ਚਿੰਗ-ਫੁੰਗਲੀ

ਗੁਰਮਾਨ ਸੈਣੀ

(ਸਮਾਜ ਵੀਕਲੀ)

ਦੇਖੋ ਨਵਾਂ ਮਦਾਰੀ ਆਇਆ
ਹਿੰਦੂ ਮੁਸਲਿਮ ਢੋਲ ਵਜਾਇਆ
ਬਹਿ ਜਾ ਬੇਬੇ ਤੂੰ ਵੀ ਸੁਣ ਲੈ
ਆਜਾ ਤੂੰ ਵੀ ਬਹਿ ਜਾ ਤਾਇਆ
ਦੇਖੋ ਨਵਾਂ ਮਦਾਰੀ ਆਇਆ
ਹਿੰਦੂ ਮੁਸਲਿਮ ਢੋਲ ਵਜਾਇਆ।
ਐਧਰ ਜਾ ਕੇ , ਓਧਰ ਜਾ ਕੇ
ਰੱਖ ਛੱਡੀ ਏ ਦੁਨੀਆਂ ਗਾਹ ਕੇ
ਕੱਢ ਛੱਡਿਆ ਜਿੰਨ ਮੰਦਿਰ ਵਾਲਾ
ਮਸਲੇ ਸਾਰੇ ਖੂਹ ਵਿੱਚ ਪਾ ਕੇ
ਗਣਤੰਤਰ  ਦਾ ਵੱਢ  ਕੇ ਫਾਹਾ
ਤਿੰਨ ਸੌ ਸੱਤਰ ਕੱਢ ਲਿਆਇਆ
ਦੇਖੋ ਨਵਾਂ ਮਦਾਰੀ ਆਇਆ।
ਹਿੰਦੂ ਮੁਸਲਿਮ ਢੋਲ ਬਜਾਇਆ।
ਭੂਤ ਚੰਬੜਿਆ ਕੋਵਿਡ ਵਾਲਾ
ਅੰਦਰ ਸਾਰੇ ਸ਼ਹਿਰੀ ਡੱਕੇ
ਕਰਕੇ ਚਾਰ ਜਮਾਤੀ ਅੰਦਰ
ਹੱਜ ਕਰ ਆਇਆ ਬਿਨ ਜਾ ਮੱਕੇ
ਦੇ ਯਮਰਾਜ ਨੂੰ ਚਾਲੀ ਭੇਟਾਂ
ਤਿੰਨ ਸੌ ਤਿੰਨ ਹੈ ਕੱਢ ਲਿਆਇਆ
ਦੇਖੋ ਨਵਾਂ ਮਦਾਰੀ ਆਇਆ।
ਹਿੰਦੂ ਮੁਸਲਿਮ ਢੋਲ ਬਜਾਇਆ।
ਸਾ਼ਹਬਾਨੋ ਵੀ ਮਾਰ ਮੁਕਾਈ
ਬਣਦੀ ਸੀ ਸੋ ਸਭ ਦੀ ਤਾਈ
ਵੇਖ ਕਿਵੇਂ ਕੁੰਡਾ ਖੜਕਾ ਕੇ
ਰੱਖ ਛੱਡੇ ਸਭ ਕੇਸ ਮੁਕਾ ਕੇ
ਮੁੱਖ ਤੋਂ ਕਿਵੇਂ ਨਕਾਬ ਲੁਹਾਇਆ
ਦੇਖੋ ਨਵਾਂ ਮਦਾਰੀ ਆਇਆ।
ਹਿੰਦੂ ਮੁਸਲਿਮ ਢੋਲ ਬਜਾਇਆ।
ਭਾਈਓ ਬਹਿਨੋ ਬੋਲ ਬੋਲ ਕੇ
ਕਿੰਨਾ ਸਤਿ ਹੈ ਟੋਲ ਕੋਲ ਕੇ
ਅੰਦਰ ਖਾਤੇ ਬੋਲ ਬੋਲ ਕੇ
ਬਾਹਰ ਧੁੰਧੂਕਾਰ ਮਚਾਇਆ
ਕਰਕੇ ਛੋਟਾ ਅੰਦਰ ਖਾਤੇ
ਵੱਡਾ ਸਾਰਾ ਨੋਟ ਚਲਾਇਆ।
ਦੇਖੋ ਨਵਾਂ ਮਦਾਰੀ ਆਇਆ
ਹਿੰਦੂ ਮੁਸਲਿਮ ਢੋਲ ਬਜਾਇਆ।
ਐਧਰ ਓਧਰ ਬੰਬ ਸੁੱਟਵਾ ਕੇ
ਚਾਰੀਂ ਕੁੰਟੀਂ ਅੱਗ ਲਗਵਾ ਕੇ
ਕਰਕੇ ਨੇਤਾ ਅੰਦਰ ਬਾਹਰ
ਇੱਕ ਦੋ‌ ਆਪਣਾ ਦੇਸ਼ ਬਚਾ ਕੇ
ਕਿੱਥੋਂ ਕਿਥੋਂ ਰੱਖ ਛੱਡਿਆ ਹੈ
ਪੱਪੂ ਦਾ ਪਰਿਵਾਰ ਡਰਾ ਕੇ
ਬਹਿ ਕੇ ਨੱਡਿਆਂ ਵੱਡਿਆਂ ਅੰਦਰ
ਕੱਠਾ ਕਰ ਲਿਆ ਸਭ ਸਰਮਾਇਆ
ਦੇਖੋ ਨਵਾਂ ਮਦਾਰੀ ਆਇਆ।
ਹਿੰਦੂ ਮੁਸਲਿਮ ਢੋਲ ਬਜਾਇਆ।
ਇਸ ਕਵਿਤਾ ਨੂੰ ਪੜ੍ਹ ਕੇ ਸੁਣਕੇ
ਖੁਸ਼ ਹੋ ਜਾਣਗੇ ਖੱਬੇ ਪੱਖੀ
ਬਹਿ ਗਏ ਜਿਹੜੇ ਅੰਦਰ ਵੜ ਕੇ
ਵੀਹ ਸਾਲੀਂ ਨਾ ਮਾਰੀ ਮੱਖੀ
ਉੰਝ ਚਾਹੁੰਦੇ ਹਨ ਸਦਾ ਸਦਾਈਂ
ਬਣੀ ਰਹੇ ਸਾਡੀ ਸਰਦਾਰੀ
 ਬਹਿ ਜਾ ਬੇਬੇ ਤੂੰ ਵੀ ਸੁਣ ਲੈ
ਆਜਾ ਤੂੰ ਵੀ ਬਹਿ ਜਾ ਤਾਇਆ।
ਦੇਖੋ ਨਵਾਂ ਮਦਾਰੀ ਆਇਆ
ਹਿੰਦੂ ਮੁਸਲਿਮ ਢੋਲ ਬਜਾਇਆ।
ਨਵੀਂ ਸਦੀ ਵਿੱਚ ਆਣ ਖੜਾ ਐਂ
ਬੱਚ ਜਾ ਦੇਸ਼ ਗੱਦਾਰਾਂ  ਕੋਲੋਂ
ਕੁਲ ਜਨਤਾ ਤੇਰੀ ਬੇਬਸ ਹੋ ਗਈ
ਬਚਦੀ ਫਿਰੇ ਸਰਕਾਰਾਂ ਕੋਲੋਂ
ਕਰੇ ਮਦਾਰੀ ਖੇਲ ਤਮਾਸ਼ੇ
ਚਿੰਗ- ਫੁੰਗਲੀ ਹੈ ਨਾਮ ਧਰਾਇਆ
ਦੇਖੋ ਨਵਾਂ ਮਦਾਰੀ ਆਇਆ
ਹਿੰਦੂ ਮੁਸਲਿਮ ਢੋਲ ਬਜਾਇਆ।
ਗੁਰਮਾਨ ਸੈਣੀ
Previous articleਬੋਲੀਆਂ
Next article2 ਲੱਖ ਰੁਪਏ ਦੀ ਰਾਸ਼ੀ ਨਾਲ ਬਣਨ ਵਾਲੇ ਸਕੂਲ ਦੇ ਨਵੇਂ ਮੇਨ ਗੇਟ ਦੀ ਨੀਂਂਹ ਰਖੀਂ