ਕੇਂਦਰ ਸਰਕਾਰ ‘ਮਗਨਰੇਗਾ’ ਮਜ਼ਦੂਰਾਂ ਦਾ ਬਕਾਇਆ ਜਾਰੀ ਕਰੇ: ਕੈਪਟਨ

ਚੰਡੀਗੜ੍ਹ- ਕੋਵਿਡ-19 ਸੰਕਟ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਮਗਨਰੇਗਾ’ ਅਧੀਨ ਬਕਾਇਆ ਸਾਰੀਆਂ ਦੇਣਦਾਰੀਆਂ ਦਾ ਤੁਰੰਤ ਨਿਬੇੜਾ ਕਰਨ ਲਈ ਕੇਂਦਰ ਸਰਕਾਰ ਕੋਲੋਂ ਵਿੱਤੀ ਸਹਾਇਤਾ ਮੰਗੀ ਹੈ। ਕੇਂਦਰੀ ਪੇਂਡੂ ਵਿਕਾਸ, ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨਰੇਂਦਰ ਸਿੰਘ ਤੋਮਰ ਨੂੰ ਲਿਖੇ ਪੱਤਰ ਵਿੱਚ ਮੁੱਖ ਮੰਤਰੀ ਨੇ ਪੰਜਾਬ ਵਿੱਚ ਮਗਨਰੇਗਾ ਵਰਕਰਾਂ ਦੀਆਂ ਬਾਕਾਇਆ ਦੇਣਦਾਰੀਆਂ ਦਾ ਮੁੱਦਾ ਉਠਾਇਆ ਹੈ। ਕੈਪਟਨ ਨੇ ਕੇਂਦਰੀ ਮੰਤਰੀ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਕਿ 24 ਮਾਰਚ 2020 ਤੱਕ ਸੂਬੇ ਦੇ 1.30 ਲੱਖ ਦੇ ਕਰੀਬ ਵਰਕਰਾਂ ਦੀਆਂ 84 ਕਰੋੜ ਰੁਪਏ ਦੀਆਂ ਦੇਣਦਾਰੀਆਂ ਬਕਾਇਆ ਹਨ। ਉਨ੍ਹਾਂ ਕਿਹਾ ਕਿ ਬਿਨਾਂ ਦਿਹਾੜੀ ਮਿਲੇ ਵਰਕਰਾਂ ਦਾ ਗੁਜ਼ਾਰਾ ਬਹੁਤ ਮੁਸ਼ਕਲ ਹੈ, ਖਾਸ ਕਰਕੇ ਉਦੋਂ ਜਦ ਕੋਵਿਡ-19 ਕਾਰਨ ਕਰਫਿਊ ਲੱਗਿਆ ਹੋਇਆ ਹੈ। ਦੇਸ਼ ਵਿੱਚ ਹੋਈ ਤਾਲਾਬੰਦੀ ਦੌਰਾਨ ਲਾਭਪਾਤਰੀਆਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਵੀ ਉਪਲੱਬਧ ਨਹੀਂ ਹੋ ਰਹੇ ਹਨ। ਇਸ ਨਾਜ਼ੁਕ ਸਥਿਤੀ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਅਤਿ ਲੋੜੀਂਦੀ ਰਾਹਤ ਦਿੰਦੇ ਹੋਏ ਬਿਨਾਂ ਕਿਸੇ ਦੇਰੀ ਤੋਂ ਦੇਣਦਾਰੀਆਂ ਦਾ ਨਿਪਟਾਰਾ ਕਰ ਦੇਣ ਤਾਂ ਜੋ ਇਹ ਲਾਭਪਾਤਰੀ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰ ਸਕਣ। ਕੈਪਟਨ ਨੇ ਕਿਹਾ ਹੈ ਕਿ ਤੁਰੰਤ ਫੰਡ ਜਾਰੀ ਕਰਨ ਨਾਲ ਸੂਬੇ ਨੂੰ ਮੌਜੂਦਾ ਸਥਿਤੀ ਨਾਲ ਨਜਿੱਠਣ ਵਿੱਚ ਵੀ ਕੁਝ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਵਿੱਤੀ ਸਾਲ ਵਿੱਚ ਪੰਜਾਬ ਨੇ ਸ਼ੁਰੂਆਤੀ ਸਮੇਂ ਮਨਜ਼ੂਰ 200 ਲੱਖ ਵਿਅਕਤੀਗਤ ਦਿਹਾੜੀਆਂ ਦੇ ਕਿਰਤ ਬਜਟ ਦਾ ਟੀਚਾ ਪੂਰਾ ਕੀਤਾ ਸੀ ਅਤੇ ਮੰਤਰਾਲੇ ਨੇ ਕਿਰਤ ਬਜਟ ਵਧਾ ਕੇ 234 ਲੱਖ ਵਿਅਕਤੀਗਤ ਦਿਹਾੜੀਆਂ ਤੱਕ ਕਰ ਦਿੱਤਾ ਸੀ। 24 ਮਾਰਚ 2020 ਤੱਕ ਸੂਬੇ ਨੇ 230 ਲੱਖ ਵਿਅਕਤੀਗਤ ਦਿਹਾੜੀਆਂ ਬਣਾਈਆਂ ਅਤੇ ਸਮੱਗਰੀ ਦੇ ਭੁਗਤਾਨ ਲਈ 120 ਕਰੋੜ ਰੁਪਏ ਦੀਆਂ ਦੇਣਦਾਰੀਆਂ ਵੀ ਬਾਕਾਇਆ ਪਈਆਂ ਹਨ।

Previous articleਗੜ੍ਹਸ਼ੰਕਰ ਦੇ ਚਾਰ ਹੋਰ ਪਿੰਡ ਕੀਤੇ ਸੀਲ
Next articleਚੀਨ ਦਾ ਪੱਖ ਪੂਰ ਰਿਹੈ ਡਬਲਿਊਐੱਚਓ: ਟਰੰਪ