ਚੀਨ ’ਚ ਨਿਗਰਾਨੀ ਹੇਠ ਰੱਖੇ ਮਰੀਜ਼ਾਂ ਵਾਲਾ ਹੋਟਲ ਢਹਿ-ਢੇਰੀ, 10 ਹਲਾਕ

ਦੱਖਣ-ਪੂਰਬੀ ਚੀਨ ਦੇ ਫੂਜਿਆਨ ਪ੍ਰਾਂਤ ਦੇ ਕੁਆਨਜ਼ਾਊ ਸ਼ਹਿਰ ਦੇ ਹੋਟਲ ’ਚ ਕਰੋਨਾਵਾਇਰਸ ਦੇ ਵੱਖਰੇ ਤੌਰ ’ਤੇ ਰੱਖੇ ਗਏ 10 ਮਰੀਜ਼ ਉਸ ਸਮੇਂ ਮਾਰੇ ਗਏ ਜਦੋਂ ਹੋਟਲ ਢਹਿ-ਢੇਰੀ ਹੋ ਗਿਆ। ਸਰਕਾਰੀ ਖ਼ਬਰ ਏਜੰਸੀ ਸਿਨਹੂਆ ਮੁਤਾਬਕ ਹੋਟਲ ਦੇ ਮਲਬੇ ਹੇਠਾਂ ਕਰੀਬ 71 ਵਿਅਕਤੀ ਦੱਬੇ ਗਏ ਸਨ। ਵਾਇਰਸ ਵਾਲੇ ਮਰੀਜ਼ਾਂ ਦੇ ਸੰਪਰਕ ’ਚ ਆਉਣ ਮਗਰੋਂ ਇਨ੍ਹਾਂ ਵਿਅਕਤੀਆਂ ਨੂੰ ਨਿਗਰਾਨੀ ਹੇਠ ਇਸ ਹੋਟਲ ’ਚ ਰੱਖਿਆ ਗਿਆ ਸੀ। ‘ਪੀਪਲਜ਼ ਡੇਲੀ’ ਨੇ ਟਵੀਟ ਕਰਕੇ ਕਿਹਾ ਕਿ ਮਲਬੇ ਹੇਠ ਫਸੇ 23 ਵਿਅਕਤੀਆਂ ਨੂੰ ਕੱਢਣ ਦਾ ਕੰਮ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਪੀੜਤਾਂ ਦਾ ਨਿਊਕਲਿਕ ਐਸਿਡ ਟੈਸਟ ਨੈਗੇਟਿਵ ਆਇਆ ਸੀ।
ਸ਼ਿਨਜੀਆ ਹੋਟਲ 2018 ਤੋਂ ਚੱਲ ਰਿਹਾ ਹੈ ਅਤੇ ਇਸ ਦੇ 80 ਕਮਰੇ ਸਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹੋਟਲ ’ਚ ਸਜਾਵਟ ਦਾ ਕੰਮ ਚੱਲ ਰਿਹਾ ਸੀ। ਹੋਟਲ ਦੇ ਮਾਲਕ ਤੋਂ ਪੁੱਛ-ਗਿੱਛ ਹੋ ਰਹੀ ਹੈ। ਰਾਹਤ ਅਤੇ ਬਚਾਅ ਕਾਰਜਾਂ ’ਚ ਅੱਗ ਬੁਝਾਊ ਦਸਤੇ ਦੇ ਇਕ ਹਜ਼ਾਰ ਤੋਂ ਵੱਧ ਮੁਲਾਜ਼ਮ, ਪੁਲੀਸ ਅਧਿਕਾਰੀ ਅਤੇ ਮੈਡੀਕਲ ਅਮਲਾ ਜੁਟਿਆ ਹੋਇਆ ਹੈ। ਐਮਰਜੈਂਸੀ ਮੈਨੇਜਮੈਂਟ ਮੰਤਰਾਲੇ ਨੇ ਟੀਮ ਨੂੰ ਹਾਦਸੇ ਦੀ ਜਾਂਚ ਲਈ ਕੁਆਨਜ਼ਾਊ ਭੇਜਿਆ ਹੈ। ਉਧਰ ਚੀਨ ’ਚ ਕਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 3097 ਹੋ ਗਈ ਹੈ। ਕਰੋਨਾਵਾਇਰਸ ਕਾਰਨ 27 ਹੋਰ ਮੌਤਾਂ ਹੋਈਆਂ ਹਨ ਅਤੇ ਇਹ ਅੰਕੜਾ ਘਟਦਾ ਜਾ ਰਿਹਾ ਹੈ। ਹੁਬੇਈ ਪ੍ਰਾਂਤ ’ਚ ਵਾਇਰਸ ਤੋਂ ਪੀੜਤਾਂ ਦਾ ਅੰਕੜਾ ਵੀ ਪਹਿਲੀ ਵਾਰ 50 ਤੋਂ ਘਟਿਆ ਹੈ।

Previous articleTerrorist killed in shootout in Kashmir’s Shopian
Next articleCong demands one RS seat from RJD, writes open letter