ਘਰ ਜਵਾਈ

ਸੋਨੂੰ ਮੰਗਲੀ

(ਸਮਾਜ ਵੀਕਲੀ)

ਸ਼ਾਮ ਢਲਣ ਵਾਲੀ ਸੀ , ਸੂਰਜ ਆਪਣੀਆਂ ਕਿਰਨਾਂ ਨੂੰ ਸਮੇਟਦਾ ਹੋਇਆ ਧਰਤੀ ਨੂੰ ਅਲਵਿਦਾ ਆਖਣ ਦੀ ਤਿਆਰੀ ਵਿੱਚ ਸੀ । ਸ਼ਹਿਰ ਦੀਆਂ ਸੜਕਾਂ ਦੀਆਂ ਲਾਈਟਾਂ ਜਲਣੀਆ ਸ਼ੁਰੂ ਹੋ ਚੁੱਕੀਆਂ ਸਨ । ਨਿੱਤ ਵਾਂਗ ਦੀਪ ਕੰਮ ਤੋਂ ਘਰ ਆਉਣ ਲਈ ਪਿੰਡ ਵਾਲੀ ਬੱਸ ਦੀ ਉਡੀਕ ਕਰ ਰਿਹਾ ਸੀ । ਅਚਾਨਕ ਇਕ ਵੱਡੀ ਸਾਰੀ ਕਾਰ ਉਸਦੇ ਕੋਲ ਆਣਕੇ ਰੁੱਕ ਗਈ । ਕਾਰ ਚਾਲਕ ਕਾਰ ਦੀ ਬਾਰੀ ਖੋਲ੍ਹਦਿਆਂ ਦੀਪ ਨੂੰ ਅੰਦਰ ਆਉਣ ਦਾ ਇਸ਼ਾਰਾ ਕੀਤਾ । ਦੀਪ ਕਾਰ ਚਾਲਕ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਅੱਗੋਂ ਕਾਰ ਚਾਲਕ ਬੋਲਿਆ  “…ਆਉਣਾ ਹੁਣ ਕੇ ਤੇਲ ਚੋ ਕੇ ਅੰਦਰ ਬਾੜਾਂ ਤੈਨੂੰ …” ।

ਦੀਪ ਨੇ ਇਕ ਦਮ ਆਵਾਜ਼ ਪਛਾਣ ਦਿਆਂ ਆਖਿਆ ” ..ਰਾਂਝਿਆ ਤੂੰ , ਬੜੇ ਚਿਰ ਬਾਅਦ ਦਿਖਿਆਂ ਪਤੰਦਰਾ ਕਿਥੇ ਅਲੋਪ ਰਿਹਾਂ ਇੰਨੇ ਸਾਲ ..”   । ਰਾਂਝੇ ਨੇ ਗੱਲਾਂ ਗੱਲਾਂ ਵਿੱਚ ਦੱਸਿਆ ਕਿ ਉਹ ਕਨੇਡਾ ਪੱਕਾ ਹੋ ਗਿਆ ਛੇ ਸਾਲ ਬਾਅਦ ਪੰਜਾਬ ਵਪਾਰ ਆਇਆ ਹੈ । ਇੰਨੇਂ ਨੂੰ ਰਾਂਝੇ ਨੂੰ ਫੋਨ ਆ ਗਿਆ , ਉਹ ਆਪਣੇ ਫੋਨ ਤੇ ਲੱਗ ਗਿਆ ਗੱਲ ਕਰਨ ਦੀਪ ਪੁਰਾਣੇ ਖਿਆਲਾਂ ਵਿੱਚ ਖੋ ਗਿਆ । ਜਦੋਂ ਉਹ ਲੁਧਿਆਣੇ ਗੌਰਮਿੰਟ ਕਾਲਜ ਵਿੱਚ ਨਵਾਂ ਨਵਾਂ ਪੜਨ ਲਈ ਗਿਆ । ਰਵਨੀਤ (ਰਾਂਝਾ ) ਉਸਦਾ ਜਮਾਤੀ ਸੀ , ਇਕ ਕੁੜੀ ਗੀਤ ਨਾਲ ਉਸਨੂੰ ਹੱਦੋਂ ਵੱਧ ਪਿਆਰ ਕਰਦਾ ਸੀ ।

ਉਸਦੀ ਖਾਤਰ ਕੁਝ ਰਵਨੀਤ ਮਰ ਮਿਟਣ ਨੂੰ ਤਿਆਰ ਸੀ । ਉਸਦਾ ਗੀਤ ਪ੍ਰਤੀ ਇੰਨਾਂ ਪ੍ਰੇਮ ਦੇਖਕੇ ਹੀ ਸਾਰੇ ਕਾਲਜ ਵਾਲੇ ਦੋਸਤ ਉਸਨੂੰ ਰਵਨੀਤ ਤੋਂ ਰਾਂਝਾ ਆਖਣ ਲੱਗ ਗਏ ਸਨ। ਦੀਪ ਨੂੰ ਪਰਿਵਾਰਕ ਮਜਬੂਰੀ ਕਾਰਨ ਪੜ੍ਹਾਈ ਵਿਚਕਾਰ ਛੱਡਣੀ ਪੈ ਗਈ ਸੀ । ਘਰ ਦੀਆਂ ਜੁੰਮੇਵਾਰੀਆਂ ਵਿੱਚ ਖੋਏ ਤੋਂ ਦੁਬਾਰਾ ਕਦੀ ਕਾਲਜੀ ਦੋਸਤਾਂ ਨਾਲ ਬਾਹਲਾ ਮੇਲ ਜੋਲ ਰੱਖ ਨਹੀਂ ਹੋਇਆ । ਅੱਜ ਦੁਬਾਰਾ ਰਾਂਝੇ ਨੂੰ ਮਿਲਕੇ ਉਸਨੂੰ ਉਹ ਪੁਰਾਣੇ ਦਿਨ ਯਾਦ ਆ ਰਹੇ ਸਨ ।

..” ਕਿਥੇ ਗੁਆਚ ਗਿਆਂ ਬੈਠਾ ਬੈਠਾ ..” ਰਵਨੀਤ ਨੇ ਦੀਪ ਦੇ ਪੱਟ ਉੱਤੇ ਹੱਥ ਮਾਰਦਿਆਂ ਪੁਛਿਆ । ……” ਕੁਝ ਨਹੀਂ ਯਾਰ , ਆਪਣੇ ਕਾਲਜ ਵਾਲੇ ਦਿਨ ਯਾਦ ਕਰ ਰਿਹਾ ਸੀ । ਕਿੰਨੀ ਮਸਤੀ ਕਰਦੇ ਹੁੰਦੇ ਸੀ ਆਪਾਂ , ਫਿਰ ਅਚਾਨਕ ਬਾਪੂ ਦੇ ਬਿਮਾਰ ਪੈਣ ਨਾਲ ਮੈਨੂੰ ਪੜਾਈ ਛੱਡਣੀ ਪੈ ਗਈ । ਆਪਾਂ ਸਾਰੇ ਵੱਖ ਹੋ ਗਏ । ਘਰ ਦਿਆਂ ਨੇ ਵਿਆਹ ਕਰ ਦਿੱਤਾ, ਬਸ ਹੁਣ ਘਰ ਤੋਂ ਕੰਮ,  ਕੰਮ ਤੋਂ ਘਰ ਇਹੀ ਜਿੰਦਗੀ ਰਹਿ ਗਈ । ਖੈਰ ਮੇਰੀ ਛੱਡ ਤੂੰ ਸੁਣਾ ਤੇਰੀ ਕਿਵੇਂ ਚਲਦੀ ਜਿੰਦਗੀ …” ਇੰਨਾਂ ਆਖ ਦੀਪ ਨੇ ਗੇਂਦ ਰਾਂਝੇ ਦੇ ਪਾਲੇ ਵਿੱਚ ਪਾ ਦਿੱਤੀ ।

..” ਬਹੁਤ ਵਧੀਆ ਚਲਦੀ , ਕਨੇਡਾ ਵਿਚ ਆਪਣਾ ਟਰਾਂਸਪੋਰਟ ਦਾ ਕਾਰੋਬਾਰ ਹੈ । ਦੋ ਬੱਚੇ ਹਨ ਮਉਥੇ ਹੀ ਪੜ੍ਹਦੇ ਹਨ । ਮਸਾਂ ਕੰਮਕਾਜੀ ਰੁਝੇਵਿਆਂ ਵਿਚੋਂ ਵਿਹਲ ਕੱਢ ਕੇ ਪੰਜਾਬ ਆਇਆ ਹਾਂ ..” । ਰਾਂਝੇ ਨੇ ਆਪਣੀ ਰਾਮ ਕਹਾਣੀ ਸੁਣਾਈ । ਰਾਂਝੇ ਦੀਆਂ ਗੱਲਾਂ ਵਿੱਚ ਕਿਤੇ ਗੀਤ ਦਾ ਜ਼ਿਕਰ ਨਾ ਸੁਣ ਰਾਂਝੇ ਨੇ ਗੀਤ ਵਾਰੇ ਜਾਨਣ ਦੀ ਇੱਛਾ ਨਾਲ ਪੁਛਿਆ  ..” ਹੋਰ ਫਿਰ ਗੀਤ ਭਾਬੀ ਦਾ ਕੀ ਹਾਲ ਹੈ ..”। ਰਾਂਝੇ ਨੇ ਇਕ ਲੰਬਾ ਹਾਉਂਕਾ ਲਿਆ ਅਤੇ ਕਿਹਾ ..” ਪਤਾ ਨਹੀਂ ਯਾਰ , ਕਾਲਜ ਤੋਂ ਬਾਅਦ ਉਸਨੂੰ ਕਦੀ ਮਿਲਿਆ ਨਹੀਂ ..”।..” ਪਰ ਕਿਉਂ ..” ਦੀਪ ਨੇ ਮੋੜਵਾਂ ਸਵਾਲ ਕੀਤਾ । ..”

ਕੀ ਦੱਸਾਂ , ਗੀਤ ਦੇ ਇਕਲੌਤੇ ਭਰਾ ਦੀ ਕਿਸੇ ਦੁਰਘਟਨਾ ਵਿੱਚ ਮੌਤ ਹੋ ਗਈ , ਫਿਰ ਉਹ ਕਾਫੀ ਉਦਾਸ ਰਹਿਣ ਲੱਗੀ , ਮੈਨੂੰ ਆਖਣ ਲੱਗੀ ਉਹ ਆਪਣੇ ਮਾਪਿਆਂ ਨੂੰ ਇੱਕਲਾ ਨਹੀਂ ਛੱਡ ਸਕਦੀ , ਜੇ ਮੈਂ ਉਸ ਨਾਲ ਵਿਆਹ ਕਰਨਾ ਤਾਂ ਮੈਨੂੰ ਉਸਦੇ ਘਰ ਘਰ ਜਵਾਈ ਬਣ ਰਹਿਣਾ ਪੈਣਾ ਹੈ ।ਯਰ ਤੈਨੂੰ ਤਾਂ ਪਤਾ ਮੈਂ ਖਾਂਦੇ ਪੀਂਦੇ ਮਾਪਿਆਂ ਦਾ ਇਕੋ ਇਕ ਪੁੱਤ ਹਾਂ , ਇੱਦਾਂ ਕਿਸੇ ਦੇ ਘਰ ਘਰ ਜਵਾਈ ਬਣਕੇ ਕਿੱਦਾਂ ਰਹਿ ਸਕਦਾਂ , ਸਾਡੀ ਵੀ ਕੋਈ ਇੱਜਤ ਆ , ਅਣਖ ਆ ..” ਇੰਨਾਂ ਆਖ ਰਾਂਝੇ ਨੇ ਇਕੋ ਝੱਟ ਸਾਰਾ ਮਨ ਦਾ ਭਾਰ ਉਤਾਰ ਲਿਆ ।

“…ਬਹੁਤ ਮਾੜਾ ਹੋਇਆ ਯਰ ਇਹ ਤਾਂ , ਚਲ ਹੋਰ ਸੁਣਾ ਕਨੇਡਾ ਕਿੱਦਾਂ ਪਹੁੰਚਿਆ ..”  ਦੀਪ ਨੇ ਪੁਛਿਆ । ..”  ਕਾਲਜ ਪਾਸ ਕਰਨ ਤੋਂ ਬਾਅਦ ਮਾਸੀ ਨੇ ਰਿਸ਼ਤਾ ਕਰਵਾ ਦਿੱਤਾ , ਕੁੜੀ ਕਨੇਡਾ ਦੀ ਜੰਮਪਲ ਸੀ, ਇਕਲੌਤੀ ਕੁੜੀ ਸੀ ਮਾਪਿਆਂ ਦੀ  ਉਸਦੇ ਪਿਤਾ ਦਾ ਟਰਾਂਸਪੋਰਟ ਦਾ ਕੰਮ ਸੀ । ਆਪਾਂ ਵਿਆਹ ਕਰਵਾਇਆ ਤੇ ਕਨੇਡਾ ਆ ਗਏ । ਹੁਣ ਮੈਂ ਤੇ ਮੇਰਾ ਸਹੁਰਾ ਸਾਰਾ ਕੰਮ ਸੰਭਾਲਦੇ ਹਾਂ …” ਰਾਂਝੇ ਨੇ ਦਸਿਆ ।

ਇੰਨੇਂ ਨੂੰ ਦੀਪ ਦਾ ਪਿੰਡ ਆ ਗਿਆ , ਉਸਨੇ ਰਾਂਝੇ ਨੂੰ ਘਰ ਚੱਲਣ ਨੂੰ ਕਿਹਾ । ਪਰ ਰਾਂਝੇ ਨੇ ਆਖਿਆ ਕੀਂ ਉਸਨੇ ਅੱਗੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾਣਾ ਆਉਂਦੇ ਹੋਏ ਜੇ ਸਮਾਂ ਮਿਲਿਆ ਤਾਂ ਮਿਲਕੇ ਜਾਵੇਗਾ । ਰਾਂਝਾ ਤਾਂ ਦੀਪ ਤੋਂ ਅਲਵਿਦਾ ਲੈ ਤੁਰ ਪਿਆ ਪਰ ਦੀਪ ਸੋਚ ਰਿਹਾ ਸੀ ਕਿ ਰਾਂਝਾ ਇੰਨਾਂ ਪਿਆਰ ਕਰਨ ਵਾਲੀ ਗੀਤ ਦੇ ਘਰ ਦੇ ”  ਘਰ ਜਵਾਈ ” ਬਣਕੇ ਰਹਿਣ ਨੂੰ ਤਿਆਰ ਨਹੀਂ ਸੀ । ਪਰ ਹੁਣ ਉਹ ਕਨੇਡਾ ਵਿੱਚ ਕੀ ਬਣਕੇ ਰਹਿ ਰਿਹਾ ਹੈ ।

ਸੋਨੂੰ ਮੰਗਲ਼ੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ
ਫੋਨ 8194958011

Previous articleਇੱਕ ਅੱਖ ਤੋਂ ਕਾਣਾ ਬਾਬਾ
Next article30 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਰਖਿਆ ਨੀਂਹ ਪੱਥਰ