ਪਟਿਆਲਾ (ਸਮਾਜਵੀਕਲੀ): ਕਾਰ ਵਿਚ ਜਾਂਦਿਆਂ ਮਾਸਕ ਨਾ ਪਾਉਣ ’ਤੇ ਪੁਲੀਸ ਵੱਲੋਂ ਕੀਤੇ ਜਾ ਰਹੇ ਚਲਾਨਾਂ ਦੇ ਮਾਮਲੇ ਨੂੰ ਲੈ ਕੇ ਸਿਹਤ ਵਿਭਾਗ ਅਤੇ ਪੁਲੀਸ ਵਿਭਾਗ ਆਹਮੋ-ਸਾਹਮਣੇ ਆ ਗਏ ਹਨ। ਜਿਥੇ ਸਿਹਤ ਵਿਭਾਗ ਬਿਨਾਂ ਮਾਸਕ ਤੋਂ ਕਾਰ ਵਿਚ ਜਾਂਦਿਆਂ ਚਲਾਨ ਕੀਤੇ ਜਾਣ ਦੀ ਪੁਲੀਸ ਕਾਰਵਾਈ ਨੂੰ ਗਲਤ ਗਰਦਾਨ ਰਿਹਾ ਹੈ, ਉਥੇ ਹੀ ਪੁਲੀਸ ਵਿਭਾਗ ਇਸ ਨੂੰ ਦਰੁਸਤ ਕਾਰਵਾਈ ਕਹਿ ਰਿਹਾ ਹੈ।
ਜ਼ਿਕਰਯੋਗ ਹੈ ਕਿ ਭਾਵੇਂ ਪੁਲੀਸ ਵੱਲੋਂ ਅਜਿਹੇ ਕਈ ਵਿਅਕਤੀਆਂ ਦੇ ਚਲਾਨ ਕੀਤੇ ਜਾ ਚੁੱਕੇ ਹਨ, ਪਰ ਬਿਨਾਂ ਮਾਸਕ ਤੋਂ ਕਾਰ ਵਿਚ ਜਾ ਰਹੀ ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਇੱਕ ਮਹਿਲਾ ਡਾਕਟਰ ਦਾ ਚਲਾਨ ਕੀਤੇ ਜਾਣ ਤੋਂ ਇਹ ਮਾਮਲਾ ਗਰਮਾ ਗਿਆ ਹੈ। ਪੁਲੀਸ ਦੀ ਅਜਿਹੀ ਕਾਰਵਾਈ ਦਾ ਨੋਟਿਸ ਲੈਂਦਿਆਂ ਪਟਿਆਲਾ ਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੂੰ ਪੱਤਰ ਲਿਖਿਆ ਹੈ। ਪੱਤਰ ਵਿੱਚ ਉਨ੍ਹਾਂ ਲਿਖਿਆ ਕਿ ਅਜਿਹਾ ਕਰਕੇ ਪਟਿਆਲਾ ਪੁਲੀਸ ਨਿਰਧਾਰਤ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ। ਸਿਵਲ ਸਰਜਨ ਦਾ ਤਰਕ ਸੀ ਕਿ ਕਾਰ ਵਿਚ ਬਿਨਾਂ ਮਾਸਕ ਤੋਂ ਜਾਂਦੇ ਕਿਸੇ ਵਿਅਕਤੀ ਦਾ ਚਲਾਨ ਨਹੀਂ ਕੀਤਾ ਜਾ ਸਕਦਾ।
ਉਧਰ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਸਿਹਤ ਵਿਭਾਗ ਦੇ ਹੀ 15 ਮਈ 2020 ਨੂੰ ਜਾਰੀ ਇੱਕ ਨੋਟੀਫਿਕੇਸ਼ਨ ਦਾ ਹਵਾਲਾ ਦਿੰਦਿਆਂ ਆਖਿਆ ਹੈ ਕਿ ਵਾਹਨ ਵਿਚ ਸਫ਼ਰ ਕਰਦਿਆਂ, ਹਰੇਕ ਵਿਅਕਤੀ ਲਈ ਮਾਸਕ ਪਹਿਨਣਾ ਲਾਜ਼ਮੀ ਕਰਾਰ ਦਿੱਤਾ ਗਿਆ ਹੈ। ਇਸ ਕਰਕੇ ਅਜਿਹੀ ਸੂਰਤ ਵਿਚ ਚਲਾਨ ਕਰਨ ’ਤੇ ਪੁਲੀਸ ’ਤੇ ਉਠਾਈ ਗਈ ਉਂਗਲ ਵਾਜਬ ਨਹੀਂ ਹੈ। ਉਨ੍ਹਾਂ ਨੇ ਸਿਵਲ ਸਰਜਨ ਨੂੰ ਆਪਣੀਆਂ ਵਿਭਾਗੀ ਹਦਾਇਤਾਂ ਤੇ ਨਿਯਮਾਂ ਪ੍ਰਤੀ ਅਪਡੇਟ ਰਹਿਣ ਦੀ ਸਲਾਹ ਵੀ ਦਿੱਤੀ ਹੈ। ਪੁਲੀਸ ਮੁਖੀ ਦਾ ਤਰਕ ਸੀ ਕਿ ਪੁਲੀਸ ਦੇ ਅਧਿਕਾਰੀ ਤੇ ਮੁਲਾਜ਼ਮ ਵੀ ਕਰੋਨਾ ਖ਼ਿਲਾਫ਼ ਜੰਗ ’ਚ ਤਿੰਨ ਮਹੀਨਿਆਂ ਤੋਂ ਪਹਿਲੀ ਕਤਾਰ ’ਚ ਰਹਿ ਕੇ ਹਰੇਕ ਵਰਗ ਨੂੰ ਸਹਿਯੋਗ ਕਰ ਰਹੇ ਹਨ। ਇਸ ਕਰਕੇ ਦੂਜਿਆਂ ਧਿਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਉਨ੍ਹਾਂ ਦਾ ਸਹਿਯੋਗ ਕਰਨ।
ਇਸੇ ਦੌਰਾਨ ਸਿਵਲ ਸਰਜਨ ਨੇ ਕਿਹਾ ਕਿ ਇਸ ਸਬੰਧੀ ਸਥਿਤੀ ਸਪੱਸ਼ਟ ਕਰਨ ਲਈ ਉਹ ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਪੱਤਰ ਲਿਖ ਰਹੇ ਹਨ। ਕਿਉਂਕਿ ਨੋਟੀਫਿਕੇਸ਼ਨ ਵਿਚ ਸਥਿਤੀ ਸਪੱਸ਼ਟ ਨਹੀਂ ਹੈ ਕਿ ਵਾਹਨ ਤੋਂ ਕੀ ਭਾਵ ਮੰਨਿਆ ਜਾਵੇ।