ਮਜੀਠਾ- ਇਥੋਂ ਥੋੜ੍ਹੀ ਦੂਰ ਪੈਂਦੇ ਪਿੰਡ ਹਮਜਾ ਵਿੱਚ ਚਾਰ ਹਥਿਆਰਬੰਦ ਮੋਟਰਸਾਈਕਲ ਸਵਾਰਾਂ ਵੱਲੋਂ ਇੱਕ ਨੌਜਵਾਨ ਨੂੰ ਲੋਹੇ ਦੀਆਂ ਰਾਡਾਂ ਨਾਲ ਅਤੇ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਹੈ।
ਜ਼ਖ਼ਮੀ ਨੌਜਵਾਨ ਦੀ ਪਹਿਚਾਣ ਗੁਰਜੀਤ ਸਿੰਘ ਉਰਫ ਗੋਲਡੀ ਪੁੱਤਰ ਕੁਲਵੰਤ ਸਿੰਘ ਵਾਸੀ ਹਮਜਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਗੋਲਡੀ ਜਿਹੜਾ ਪਿੰਡ ਦੇ ਬਾਹਰ ਖੇਤਾਂ ਵਿੱਚ ਬਹਿਕ ਉੱਤੇ ਰਹਿੰਦਾ ਹੈ ਅਤੇ ਪਿੰਡ ਹਮਜਾ ਵਿੱਚ ਵੀ ਆਪਣਾ ਮਕਾਨ ਬਣਾ ਰਿਹਾ ਸੀ।
ਅੱਜ ਸਵੇਰ ਵੇਲੇ ਜਦੋਂ ਉਹ ਆਪਣੇ ਬਣਾਏ ਜਾ ਰਹੇ ਮਕਾਨ ਦੀਆਂ ਕੰਧਾਂ ਨੂੰ ਪਾਣੀ ਲਗਾ ਰਿਹਾ ਸੀ ਕਿ ਚਾਰ ਅਣਪਛਾਤੇ ਨੌਜਵਾਨ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਉਸ ਕੋਲ ਆਏ।
ਇਸ ਦੌਰਾਨ ਦੋ ਨੌਜੁਆਨਾਂ ਨੇ ਉਸ ’ਤੇ ਲੇਹੇ ਦੀਆਂ ਰਾਡਾਂ ਨਾਲ ਹਮਲਾ ਕਰ ਦਿੱਤਾ। ਜਦੋਂ ਗੋਲਡੀ ਭੱਜਣ ਲੱਗਾਂ ਤਾਂ ਦੂਜੇ ਮੋਟਰਸਾਈਕਲ ਸਵਾਰਾਂ ਵਿੱਚੋਂ ਇੱਕ ਨੇ ਆਪਣੇ ਪਿਸਤੌਲ ਨਾਲ ਉਸ ਉੱਤੇ ਦੋ ਗੋਲੀਆਂ ਚਲਾ ਦਿਤੀਆਂ, ਜਿਸ ਨਾਲ ਗੋਲਡੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਘਟਨਾ ਤੋਂ ਬਾਅਦ ਪਿੰਡ ਦੇ ਲੋਕਾਂ ਨੂੰ ਇਕੱਠੇ ਹੁੰਦਾ ਵੇਖ ਕੇ ਚਾਰੇ ਹਮਲਾਵਰ ਮੌਕੇ ਤੋਂ ਭੱਜਣ ਵਿੱਚ ਸਫਲ ਹੋ ਗਏ।
ਜ਼ਖ਼ਮੀ ਗੋਲਡੀ ਨੂੰ ਫਿੱਲਹਾਲ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਪਿੱਛੇ ਵਜ੍ਹਾ ਆਪਸੀ ਰੰਜਿਸ਼ ਨੂੰ ਦੱਸਿਆ ਜਾ ਰਿਹਾ ਹੈ।
ਉਧਰ, ਪੁਲੀਸ ਥਾਣਾ ਮਜੀਠਾ ਦੇ ਮੁਖੀ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਜ਼ਖ਼ਮੀ ਦੇ ਬਿਆਨਾਂ ਦੇ ਆਧਾਰ ਉੱਤੇ ਪੂਰੇ ਮਾਮਲੇ ਦੀ ਜਾਂਚ ਕਰਕੇ ਹਮਲਾਵਰਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
INDIA ਗੋਲੀਆਂ ਮਾਰ ਕੇ ਨੌਜਵਾਨ ਜ਼ਖ਼ਮੀ