ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ 106 ਦਿਨ ਦੀ ਹਿਰਾਸਤ ਬਾਅਦ ਤਿਹਾੜ ਜੇਲ੍ਹ ਵਿੱਚੋਂ ਬੁੱਧਵਾਰ ਰਾਤ ਨੂੰ ਰਿਹਾਅ ਹੋ ਗਏ ਹਨ। ਉਹ ਰਾਤ ਕਰੀਬ ਅੱਠ ਵਜੇ ਜੇਲ੍ਹ ਵਿੱਚੋਂ ਬਾਹਰ ਆਏ। ਉਨ੍ਹਾਂ ਦੀ ਰਿਹਾਈ ਸੁਪਰੀਮ ਕੋਰਟ ਵੱਲੋਂ ਉਨ੍ਹਾਂ ਦੀ ਜ਼ਮਾਨਤ ਸਬੰਧੀ ਅਰਜ਼ੀ ਪ੍ਰਵਾਨ ਕੀਤੇ ਜਾਣ ਬਾਅਦ ਸੰਭਵ ਹੋਈ ਹੈ। ਆਪਣੀ ਰਿਹਾਈ ਉਪਰੰਤ ਉਨ੍ਹਾਂ ਕਿਹਾ ਕਿ ਉਨ੍ਹਾਂ ਵਿਰੁੱਧ ਕੋਈ ਵੀ ਦੋਸ਼ ਸਿੱਧ ਨਹੀਂ ਹੋਇਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਵਿਰੁੱਧ ਦਰਜ ਕੇਸ ’ਤੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦੇ। ਜਦੋਂ ਹੀ ਸ੍ਰੀ ਚਿਦੰਬਰਮ ਜੇਲ੍ਹ ਵਿੱਚੋਂ ਬਾਹਰ ਆਏ ਤਾਂ ਅਨੇਕਾਂ ਕਾਂਗਰਸੀ ਵਰਕਰਾਂ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ। ਜਦੋਂ ਉਹ ਜੇਲ੍ਹ ਵਿੱਚੋਂ ਬਾਹਰ ਆਏ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦੇ ਪੁੱਤਰ ਕਾਰਤੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਨੂੰ 21 ਅਗਸਤ ਨੂੰ ਸੀਬੀਆਈ ਨੇ ਨਵੀਂ ਦਿੱਲੀ ਵਿੱਚ ਉਨ੍ਹਾਂ ਦੀ ਰਿਹਾਇਸ਼ ਤੋਂ ਆਈਐੱਨਐਕਸ ਮੀਡੀਆ ਨੂੰ ਵਿਤ ਮੰਤਰੀ ਹੁੰਦਿਆਂ ਫੌਰਨ ਐਕਸਚੇਂਜ ਪ੍ਰਮੋਸ਼ਨ ਬੋਰਡ (ਐੱਫਆਈਪੀਬੀ) ਦੀ ਮਨਜ਼ੂਰੀ ਦੇਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਅੱਜ ਕੱਲ੍ਹ ਆਈਐੱਨਐਕਸ ਮੀਡੀਆ ਨੂੰ 9ਐਕਸ ਨਿਊਜ਼ ਵਜੋਂ ਜਾਣਿਆ ਜਾਂਦਾ ਹੈ। ਸ੍ਰੀ ਚਿਦੰਬਰਮ ਨੇ ਰਿਹਾਈ ਤੋਂ ਬਾਅਦ ਬੁੱਧਵਾਰ ਰਾਤੀਂ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਰਾਹਤ ਮਹਿਸੂਸ ਕਰ ਰਹੇ ਹਨ। ਇਸ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਆਈਐੱਨਐਕਸ ਮੀਡੀਆ ਮਨੀਲਾਂਡਰਿੰਗ ਕੇਸ ਵਿੱਚ ਰਾਹਤ ਦਿੰਦਿਆਂ ਸੁਪਰੀਮ ਕੋਰਟ ਨੇ ਸ਼ਰਤਾਂ ਸਮੇਤ ਜ਼ਮਾਨਤ ਦੇ ਦਿੱਤੀ ਹੈ। ਸੁਪਰੀਮ ਕੋਰਟ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਕਿ ਉਹ ਰਿਹਾਅ ਹੋ ਕੇ ਤੱਥਾਂ ਨਾਲ ਛੇੜਛਾੜ ਕਰ ਸਕਦੇ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਨਾ ਤਾਂ ਉਹ ਰਾਜਸੀ ਤੌਰ ਉੱਤੇ ਸੱਤਾ ਵਿੱਚ ਹਨ ਅਤੇ ਨਾ ਹੀ ਸਰਕਾਰ ਵਿੱਚ ਕਿਸੇ ਅਹੁਦੇ ਉੱਤੇ ਹਨ। ਅਦਾਲਤ ਨੇ ਕਿਹਾ ਕਿ ਸਿਰਫ ਕਿਸੇ ਦੇ ਰੁਤਬੇ ਦੇ ਆਧਾਰ ’ਤੇ ਦਲੀਲ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ। ਸ੍ਰੀ ਚਿਦੰਬਰਮ (74) ਜੋ ਕਿ ਪਿਛਲੇ 105 ਦਿਨ ਤੋਂ ਜੇਲ੍ਹ ਵਿੱਚ ਬੰਦ ਹਨ, ਦੀ ਜ਼ਮਾਨਤ ਅਰਜ਼ੀ ਸਵੀਕਾਰ ਕਰਦਿਆਂ ਕਿਹਾ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਕਿ ਉਹ ਆਪਣੇ ਨਾਲ ਸਬੰਧਤ ਕੇਸ ਜਾਂ ਹੋਰ ਮੁਲਜ਼ਮਾਂ ਦੇ ਸਬੰਧ ਵਿੱਚ ਨਾ ਤਾਂ ਮੀਡੀਆ ਵਿੱਚ ਜਾ ਸਕਦੇ ਹਨ ਅਤੇ ਨਾ ਹੀ ਜਨਤਕ ਤੌਰ ਉੱਤੇ ਕੋਈ ਟਿੱਪਣੀ ਕਰ ਸਕਦੇ ਹਨ। ਜਦੋਂ ਈਡੀ ਨੇ ਅਦਾਲਤ ਵਿੱਚ ਜਾਣਕਾਰੀ ਦਿੱਤੀ ਕਿ ਕੋਈ ਵੀ ਗਵਾਹ ਉਨ੍ਹਾਂ ਖਿਲਾਫ਼ ਇਸ ਕਰਕੇ ਭੁਗਤਣ ਲਈ ਤਿਆਰ ਨਹੀਂ ਕਿਉਂਕਿ ਉਹ ਸ੍ਰੀ ਚਿਦੰਬਰਮ ਦੇ ਰਾਜ ਵੇਲੇ ਦੇ ਹੀ ਹਨ ਤਾਂ ਅਦਾਲਤ ਨੇ ਕਿਹਾ ਕਿ ਇਸ ਦੇ ਲਈ ਚਿਦੰਬਰਮ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਜਦੋਂ ਤਕ ਕੋਈ ਸਬੂਤ ਨਾ ਹੋਵੇ। ਚਿਦੰਬਰਮ ਨੂੰ ਭਵਿੱਖ ਵਿੱਚ ਪੜਤਾਲ ਵਿੱਚ ਸ਼ਾਮਲ ਹੋਣਾ ਪਵੇਗਾ।
INDIA ਚਿਦੰਬਰਮ 106 ਦਿਨਾਂ ਬਾਅਦ ਜੇਲ੍ਹ ’ਚੋਂ ਰਿਹਾਅ