ਗ੍ਰਿਫ਼ਤਾਰੀ ਤੋਂ ਬਚਣ ਲਈ ਚਿਦੰਬਰਮ ਖੇਡ ਰਹੇ ਨੇ ‘ਪੀੜਤ ਹੋਣ ਦਾ ਪੱਤਾ’: ਈਡੀ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਸੁਪਰੀਮ ਕੋਰਟ ਵਿਚ ਕਿਹਾ ਕਿ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਆਈਐਨਐਕਸ ਮੀਡੀਆ ਕੇਸ ਵਿਚ ਗ੍ਰਿਫ਼ਤਾਰੀ ਤੋਂ ਬਚਣ ‘ਪੀੜਤ ਧਿਰ ਦਾ ਪੱਤਾ ਖੇਡ’ ਰਹੇ ਹਨ। ਜਾਂਚ ਏਜੰਸੀ ਨੇ ਮਾਮਲੇ ਨੂੰ ‘ਮਨੀ ਲਾਂਡਰਿੰਗ ਦਾ ਗੰਭੀਰ ਕੇਸ’ ਕਰਾਰ ਦਿੰਦਿਆਂ ਕਿਹਾ ਕਿ ਈਡੀ ਨੇ ਚਿਦੰਬਰਮ ਦੀ ਹਿਰਾਸਤੀ ਪੁੱਛਗਿੱਛ ਲਈ ਲੋੜੀਂਦੀ ‘ਪੁਖ਼ਤਾ ਸਮੱਗਰੀ’ ਇਕੱਠੀ ਕਰ ਲਈ ਹੈ। ਈਡੀ ਨੇ ਕਿਹਾ ਕਿ ਇਸ ਕੋਲ ਵਿਦੇਸ਼ੀ ਮੁਲਕਾਂ ਤੇ ਬੈਂਕਾਂ ਕੋਲੋਂ ਇਕੱਤਰ ਕੀਤੀ ‘ਪੁਖ਼ਤਾ ਜਾਣਕਾਰੀ ਵਿਸਤਾਰ ਵਿਚ ਹੈ’। ਇਸ ਵਿਚ ਵਿਦੇਸ਼ੀ ਸੰਪਤੀ, ਘਰਾਂ ਦੇ ਨੰਬਰ, ਕੰਪਨੀਆਂ ਤੇ ਉਨ੍ਹਾਂ ਦੀ ਮਾਲਕਾਂ ਬਾਰੇ ਜਾਣਕਾਰੀ ਹੈ। ਈਡੀ ਨੇ ਜਸਟਿਸ ਆਰ. ਬਾਨੂਮਤੀ ਤੇ ਏਐੱਸ. ਬੋਪੰਨਾ ਦੇ ਬੈਂਚ ਨੂੰ ਇਹ ਜਾਣਕਾਰੀ ਦਿੱਤੀ ਜਿਨ੍ਹਾਂ ਚਿਦੰਬਰਮ ਨੂੰ ਗ੍ਰਿਫ਼ਤਾਰੀ ਤੋਂ ਦਿੱਤੀ ਅੰਤ੍ਰਿਮ ਰਾਹਤ ਵੀਰਵਾਰ ਤੱਕ ਵਧਾਈ ਹੈ। ਏਜੰਸੀ ਨੇ ਬੈਂਚ ਨੂੰ ਦੱਸਿਆ ਹੈ ਕਿ ‘ਕਿਸੇ ਨੂੰ ਮਿੱਥ ਕੇ ਨਿਸ਼ਾਨਾ ਨਹੀਂ’ ਬਣਾਇਆ ਜਾ ਰਿਹਾ। ਈਡੀ ਨੇ ਕਿਹਾ ਕਿ ਕਾਲੇ ਧਨ ਨੂੰ ਸਫ਼ੈਦ ਬਣਾਉਣ ਦਾ ਇਹ ਅਪਰਾਧ ‘ਪੂਰੀ ਯੋਜਨਾਬੰਦੀ’ ਨਾਲ ਤੇ ‘ਸੋਚ ਸਮਝ’ ਕੇ ਕੀਤਾ ਗਿਆ ਹੈ। ਈਡੀ ਵੱਲੋਂ ਪੇਸ਼ ਹੋਏ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਜਾਂਚ ਦੌਰਾਨ ਇਕੱਤਰ ਕੀਤੀ ‘ਸੰਵੇਦਨਸ਼ੀਲ ਸਮੱਗਰੀ’ ਫ਼ਿਲਹਾਲ ਚਿਦੰਬਰਮ ਨਾਲ ਸਾਂਝੀ ਨਹੀਂ ਕੀਤੀ ਜਾ ਸਕਦੀ। ਮਹਿਤਾ ਨੇ ਕਿਹਾ ਕਿ ਹਿਰਾਸਤੀ ਪੁੱਛਗਿੱਛ ਦੌਰਾਨ ਇਸ ਨੂੰ ਮੁਲਜ਼ਮ ਨਾਲ ਸਾਂਝਾ ਕੀਤਾ ਜਾਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਏਜੰਸੀ ਕਿਸੇ ਨੂੰ ਚਾਹ ਦਾ ਕੱਪ ਸਾਂਝਾ ਕਰਨ ਲਈ ਗ੍ਰਿਫ਼ਤਾਰ ਨਹੀਂ ਕਰਦੀ।

Previous articleਇਮਰਾਨ ਯੂਐੱਨ ’ਚ ਰੱਖਣਗੇ ਕਸ਼ਮੀਰੀਆਂ ਦੀਆਂ ਭਾਵਨਾਵਾਂ: ਕੁਰੈਸ਼ੀ
Next articleਖੰਡ ਦੀ ਬਰਾਮਦ ’ਤੇ 6268 ਕਰੋੜ ਦੀ ਸਬਸਿਡੀ ਐਲਾਨੀ