ਚੀਨੀ ਹੈਕਰਸ ਨੇ ਮਾਲਵੇਅਰ ਰਾਹੀਂ ਭਾਰਤੀ ਬਿਜਲੀ ਖੇਤਰ ਨੂੰ ਬਣਾਇਆ ਨਿਸ਼ਾਨਾ

ਸ਼ਿੰਗਟਨ (ਸਮਾਜ ਵੀਕਲੀ) : ਭਾਰਤ ਅਤੇ ਚੀਨ ਦਰਮਿਆਨ ਜਾਰੀ ਸਰਹੱਦੀ ਤਣਾਅ ਵਿਚਾਲੇ ਚੀਨ ਸਰਕਾਰ ਨਾਲ ਜੁੜੇ ਹੈਕਰਾਂ ਦੇ ਇਕ ਸਮੂਹ ਨੇ ਮਾਲਵੇਅਰ ਜ਼ਰੀਏ ਭਾਰਤ ਦੇ ਬਿਜਲੀ ਗਰਿੱਡ ਨੂੰ ਨਿਸ਼ਾਨਾ ਬਣਾਇਆ ਸੀ। ਇਕ ਅਮਰੀਕੀ ਕੰਪਨੀ ਨੇ ਆਪਣੇ ਤਾਜ਼ਾ ਸਰਵੇਖਣ ਵਿਚ ਇਹ ਸ਼ੱਕ ਜਤਾਇਆ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਹੈ ਕਿ ਬੀਤੇ ਵਰ੍ਹੇ ਮੁੰਬਈ ਵਿੱਚ ਵੱਡੇ ਇਲਾਕੇ ਦੀ ਬਿਜਲੀ ਗੁਲ ਹੋਣਾ ਆਨਲਾਈਨ ਘੁਸਪੈਠ ਦਾ ਨਤੀਜਾ ਸੀ।

ਮੈਸੇਚਿਉੂਟਸ-ਅਧਾਰਤ ਕੰਪਨੀ ਰਿਕਾਰਡਿਡ ਫਿਊਚਰ ਜੋ ਵੱਖ ਵੱਖ ਮੁਲਕਾਂ ਵੱਲੋਂ ਇੰਟਰਨੈਟ ਦੀ ਵਰਤੋਂ ਕਰਨ ਦਾ ਅਧਿਐਨ ਕਰਦੀ ਹੈ ਨੇ ਹਾਲ ਦੀ ਆਪਣੀ ਰਿਪੋਰਟ ਵਿੱਚ ਚੀਨ ਅਧਾਰਤ ਰੈੱਡ ਈਕੋ ਹੈਕਰਸ ਦੇ ਗਰੁੱਪ ਵੱਲੋਂ ਭਾਰਤੀ ਊਰਜਾ ਖੇਤਰ ਨੂੰ ਨਿਸ਼ਾਨਾ ਬਣਾਏ ਜਾਣ ਲਈ ਚਲਾਈ ਮੁਹਿੰਮ ਦਾ ਵੇਰਵਾ ਦਿੱਤਾ ਹੈ। ਇਸ ਦਾ ਪਤਾ ਵੱਡੇ ਪੱਧਰ ’ਤੇ ਆਟੋਮੈਟਿਕ ਨੈਟਵਰਕ ਟ੍ਰੈਫਿਕ ਵਿਸ਼ਲੇਸ਼ਣ ਅਤੇ ਮਾਹਰ ਵਿਸ਼ਲੇਸ਼ਣ ਨਾਲ ਚਲਿਆ ਹੈ।

ਜ਼ਿਕਰਯੋਗ ਹੈ ਕਿ 12 ਅਕਤੂਬਰ ਨੂੰ ਮੁੰਬਈ ਵਿੱਚ ਇਕ ਗਰਿੱਡ ਫੇਲ੍ਹ ਹੋ ਗਿਆ ਸੀ ਤੇ ਵੱਡੇ ਇਲਾਕੇ ਦੀ ਬਿਜਲੀ ਗੁਲ ਹੋ ਗਈ ਸੀ ਜਿਸ ਕਾਰਨ ਰੇਲ ਗੱਡੀਆਂ ਤਕ ਰੁਕ ਗਈਆਂ ਸਨ। ਬਿਜਲੀ ਬਹਾਲ ਹੋਣ ਵਿੱਚ 2 ਘੰਟਿਆਂ ਦਾ ਸਮਾਂ ਲਗ ਗਿਆ ਸੀ, ਜਿਸ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਸਨ।

ਹਾਲ ਦੀ ਘੜੀ ਅਮਰੀਕੀ ਕੰਪਨੀ ਦੇ ਇਸ ਅਧਿਐਨ ਬਾਰੇ ਭਾਰਤ ਸਰਕਾਰ ਦਾ ਕੋਈ ਜਵਾਬ ਨਹੀਂ ਆਇਆ ਹੈ ਪਰ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੈਨਬਿਨ ਨੇ ਸੋਮਵਾਰ ਨੂੰ ਭਾਰਤੀ ਬਿਜਲੀ ਗਰਿੱਡ ਦੀ ਹੈਕਿੰਗ ਵਿੱਚ ਚੀਨ ਦੀ ਸ਼ਮੂਲੀਅਤ ਦੇ ਖਦਸ਼ੇ ਦੀ ਆਲੋਚਨਾ ਕਰਦਿਆਂ ਇਸ ਨੂੰ “ਗੈਰ-ਜ਼ਿੰਮੇਵਾਰਾਨਾ ਅਤੇ ਗ਼ੈਰ-ਇਰਾਦਤਨ” ਤੇ ਬਿਨਾਂ ਸਬੂਤਾਂ ਦੀ ਕਾਰਵਾਈ ਦੱਸਿਆ ਹੈ।

Previous articleਭਾਸ਼ਾ ਅਤੇ ਸਭਿਆਚਾਰ ਵਿਰੋਧੀ ਤਾਕਤਾਂ ਨੂੰ ਲਾਂਭੇ ਰੱਖਣ ਦੀ ਰਾਹ ਦਿਖਾਏ ਤਮਿਲਨਾਡੂ: ਰਾਹੁਲ
Next articleਗੌਤਮ ਨਵਲੱਖਾ ਜ਼ਮਾਨਤ ਲਈ ਸੁਪਰੀਮ ਕੋਰਟ ਪੁੱਜੇ, ਮਾਮਲੇ ਦੀ ਸੁਣਵਾਈ ਭਲਕੇ