ਚੀਨੀ ਸੈਨਾ ਹੌਟ ਸਪਰਿੰਗਜ਼ ’ਚੋਂ ਪੂਰੀ ਤਰ੍ਹਾਂ ਹਟੀ

ਨਵੀਂ ਦਿੱਲੀ, (ਸਮਾਜਵੀਕਲੀ) :  ਚੀਨੀ ਸੈਨਾ ਨੇ ਪੂਰਬੀ ਲੱਦਾਖ ’ਚ ਹੌਟ ਸਪਰਿੰਗਜ਼ ਇਲਾਕੇ ’ਚੋਂ ਅੱਜ ਸਾਰੇ ਆਰਜ਼ੀ ਢਾਂਚੇ ਹਟਾ ਲਏ ਹਨ ਅਤੇ ਊਥੋਂ ਸੈਨਾ ਤਕਰੀਬਨ ਪੂਰੀ ਤਰ੍ਹਾਂ ਨਾਲ ਪਿੱਛੇ ਹਟ ਗਈ ਹੈ। ਇਲਾਕੇ ’ਚ ਵਾਪਰ ਰਹੀਆਂ ਘਟਨਾਵਾਂ ਦੇ ਜਾਣਕਾਰ ਨੇ ਕਿਹਾ ਕਿ ਦੋਵੇਂ ਮੁਲਕਾਂ ਵੱਲੋਂ ਬਣੀ ਸਹਿਮਤੀ ਦੇ ਆਧਰ ’ਤੇ ਚੀਨੀ ਫ਼ੌਜ ਪਿੱਛੇ ਹਟ ਰਹੀ ਹੈ।

ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ ਵਿਚਕਾਰ ਐਤਵਾਰ ਨੂੰ ਫੋਨ ’ਤੇ ਕਰੀਬ ਦੋ ਘੰਟੇ ਤੱਕ ਹੋਈ ਗੱਲਬਾਤ ਮਗਰੋਂ ਸੋਮਵਾਰ ਤੋਂ ਚੀਨੀ ਸੈਨਾ ਦੇ ਪਿੱਛੇ ਹਟਣ ਦਾ ਅਮਲ ਜਾਰੀ ਹੈ। ਉਨ੍ਹਾਂ ਕਿਹਾ,‘‘ਚੀਨੀ ਸੈਨਾ ਹੌਟ ਸਪਰਿੰਗਜ਼ ’ਚ ਪੈਟਰੋਲਿੰਗ ਸਥਾਨ 15 ਤੋਂ ਪੂਰੀ ਤਰ੍ਹਾਂ ਨਾਲ ਪਿੱਛੇ ਹਟ ਗਈ ਹੈ।’’

ਉਨ੍ਹਾਂ ਕਿਹਾ ਕਿ ਅਗਲੇ ਕੁਝ ਦਿਨਾਂ ’ਚ ਭਾਰਤੀ ਅਤੇ ਚੀਨੀ ਫ਼ੌਜ ਇਲਾਕੇ ’ਚੋਂ ਪਿੱਛੇ ਹਟਣ ਦੀ ਤਸਦੀਕ ਲਈ ਸਾਂਝੀ ਮੁਹਿੰਮ ਚਲਾਏਗੀ। ਜਾਣਕਾਰੀ ਮੁਤਾਬਕ ਗੋਗਰਾ (ਪੈਟਰੋਲਿੰਗ ਸਥਾਨ 17ਏ) ’ਚ ਫ਼ੌਜਾਂ ਪਿੱਛੇ ਹਟਾਉਣ ਦਾ ਕੰਮ ਭਲਕੇ ਮੁਕੰਮਲ ਹੋਣ ਦੀ ਸੰਭਾਵਨਾ ਹੈ। ਫ਼ੌਜਾਂ ਪਿੱਛੇ ਹਟਣ ਦਾ ਪਹਿਲਾ ਗੇੜ ਮੁਕੰਮਲ ਹੋਣ ਮਗਰੋਂ ਇਸ ਹਫ਼ਤੇ ਦੋਵੇਂ ਮੁਲਕਾਂ ਦੀਆਂ ਫ਼ੌਜਾਂ ਵਿਚਕਾਰ ਅੱਗੇ ਗੱਲਬਾਤ ਹੋਣ ਦੀ ਸੰਭਾਵਨਾ ਹੈ। ਸੂਤਰਾਂ ਨੇ ਕਿਹਾ ਕਿ ਪੈਂਗੌਂਗ ਝੀਲ ਦੇ ਫਿੰਗਰ ਇਲਾਕਿਆਂ ’ਚੋਂ ਵੀ ਸੈਨਾ ਦੇ ਪਿੱਛੇ ਹਟਣ ਦਾ ਅਮਲ ਚੱਲ ਰਿਹਾ ਹੈ।

Previous articleਰਾਜੀਵ ਗਾਂਧੀ ਫਾਊਂਡੇਸ਼ਨ ਖ਼ਿਲਾਫ਼ ਕੇਂਦਰ ਨੇ ਜਾਂਚ ਆਰੰਭੀ
Next articleਕੋਵਿਡ: ਭਾਰਤ ’ਚ ਰਿਕਵਰੀ ਦਰ 61.5 ਫ਼ੀਸਦ