ਘਰ-ਘਰ ਰੋਜ਼ਗਾਰ ਮਿਸ਼ਨ ਸਕੀਮ ਤਹਿਤ ਸੁਲਤਾਨਪੁਰ ਲੋਧੀ ‘ਚ ਲਗਾਇਆ ਗਿਆ ਸਵੈ ਰੋਜ਼ਗਾਰ ਕੈਂਪ

  • 172 ਨੌਜਵਾਨਾਂ ਨੇ ਕੀਤੀ ਸ਼ਿਰਕਤ

ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ):  ਪੰਜਾਬ ਸਰਕਾਰ ਵਲੋਂ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲੇ ਦੇ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਉਣ ਦੇ ਉਦੇਸ਼ ਜ਼ਿਲਾ ਕਪੂਰਥਲਾ ਵਿਖੇ ਬਲਾਕ ਪੱਧਰ ‘ਤੇ ਅਕਤੂਬਰ ਤੋਂ ਦਸੰਬਰ ਤੱਕ ਚਲਾਈ ਜਾ ਰਹੀ ਮੈਗਾ ਸਵੈ ਰੋਜਗਾਰ ਮੁਹਿੰਮ ਤਹਿਤ ਅੱਜ ਸੁਲਤਾਨਪੁਰ ਲੋਧੀ ਵਿਖੇ ਨਾਲ ਸਵੈ ਰੋਜ਼ਗਾਰ ਕੈਂਪ ਲਗਾਇਆ ਗਿਆ ਜਿਸ ਵਿੱਚ 172 ਨੌਜਵਾਨਾਂ ਵਲੋਂ ਭਾਗ ਲਿਆ ਗਿਆ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਕਪੂਰਥਲਾ ਸ੍ਰੀਮਤੀ ਨੀਲਮ ਮਹੇ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉਪਲ ਦੀ ਯੋਗ ਰਹਿਨੁਮਾਈ ਹੇਠ ਸੁਲਤਾਨਪੁਰ ਲੋਧੀ ਵਿਖੇ ਲਗਾਏ ਗਏ ਸਵੈ ਰੋਜ਼ਗਾਰ ਕੈਂਪ ਵਿੱਚ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਸਮੇਤ ਜ਼ਿਲਾ ਉਦਯੋਗ ਕੇਂਦਰ, ਮੱਛੀ ਪਾਲਣ, ਡੇਅਰੀ ਵਿਕਾਸ, ਪੰਜਾਬ ਗ੍ਰਾਮੀਣ ਬੈਂਕ, ਪੰਜਾਬ ਨੈਸ਼ਨਲ ਬੈਂਕ, ਪਸ਼ੂ ਪਾਲਣਾ ਅਤੇ ਰਾਸ਼ਟਰੀ ਰੂਰਲ ਰੈਵਲੀ ਹੂਡ ਮਿਸ਼ਨ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਲੋਂ ਭਾਗ ਲਿਆ ਗਿਆ।

ਇਸ ਸਵੈ ਰੋਜ਼ਗਾਰ ਕੈਂਪ ਦੌਰਾਨ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਸ੍ਰੀਮਤੀ ਨੀਲਮ ਮਹੇ ਵਲੋਂ ਕੈਂਪ ਵਿੱਚ ਸ਼ਾਮਿਲ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਅਧਾਰਿਤ ਕਿੱਤਾ ਮੁਖੀ ਸਿਖਲਾਈ ਬਾਰੇ ਜਿਵੇਂ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਆਰ. ਸੇਟੀ ਕਪੂਰਥਲਾ ਵਿਖੇ ਪੰਜਾਬ ਸਰਕਾਰ ਵਲੋਂ ਜਾ ਰਹੇ ਮੁਫ਼ਤ ਕੋਰਸਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸੇ ਤਰਾਂ ਡੇਅਰੀ ਵਿਕਾਸ ਵਿਭਾਗ ਵਲੋਂ ਡੇਅਰੀ ਕਿੱਤੇ ਦੀ ਸਿਖਲਾਈ ਉਪਰੰਤ ਮੱਝਾਂ ਦੀ ਖ਼ਰੀਦ ਲਈ ਕਰਜ਼ ਅਤੇ ਸਬਸਿਡੀ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ।

ਇਸ ਤੋਂ ਇਲਾਵਾ ਪਸ਼ੂ ਪਾਲਣ, ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਵਲੋਂ ਸੂਰ ਤੇ ਬੱਕਰੀ ਅਤੇ ਮੱਛੀ ਪਾਲਣ ਕਿਤੇ ਸਬੰਧੀ ਸਿਖਲਾਈ ਲੈਣ ਅਤੇ ਕਰਜ਼ ਦੀ ਸਹੂਲਤ ਦਾ ਲਾਭ ਉਠਾਉਣ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ ਰਾਸ਼ਟਰੀ ਰੂਰਲ ਰੈਵਲੀ ਹੂਡ ਮਿਸ਼ਨ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ( ਵਿਕਾਸ) ਕਪੂਰਥਲਾ ਵਲੋਂ ਪਿੰਡਾਂ ਵਿੱਚ ਚਲਾਏ ਜਾ ਰਹੇ ਸਵੈ ਸਹਾਇਤਾ ਗਰੁੱਪਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ ਅਤੇ ਪਿੰਡਾਂ ਵਿੱਚ ਆਪਣਾ ਕੰਮ ਧੰਦਾ ਸ਼ੁਰੂ ਕਰਨ ਵਾਲੀਆਂ ਬਿਬੀਆਂ ਨੂੰ ਕਰੈਡਿਟ ਲੀਕੇਂਜ ਬਾਰੇ ਵਿਸਥਾਰ ਨਾਲ ਜਾਣੂੰ ਕਰਵਾਇਆ ਗਿਆ।

ਇਸ ਮੌਕੇ ਪੰਜਾਬ ਨੈਸ਼ਨਲ ਬੈਂਕ ਅਤੇ ਪੰਜਾਬ ਗ੍ਰਾਮੀਣ ਬੈਂਕ ਵਲੋਂ ਬੈਂਕਾਂ ਦੁਆਰਾ ਚਲਾਈਆਂ ਜਾ ਰਹੀਆਂ ਵਿੱਤੀ ਸਹਾਇਤਾ ਸਕੀਮਾਂ ਜਿਵੇਂ ਕਿ ਮੁਦਰਾ ਲੋਨ ਅਧੀਨ ਛੋਟੀਆਂ ਕਰਜ਼ਾ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਮੌਕੇ ਸ੍ਰੀਮਤੀ ਮਹੇ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵਲੋਂ ਉਨਾਂ ਨੂੰ ਆਤਮ ਨਿਰਭਰ ਬਣਾਉਣ ਲਈਆਂ ਚਲਾਈਆਂ ਗਈਆਂ ਵੱਖ-ਵੱਖ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦਾ ਸੱਦਾ ਦਿੰਦਿਆਂ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦਫ਼ਤਰ ਨਾਲ ਜੁੜਨ ਦੀ ਅਪੀਲ ਕੀਤੀ ਗਈ ਤਾਂ ਜੋ ਉਹ ਵੱਖ-ਵੱਖ ਸਕੀਮਾਂ ਬਾਰੇ ਸਮੇਂ ਸਿਰ ਜਾਣਕਾਰੀ ਹਾਸਿਲ ਕਰਕੇ ਉਨਾਂ ਦਾ ਲਾਭ ਉਠਾ ਸਕਣ ਅਤੇ ਦੇਸ਼ ਅਤੇ ਸੂਬੇ ਦੇ ਆਰਥਿਕ ਤੇ ਸਮਾਜਿਕ ਵਿਕਾਸ ਵਿੱਚ ਬਰਾਬਰ ਦੇ ਭਾਈਵਾਲ ਬਣ ਸਕਣ।

Previous article*ਧੰਨਵਾਦ ਥੋਡਾ ਹਰਿਆਣਾ ਵਾਲ਼ਿਉ*
Next articleਕਿਸਾਨ