ਨਵੀਂ ਦਿੱਲੀ (ਸਮਾਜਵੀਕਲੀ): ਪੂਰਬੀ ਲੱਦਾਖ ਦੀ ਗਲਵਾਨ ਵਾਦੀ ਵਿਚ ਸੋਮਵਾਰ ਰਾਤ ਭਾਰਤੀ ਤੇ ਚੀਨੀ ਫ਼ੌਜ ਵਿਚਾਲੇ ਹੋਏ ਹਿੰਸਕ ਟਕਰਾਅ ’ਚ ਭਾਰਤੀ ਫ਼ੌਜ ਦੇ ਕਰਨਲ ਸਣੇ 20 ਜਵਾਨ ਸ਼ਹੀਦ ਹੋ ਗਏ ਹਨ। ਫੌਜ ਦੇ ਅਧਿਕਾਰਤ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਂਜ ਜ਼ਖ਼ਮੀਆਂ ਤੇ ਲਾਪਤਾ ਜਵਾਨਾਂ ਦੀ ਗਿਣਤੀ ਬਾਰੇ ਅਜੇ ਕੁੱਝ ਵੀ ਸਪੱਸ਼ਟ ਨਹੀਂ ਹੈ।
ਸੂਤਰਾਂ ਦੀ ਮੰਨੀਏ ਤਾਂ ਚੀਨ ਦੇ ਵੀ 43 ਸੈਨਿਕ ਹਲਾਕ ਤੇ ਫੱਟੜ ਹੋਏ ਹਨ। ਜਾਣਕਾਰੀ ਅਨੁਸਾਰ ਤਿੰਨ ਗੇੜਾਂ ਵਿਚ ਹੋਈ ਇਸ ਝੜਪ ’ਚ ਦੋਵਾਂ ਧਿਰਾਂ ਦੇ 900 ਦੇ ਕਰੀਬ ਫ਼ੌਜੀ ਸ਼ਾਮਲ ਸਨ। ਜ਼ਿਆਦਾਤਰ ਮੌਤਾਂ ਫ਼ੌਜੀ ਜਵਾਨਾਂ ਦੇ ਉੱਚੀਆਂ ਚੋਟੀਆਂ ਤੋਂ ਡਿਗਣ ਕਰ ਕੇ ਹੋਈਆਂ ਹਨ। ਕੁਝ ‘ਹਾਈਪੋਥਰਮੀਆ’ ਦਾ ਸ਼ਿਕਾਰ ਵੀ ਹੋਏ ਹਨ। ਅਜਿਹੀ ਘਟਨਾ 45 ਵਰ੍ਹਿਆਂ ਬਾਅਦ ਵਾਪਰੀ ਹੈ ਤੇ ਇਹ ਇਸ ਗੱਲ ਦਾ ਸੰਕੇਤ ਹੈ ਕਿ ਪੰਜ ਹਫ਼ਤਿਆਂ ਤੋਂ ਜਾਰੀ ਸਰਹੱਦੀ ਵਿਵਾਦ ਸਿਖ਼ਰਾਂ ਛੂਹ ਰਿਹਾ ਹੈ।
ਵੇਰਵਿਆਂ ਮੁਤਾਬਕ ਸ਼ਹੀਦ ਕਰਨਲ ਸੰਤੋਸ਼ ਬਾਬੂ ਗਲਵਾਨ ’ਚ ਤਾਇਨਾਤ ਬਟਾਲੀਅਨ ਦਾ ਕਮਾਂਡਿੰਗ ਅਫ਼ਸਰ ਸੀ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਭਾਰਤੀ ਅਧਿਕਾਰੀ ਤੇ ਜਵਾਨ ਚੀਨੀ ਜਵਾਨਾਂ ਵੱਲੋਂ ਕੀਤੀ ਪੱਥਰਬਾਜ਼ੀ ਤੇ ਰਾਡਾਂ ਨਾਲ ਕੀਤੇ ਹਮਲੇ ਵਿਚ ਫੱਟੜ ਹੋਣ ਮਗਰੋਂ ਸ਼ਹੀਦ ਹੋਏ ਹਨ। ਹਾਲਾਂਕਿ ਇਸ ਬਾਰੇ ਕੋਈ ਸਰਕਾਰੀ ਬਿਆਨ ਜਾਰੀ ਨਹੀਂ ਕੀਤਾ ਗਿਆ। ਵੇਰਵਿਆਂ ਮੁਤਾਬਕ ਬਿਹਾਰ ਰੈਜੀਮੈਂਟ ਦੀ 16ਵੀਂ ਬਟਾਲੀਅਨ ਦੇ ਜਵਾਨਾਂ ਨੇ ਪੈਟਰੋਲ ਪੁਆਇੰਟ-14 ਨੇੜੇ ਚੀਨ ਦੀ ਇਕ ਨਵੀਂ ਪੋਸਟ ਦੇਖਣ ਮਗਰੋਂ ਉਨ੍ਹਾਂ ਨੂੰ ਉੱਥੋ ਜਾਣ ਲਈ ਕਿਹਾ। ਇਸ ਮਗਰੋਂ ਦੋਵਾਂ ਧਿਰਾਂ ਵਿਚਾਲੇ ਹਿੰਸਕ ਟਕਰਾਅ ਹੋ ਗਿਆ।
ਫ਼ੌਜੀ ਸੂਤਰਾਂ ਮੁਤਾਬਕ ਦੋਵਾਂ ਧਿਰਾਂ ਵਿਚਾਲੇ ਟਕਰਾਅ ਵਾਲੀ ਥਾਂ ’ਤੇ ਮੇਜਰ ਜਨਰਲ ਪੱਧਰ ਦੀ ਗੱਲਬਾਤ ਚੱਲ ਰਹੀ ਹੈ ਤਾਂ ਕਿ ਤਣਾਅ ਘਟਾਇਆ ਜਾ ਸਕੇ। ਇਕ ਸੀਨੀਅਰ ਫ਼ੌਜੀ ਅਧਿਕਾਰੀ ਨੇ ਦੱਸਿਆ ਕਿ 1975 ਮਗਰੋਂ ਅਜਿਹਾ ਪਹਿਲੀ ਵਾਰ ਵਾਪਰਿਆ ਹੈ ਕਿ ਚੀਨੀ ਫ਼ੌਜ ਨਾਲ ਹਿੰਸਕ ਟਕਰਾਅ ’ਚ ਕੋਈ ਭਾਰਤੀ ਜਵਾਨ ਸ਼ਹੀਦ ਹੋਇਆ ਹੈ। 1975 ਵਿਚ ਅਰੁਣਾਚਲ ਪ੍ਰਦੇਸ਼ ਦੇ ਤੁਲੁੰਗ ਲਾ ’ਚ ਚਾਰ ਭਾਰਤੀ ਫ਼ੌਜੀ ਸ਼ਹੀਦ ਹੋ ਗਏ ਸਨ। ਸਰਕਾਰੀ ਸੂਤਰਾਂ ਦਾ ਦਾਅਵਾ ਹੈ ਕਿ ਦੋਵਾਂ ਧਿਰਾਂ ਵਿਚਾਲੇ ਕੋਈ ਗੋਲੀਬਾਰੀ ਨਹੀਂ ਹੋਈ। ਜ਼ਿਕਰਯੋਗ ਹੈ ਕਿ ਗਲਵਾਨ ਵਾਦੀ ਵਿਚ ਤਣਾਅ ਘਟਾਉਣ ਲਈ ਕਈ ਦਿਨਾਂ ਤੋਂ ਯਤਨ ਕੀਤੇ ਜਾ ਰਹੇ ਹਨ।
ਗਲਵਾਨ ਵਾਦੀ ਤੇ ਪੂਰਬੀ ਲੱਦਾਖ ਦੇ ਕੁਝ ਹਿੱਸਿਆਂ ਵਿਚ ਪਿਛਲੇ ਪੰਜ ਹਫ਼ਤਿਆਂ ਤੋਂ ਵੱਡੀ ਗਿਣਤੀ ਭਾਰਤੀ ਤੇ ਚੀਨੀ ਫ਼ੌਜ ਜਮ੍ਹਾਂ ਹੈ। ਚੀਨੀ ਫ਼ੌਜ ਅਸਲ ਕੰਟਰੋਲ ਰੇਖਾ ਨੇੜੇ ਹੌਲੀ-ਹੌਲੀ ਆਪਣੇ ਰਣਨੀਤਕ ਸਰੋਤਾਂ ਵਿਚ ਵਾਧਾ ਕਰ ਰਹੀ ਹੈ। ਉਨ੍ਹਾਂ ਨੇੜਲੇ ਟਿਕਾਣਿਆਂ ’ਤੇ ਤੋਪਾਂ, ਜੰਗੀ ਵਾਹਨ ਤੇ ਹੋਰ ਮਾਰੂ ਹਥਿਆਰ ਤਾਇਨਾਤ ਕਰ ਦਿੱਤੇ ਹਨ। ਹਾਲੇ ਕੁਝ ਦਿਨ ਪਹਿਲਾਂ ਹੀ ਫ਼ੌਜ ਮੁਖੀ ਨੇ ਕਿਹਾ ਸੀ ਕਿ ਗਲਵਾਨ ਵਾਦੀ ਵਿਚ ਦੋਵੇਂ ਧਿਰਾਂ ਪਿੱਛੇ ਹਟ ਰਹੀਆਂ ਹਨ।
ਭਾਰਤ ਤੇ ਚੀਨ ਵਿਚਾਲੇ ਪੈਂਗੌਂਗ ਝੀਲ, ਗਲਵਾਨ ਵਾਦੀ, ਡੇਮਚੋਕ ਤੇ ਦੌਲਤ ਬੇਗ਼ ਓਲਡੀ ਇਲਾਕੇ ਬਾਰੇ ਟਕਰਾਅ ਹੈ। ਅਸਲ ਕੰਟਰੋਲ ਰੇਖਾ ਉਲੰਘ ਕੇ ਕਈ ਚੀਨੀ ਫ਼ੌਜੀ ਭਾਰਤ ਦੇ ਇਲਾਕੇ ਵਿਚ ਵੀ ਦਾਖ਼ਲ ਹੋਏ ਸਨ। ਭਾਰਤ ਤੇ ਚੀਨ ਵਿਚਾਲੇ ਇਲਾਕੇ ਵਿਚ ਸ਼ਾਂਤੀ ਬਣਾਏ ਰੱਖਣ ਤੇ ਤਣਾਅ ਘਟਾਉਣ ਲਈ ਕਮਾਂਡਰ ਪੱਧਰ ਦਾ ਸੰਵਾਦ ਵੀ ਹੋ ਚੁੱਕਾ ਹੈ।