ਚੀਨ ਨੇ ਗਲਵਾਨ ਘਾਟੀ ’ਚ ਆਪਣੇ ਚਾਰ ਸੈਨਿਕਾਂ ਦੇ ਮਾਰੇ ਜਾਣ ਦੀ ਗੱਲ ਕਬੂਲੀ

ਪੇਈਚਿੰਗ (ਸਮਾਜ ਵੀਕਲੀ) : ਚੀਨ ਨੇ ਪਹਿਲੀ ਵਾਰ ਕਬੂਲ ਕੀਤਾ ਹੈ ਕਿ ਪਿਛਲੇ ਸਾਲ ਪੂਰਬੀ ਲੱਦਾਖ ਦੀ ਗਲਵਾਨ ਘਾਟੀ ’ਚ ਭਾਰਤੀ ਫ਼ੌਜ ਨਾਲ ਹੋਈ ਤਿੱਖੀ ਝੜਪ ਦੌਰਾਨ ਉਸ ਦੇ ਵੀ ਚਾਰ ਫ਼ੌਜੀ ਮਾਰੇ ਗਏ ਸਨ। ਪੀਪਲਜ਼ ਲਿਬਰੇਸ਼ਨ ਆਰਮੀ ਨੇ ਦੇਸ਼ ਦੀ ਪੱਛਮੀ ਸਰਹੱਦ ਦੀ ਰਾਖੀ ਕਰਦਿਆਂ ਜਾਨਾਂ ਗੁਆਉਣ ਵਾਲੇ ਦੋ ਅਧਿਕਾਰੀਆਂ ਅਤੇ ਤਿੰਨ ਜਵਾਨਾਂ ਨੂੰ ਮਰਨ ਉਪਰੰਤ ਸਨਮਾਨਿਤ ਕੀਤਾ ਹੈ।

ਸਰਕਾਰੀ ਖ਼ਬਰ ਏਜੰਸੀ ਸਿਨਹੁਆ ਨੇ ਦਿ ਪੀਪਲਜ਼ ਲਿਬਰੇਸ਼ਨ ਆਰਮੀ ਡੇਲੀ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਅਖ਼ਬਾਰ ਮੁਤਾਬਕ ਕਰਾਕੁਰਮ ਚੋਟੀਆਂ ’ਤੇ ਤਾਇਨਾਤ ਚਾਰ ਚੀਨੀ ਅਧਿਕਾਰੀਆਂ ਤੇ ਜਵਾਨਾਂ ਨੂੰ ਭਾਰਤ ਨਾਲ ਗਲਵਾਨ ਘਾਟੀ ’ਚ ਸਰਹੱਦੀ ਟਕਰਾਅ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਲਈ ਕੇਂਦਰੀ ਮਿਲਟਰੀ ਕਮਿਸ਼ਨ ਆਫ਼ ਚੀਨ (ਸੀਐੱਮਸੀ) ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਹੈ।

ਬਟਾਲੀਅਨ ਕਮਾਂਡਰ ਚੇਨ ਹੋਂਗਜੁਨ ਨੂੰ ਮਰਨ ਉਪਰੰਤ ‘ਸਰਹੱਦ ਦੀ ਸੁਰੱਖਿਆ ਦੇ ਨਾਇਕ’ ਦਾ ਖ਼ਿਤਾਬ ਦਿੱਤਾ ਗਿਆ ਹੈ ਜਦਕਿ ਚੇਨ ਸ਼ਿਆਂਗਰੋਂਗ, ਸ਼ਿਆਓ ਸਿਯੁਆਨ ਅਤੇ ਵੈਂਗ ਜ਼ੂਓਰਾਨ ਨੂੰ ਫਸਟ ਕਲਾਸ ਮੈਰਿਟ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ ਹੈ। ਕੀ ਫਬਾਓ ਜੋ ਝੜਪ ਦੌਰਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਸੀ, ਨੂੰ ‘ਸਰਹੱਦ ਦੀ ਰਾਖੀ ਲਈ ਨਾਇਕ ਰੈਜੀਮੈਂਟ ਕਮਾਂਡਰ’ ਦਾ ਖ਼ਿਤਾਬ ਮਿਲਿਆ ਹੈ। ਤਿੰਨ ਫ਼ੌਜੀਆਂ ਦੀ ਝੜਪ ਦੌਰਾਨ ਮੌਤ ਹੋ ਗਈ ਸੀ ਜਦਕਿ ਇਕ ਹੋਰ ਜਦੋਂ ਆਪਣੇ ਸਾਥੀਆਂ ਦੀ ਸਹਾਇਤਾ ਲਈ ਦਰਿਆ ਪਾਰ ਕਰ ਰਿਹਾ ਸੀ ਤਾਂ ਉਹ ਮਰ ਗਿਆ ਸੀ। ਜ਼ਿਕਰਯੋਗ ਹੈ ਕਿ ਝੜਪ ਦੌਰਾਨ ਭਾਰਤ ਦੇ 20 ਫ਼ੌਜੀ ਸ਼ਹੀਦ ਹੋਏ ਸਨ ਜਦਕਿ ਚੀਨ ਨੇ ਆਪਣੇ ਮਾਰੇ ਗਏ ਫ਼ੌਜੀਆਂ ਦਾ ਕੋਈ ਖੁਲਾਸਾ ਨਹੀਂ ਕੀਤਾ ਸੀ।

Previous articleਵਿਨੀਪੈਗ ’ਚ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਨਿਵੇਕਲਾ ਰੋਸ ਪ੍ਰਦਰਸ਼ਨ
Next articleਪੰਜਾਬ ਦਾ ਬਜਟ 8 ਮਾਰਚ ਨੂੰ ਪੇਸ਼ ਹੋਵੇਗਾ