਅੱਗੇ ਮੁੜ ਇਹੀ ਤਜਵੀਜ਼ ਰੱਖੀ। ਸਾਲ 2017 ਵਿੱਚ ਪੀ3 ਮੁਲਕਾਂ ਨੇ ਫਿਰ ਤੋਂ ਇਹ ਤਜਵੀਜ਼ ਪੇਸ਼ ਕੀਤੀ, ਪਰ ਸੁਰੱਖਿਆ ਕੌਂਸਲ ਦੇ ਸਥਾਈ ਮੈਂਬਰ ਚੀਨ, ਜਿਸ ਕੋਲ ਵੀਟੋ ਤਾਕਤਾਂ ਮੌਜੂਦ ਹਨ, ਨੇ ਹਰ ਵਾਰ ਇਨ੍ਹਾਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ। ਉਧਰ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਲੂ ਕਾਂਗ ਨੇ ਇਸ਼ਾਰਾ ਕੀਤਾ ਹੈ ਕਿ ਉਹ ਜੈਸ਼ ਮੁਖੀ ਮਸੂਦ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਐਲਾਨੇ ਜਾਣ ਸਬੰਧੀ ਤਜਵੀਜ਼ ਵਿੱਚ ਮੁੜ ਅੜਿੱਕਾ ਬਣ ਸਕਦਾ ਹੈ। ਕਾਂਗ ਨੇ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਦੌਰਾਨ ਕਿਹਾ, ‘ਮੈਂ ਇਹ ਗੱਲ ਦੁਹਰਾਉਂਦਾ ਹਾਂ ਕਿ ਚੀਨ ਇਸ ਮਾਮਲੇ ਵਿੱਚ ਜ਼ਿੰਮੇਵਾਰੀ ਵਾਲਾ ਰਵੱਈਆ ਅਖ਼ਤਿਆਰ ਕਰੇਗਾ ਤੇ ਯੂਐਨ ਦੀ 1267 ਸੈਂਕਸ਼ਨਜ਼ ਕਮੇਟੀ ਵਿੱਚ ਹੋਣ ਵਾਲੀ ਵਿਚਾਰ ਚਰਚਾ ਵਿੱਚ ਸ਼ਿਰਕਤ ਕਰੇਗਾ।’ ਪੁਲਵਾਮਾ ਦਹਿਸ਼ਤੀ ਹਮਲੇ ਮਗਰੋਂ ਭਾਰਤ ਇਸ ਵਿਚ ਜੈਸ਼-ਏ-ਮੁਹੰਮਦ ਦੀ ਸ਼ਮੂਲੀਅਤ ਸਬੰਧੀ ਇਕ ਮਿਸਲ ਪਾਕਿਸਤਾਨ ਨੂੰ ਪਹਿਲਾਂ ਹੀ ਸੌਂਪ ਚੁੱਕਾ ਹੈ। ਵਿਦੇਸ਼ ਸਕੱਤਰ ਵਿਜੈ ਗੋਖਲੇ ਅਜ਼ਹਰ ਦੇ ਮੁੱਦੇ ’ਤੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨਾਲ ਦੋ ਦਿਨ ਪਹਿਲਾਂ ਮੁਲਾਕਾਤ ਕਰ ਚੁੱਕੇ ਹਨ। ਅਮਰੀਕੀ ਵਿਦੇਸ਼ ਵਿਭਾਗ ਨੇ ਇਕ ਬਿਆਨ ਵਿੱਚ ਕਿਹਾ ਹੈ ਕਿ ਅਤਿਵਾਦ ਖਿਲਾਫ਼ ਲੜਾਈ ਵਿੱਚ ਅਮਰੀਕਾ, ਭਾਰਤ ਸਰਕਾਰ ਤੇ ਲੋਕਾਂ ਨਾਲ ਖੜ੍ਹਾ ਹੈ।