ਚੀਨ ਦਾ ਪੱਖ ਪੂਰ ਰਿਹੈ ਡਬਲਿਊਐੱਚਓ: ਟਰੰਪ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਕਰੋਨਾਵਾਇਰਸ ਸੰਕਟ ’ਤੇ ਚੀਨ ਦਾ ਪੱਖ ਪੂਰ ਰਹੀ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਪੇਈਚਿੰਗ ਦੀ ਆਲਮੀ ਸਿਹਤ ਸੰਸਥਾ ਵੱਲੋਂ ਕੀਤੀ ਜਾ ਰਹੀ ਅਢੁਕਵੀਂ ਸ਼ਲਾਘਾ ਤੋਂ ਕਈ ਲੋਕ ਨਾਖੁਸ਼ ਹਨ। ਰਿਪਬਲਿਕਨ ਸੈਨੇਟਰ ਮਾਰਕੋ ਰੂਬੀਓ ਵੱਲੋਂ ਡਬਲਿਊਐੱਚਓ ’ਤੇ ਪੱਖਪਾਤੀ ਹੋਣ ਦੇ ਦੋਸ਼ ਲਾਏ ਜਾਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਟਰੰਪ ਨੇ ਕਿਹਾ ਕਿ ਬਹੁਤੇ ਲੋਕ ਮਹਿਸੂਸ ਕਰਦੇ ਹਨ ਕਿ ਚੀਨ ਦੀ ਸ਼ਲਾਘਾ ਕਰਨਾ ਠੀਕ ਨਹੀਂ ਹੈ। ਵ੍ਹਾਈਟ ਹਾਊਸ ’ਚ ਨਿਊਜ਼ ਕਾਨਫੰਰਸ ਦੌਰਾਨ ਰਾਸ਼ਟਰਪਤੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਡਬਲਿਊਐੱਚਓ ਚੀਨ ਨਾਲ ਖੜ੍ਹਾ ਦਿਖਾਈ ਦਿੰਦਾ ਹੈ ਅਤੇ ਬਹੁਤੇ ਲੋਕ ਇਸ ਤੋਂ ਖੁਸ਼ ਨਹੀਂ ਹਨ। ਕਾਂਗਰਸਮੈਨ ਮਾਈਕਲ ਮੈਕਾਲ ਨੇ ਡਬਲਿਊਐੱਚਓ ਦੇ ਡਾਇਰੈਕਟਰ ਜਨਰਲ ਟੈਡਰੋਸ ਅਧਾਨੌਮ ਗੈਬ੍ਰਿਸਸ ਦੇ ਬਿਆਨਾਂ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਚੀਨ ਨਾਲ ਸਬੰਧਾਂ ਬਾਰੇ ਪਹਿਲਾਂ ਵੀ ਕਈ ਵਾਰ ਦੋਸ਼ ਲੱਗ ਚੁੱਕੇ ਹਨ। ਇਕ ਹੋਰ ਕਾਂਗਰਸਮੈਨ ਗ੍ਰੇਗ ਸਟਿਊਬ ਨੇ ਦੋਸ਼ ਲਾਇਆ ਕਿ ਡਬਲਿਊਐੱਚਓ ਕਰੋਨਾਵਾਇਰਸ ਮਹਾਮਾਰੀ ਦੌਰਾਨ ਚੀਨ ਦਾ ਬੁਲਾਰਾ ਬਣ ਕੇ ਰਹਿ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਜਦੋਂ ਮਹਾਮਾਰੀ ਦਾ ਸੰਕਟ ਖ਼ਤਮ ਹੋ ਜਾਵੇ ਤਾਂ ਡਬਲਿਊਐੱਚਓ ਅਤੇ ਚੀਨ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਸੈਨੇਟਰ ਜੋਸ਼ ਹਾਅਲੇ ਨੇ ਵੀ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਈ ਹੈ। ਜ਼ਿਕਰਯੋਗ ਹੈ ਕਿ ਗੈਬ੍ਰਿਸਸ ’ਤੇ ਦੋਸ਼ ਲੱਗੇ ਹਨ ਕਿ ਉਸ ਨੇ ਕਰੋਨਾਵਾਇਰਸ ਕੇਸਾਂ ਨੂੰ ਦਬਾਉਣ ਲਈ ਪੇਈਚਿੰਗ ਵੱਲੋਂ ਦਰਸਾਏ ਗਏ ਅੰਕੜਿਆਂ ਨਾਲ ਹੇਰਾ-ਫੇਰੀ ਕੀਤੀ। ਉਹ ਜਨਵਰੀ ’ਚ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਮਿਲਣ ਲਈ ਚੀਨ ਗਏ ਸਨ ਜਿਥੇ ਉਨ੍ਹਾਂ ਕਰੋਨਾਵਾਇਰਸ ਨਾਲ ਨਜਿੱਠਣ ’ਚ ਚੀਨ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ ਸੀ।

Previous articleਕੇਂਦਰ ਸਰਕਾਰ ‘ਮਗਨਰੇਗਾ’ ਮਜ਼ਦੂਰਾਂ ਦਾ ਬਕਾਇਆ ਜਾਰੀ ਕਰੇ: ਕੈਪਟਨ
Next articleਕ੍ਰਾਈਸਟਚਰਚ ਹਮਲਿਆਂ ਦੇ ਮੁਲਜ਼ਮ ਨੇ ਦੋਸ਼ ਕਬੂਲੇ