ਪਟਨਾ (ਸਮਾਜ ਵੀਕਲੀ) : ਬਿਹਾਰ ਦੇ ਬਕਸਰ ਜ਼ਿਲ੍ਹੇ ’ਚੋਂ ਲੰਘਦੀ ਗੰਗਾ ਨਦੀ ਵਿੱਚੋਂ ਗਲੀਆਂ ਸੜੀਆਂ ਲਾਸ਼ਾਂ ਵਹਿੰਦੀਆਂ ਮਿਲੀਆਂ ਹਨ, ਜਿਨ੍ਹਾਂ ਬਾਰੇ ਸ਼ੱਕ ਹੈ ਕਿ ਇਹ ਸਾਰੇ ਵਿਅਕਤੀ ਕਰੋਨਾ ਕਰਕੇ ਮਰੇ ਹਨ। ਖ਼ਬਰ ਮਿਲਦੇ ਹੀ ਬਕਸਰ ਦੇ ਚੌਸਾ ਬਲਾਕ ਦੇ ਅਧਿਕਾਰੀ ਮੌਕੇ ’ਤੇ ਪੁੱਜ ਗਏ। ਬਕਸਰ ਦਾ ਇਲਾਕਾ ਉੱਤਰ ਪ੍ਰਦੇਸ਼ ਦੀ ਐਨ ਸਰਹੱਦ ਨਾਲ ਲਗਦਾ ਹੈ। ਚੌਸਾ ਦੇ ਬੀਡੀਓ ਅਸ਼ੋਕ ਕੁਮਾਰ ਨੇ ਦੱਸਿਆ, ‘ਸਾਨੂੰ ਸਥਾਨਕ ਚੌਕੀਦਾਰ ਨੇ ਸੂਚਨਾ ਦਿੱਤੀ ਸੀ ਕਿ ਗੰਗਾ ਨਦੀ ਵਿੱਚ ਉਪਰੋਂ ਕੁਝ ਲਾਸ਼ਾਂ ਵਹਿੰਦੀਆਂ ਆਈਆਂ ਹਨ।
ਹੁਣ ਤੱਕ 15 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਕੋਈ ਵੀ ਜ਼ਿਲ੍ਹੇ ਦਾ ਵਸਨੀਕ ਨਹੀਂ ਜਾਪਦਾ।’ ਉਨ੍ਹਾਂ ਕਿਹਾ, ‘‘ਯੂਪੀ ਦੇ ਕਈ ਜ਼ਿਲ੍ਹੇ ਐਨ ਗੰਗਾ ਨਦੀ ਕੇ ਕੰਢੇ ’ਤੇ ਹਨ ਤੇ ਇਨ੍ਹਾਂ ਲਾਸ਼ਾਂ ਨੂੰ ਪਾਣੀ ਵਿੱਚ ਕਿਉਂ ਵਹਾਇਆ ਗਿਆ, ਇਸ ਬਾਰੇ ਅਜੇ ਤੱਕ ਕੁਝ ਵੀ ਸਪੱਸ਼ਟ ਨਹੀਂ ਹੈ। ਹਾਲ ਦੀ ਘੜੀ ਅਸੀਂ ਇਹ ਪੁਸ਼ਟੀ ਵੀ ਨਹੀਂ ਕਰ ਸਕਦੇ ਕਿ ਇਹ ਸਾਰੇ ਪੀੜਤ ਕਰੋਨਾ ਪਾਜ਼ੇਟਿਵ ਸਨ। ਲਾਸ਼ਾਂ ਗਲਣੀਆਂ ਸ਼ੁਰੂ ਹੋ ਗਈਆਂ ਸਨ ਪਰ ਅਸੀਂ ਇਨ੍ਹਾਂ ਦੇ ਸਸਕਾਰ ਮੌਕੇ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਯਕੀਨੀ ਬਣਾ ਰਹੇ ਹਾਂ।’’
ਉਧਰ ਕੁਝ ਖ਼ਬਰ ਚੈਨਲਾਂ ਨੇ ਪਾਣੀ ’ਚ ਰੁੜ੍ਹ ਕੇ ਆਈਆਂ ਲਾਸ਼ਾਂ ਦੀ ਗਿਣਤੀ ਸੌ ਤੋਂ ਵਧ ਹੋਣ ਦਾ ਦਾਅਵਾ ਕੀਤਾ ਹੈ, ਹਾਲਾਂਕਿ ਬੀਡੀਓ ਨੇ ਇਸ ਅੰਕੜੇ ਨੂੰ ਖਾਰਜ ਕਰ ਦਿੱਤਾ। ਕਈ ਸਥਾਨਕ ਲੋਕਾਂ, ਜਿਨ੍ਹਾਂ ਆਪਣੇ ਚਿਹਰੇ ਢਕੇ ਹੋਏ ਸਨ, ਨੇ ਦਾਅਵਾ ਕੀਤਾ ਕਿ ਸ਼ਮਸ਼ਾਨਘਾਟਾਂ ਦਾ ਪ੍ਰਬੰਧ ਵੇਖ ਰਹੇ ਲੋਕਾਂ ਵੱਲੋਂ ਕੋਵਿਡ ਪੀੜਤਾਂ ਦੀਆਂ ਅੰਤਿਮ ਰਸਮਾਂ ਲਈ ਕਥਿਤ ਮੋਟੀ ਰਕਮ ਮੰਗੀ ਜਾਂਦੀ ਹੈ। ਇਹੀ ਨਹੀਂ ਸਸਕਾਰ ਲਈ ਲੱਕੜ ਤੇ ਹੋਰ ਲੋੜੀਂਦੀ ਸਮੱਗਰੀ ਦੀ ਵੱਡੀ ਕਿੱਲਤ ਹੈ, ਰਹਿੰਦੀ ਖੂੰਹਦੀ ਕਸਰ ਲੌਕਡਾਊਨ ਨੇ ਕੱਢ ਛੱਡੀ ਹੈ। ਇਹੀ ਵਜ੍ਹਾ ਹੈ ਕਿ ਕਈ ਪੀੜਤ ਪਰਿਵਾਰ ਆਪਣੇ ਸਕੇ ਸਬੰਧੀਆਂ ਦੀਆਂ ਲਾਸ਼ਾਂ ਨੂੰ ਨਦੀ ਵਿੱਚ ਜਲ ਪ੍ਰਵਾਹ ਕਰਨ ਲਈ ਮਜਬੂਰ ਹਨ।
ਇਸ ਦੌਰਾਨ ਇਕ ਹੋਰ ਸਥਾਨਕ ਵਿਅਕਤੀ ਨੇ ਕਿਹਾ, ‘‘ਆਮ ਕਰਕੇ ਕੋਵਿਡ-19 ਪੀੜਤ ਮਰੀਜ਼ ਦੇ ਪਰਿਵਾਰਕ ਮੈਂਬਰ ਲਾਸ਼ ਸਥਾਨਕ ਪ੍ਰਸ਼ਾਸਨ ਹਵਾਲੇ ਕਰ ਦਿੰਦੇ ਹਨ, ਜੋ ਇਹ ਦਾਅਵਾ ਕਰਦਾ ਹੈ ਕਿ ਉਹ ਪੂਰੇ ਨੇਮਾਂ ਤੇ ਸਾਵਧਾਨੀਆਂ ਨਾਲ ਅੰਤਿਮ ਰਸਮਾਂ ਨੂੰ ਅੰਜਾਮ ਦੇਣਗੇ। ਪਰ ਅਸਲ ਵਿੱਚ ਹੁੰਦਾ ਕੀ ਹੈ ਕਿ ਅਧਿਕਾਰੀ ਖੁ਼ਦ ਨੂੰ ਲਾਗ ਚਿੰਬੜਨ ਦੇ ਡਰੋਂ ਲਾਸ਼ਾਂ ਨਦੀਆਂ ’ਚ ਸੁੱਟ ਕੇ ਉਥੋਂ ਰਫੂਚੱਕਰ ਹੋ ਜਾਦੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਭੋਰਾ ਵੀ ਅਹਿਸਾਸ ਨਹੀਂ ਹੁੰਦਾ ਕਿ ਉਹ ਅਜਿਹਾ ਕਰਕੇ ਨਦੀ-ਨਾਲਿਆਂ ਨੂੰ ਪਲੀਤ ਕਰ ਰਹੇ ਹਨ।’’