ਗੜ੍ਹਸ਼ੰਕਰ ’ਚ ਦਿਨ ਦਿਹਾੜੇ ਕਾਰੀਗਰ ਦਾ ਕਤਲ

ਸ਼ਹਿਰ ਵਿੱਚੋਂ ਲੰਘਦੀ ਚੰਡੀਗੜ੍ਹ ਹੁਸ਼ਿਆਰਪੁਰ ਸੜਕ ’ਤੇ ਮੁੱਖ ਬਾਜ਼ਾਰ ਕੋਲ ਪੈਂਦੇ ਧਾਰਮਿਕ ਅਸਥਾਨ ਗੁੱਗਾ ਮਾੜੀ ਦੇ ਨਾਲ ਸਾਈਕਲਾਂ ਦੀ ਮੁਰੰਮਤ ਕਰਨ ਵਾਲੇ ਕਾਮੇ ਦਾ ਅੱਜ ਸ਼ਾਮ ਕਰੀਬ ਪੌਣੇ ਪੰਜ ਵਜੇ ਕੁਝ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਦੁਆਰਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਨਿਰਮਲ ਸਿੰਘ ਨਿੰਮਾ (63) ਪੁੱਤਰ ਬਿਸ਼ਨ ਦਾਸ ਵਜੋਂ ਹੋਈ ਹੈ। ਉਹ ਗੜ੍ਹਸ਼ੰਕਰ ਸ਼ਹਿਰ ਦੇ ਵਾਰਡ ਨੰਬਰ ਦੋ ਦਾ ਰਹਿਣ ਵਾਲਾ ਸੀ ਅਤੇ ਲੰਮੇਂ ਸਮੇਂ ਤੋਂ ਇਸੇ ਥਾਂ ’ਤੇ ‘ਨਿਰਮਲ ਸਾਈਕਲ ਵਰਕਸ’ ਨਾਮ ਹੇਠਾਂ ਸਾਈਕਲ ਮੁਰੰਮਤ ਦਾ ਕੰਮ ਕਰਦਾ ਸੀ। ਨੇੜਲੇ ਦੁਕਾਨਦਾਰਾਂ ਅਨੁਸਾਰ ਕਤਲ ਵਾਲੀ ਘਟਨਾ ਨਾਲ ਮਾਰਕੀਟ ਵਿਚ ਦਹਿਸ਼ਤ ਫੈਲ ਗਈ ਹੈ ਅਤੇ ਧਾਰਮਿਕ ਖਿਆਲਾਂ ਵਾਲੇ ਨਿਰਮਲ ਸਿੰਘ ਦੀ ਕਿਸੇ ਨਾਲ ਕੋਈ ਰੰਜ਼ਿਸ਼ ਵਰਗੀ ਗੱਲ ਨਹੀਂ ਹੋ ਸਕਦੀ। ਕਤਲ ਦੀ ਵਾਰਦਾਤ ਦਾ ਪਤਾ ਲੱਗਦਿਆਂ ਹੀ ਹਲਕਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ, ਐਮਸੀ ਸੋਮ ਨਾਥ ਬੰਗੜ ਆਦਿ ਮੌਕੇ ’ਤੇ ਪੁੱਜੇ ਅਤੇ ਪੁਲੀਸ ਪ੍ਰਸ਼ਾਸਨ ’ਤੇ ਇਲਾਕੇ ਵਿਚ ਵੱਧ ਰਹੀਆਂ ਲਾਕਾਨੂੰਨੀ ਦੀਆਂ ਘਟਨਾਵਾਂ ’ਤੇ ਰੋਸ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਵਿਧਾਇਕ ਦੀ ਹਾਜ਼ਰ ਵਿਚ ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਅਤੇ ਕੁਝ ਦੇਰ ਲਈ ਆਵਾਜਾਈ ਵੀ ਠੱਪ ਕੀਤੀ। ਇਸ ਮੌਕੇ ਘਟਨਾ ਸਥਾਨ ’ਤੇ ਪੁੱਜੇ ਡੀਐਸਪੀ ਸਤੀਸ਼ ਕੁਮਾਰ ਅਤੇ ਐਸਐਚਓ ਬਲਵਿੰਦਰ ਸਿੰਘ ਨੇ ਇਲਾਕਾ ਵਾਸੀਆਂ ਨੂੰ ਕਾਤਲਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਵਾਰਦਾਤ ਵਾਲੀ ਥਾਂ ਦੀ ਪੜਤਾਲ ਕੀਤੀ। ਐਸਐਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਗਲੇ ਅਤੇ ਸਿਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਹਨ ਅਤੇ ਇਸ ਸਬੰਧੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ।

Previous articleਵਿਦਿਆਰਥੀਆਂ ਨੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਨੂੰ ਜੜਿਆ ਤਾਲ਼ਾ
Next articleਹੜ੍ਹਾਂ ਦੇ ਪਾਣੀ ਦਾ ਨਿਕਾਸ, ਚਿੱਕੜ ਵਿਚ ਫਸੇ ਲੁਧਿਆਣਵੀ