ਚੰਡੀਗੜ੍ਹ ਵਿੱਚ ਪਹਿਲੀ ਵਾਰ ਵੋਟਾਂ ਪਾਉਣ ਵਾਲਿਆਂ ਦੀ ਗਿਣਤੀ ਘਟੀ

ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਦੀ ਚੋਣ ਦਾ ਫੈਸਲਾ ਇਸ ਵਾਰ 20 ਤੋਂ 49 ਸਾਲਾਂ ਦੇ ਵੋਟਰਾਂ ਦੇ ਹੱਥ ਵਿਚ ਹੈ। ਚੋਣ ਵਿਭਾਗ ਤੋਂ ਹਾਸਲ ਕੀਤੇ ਅੰਕੜਿਆਂ ਅਨੁਸਾਰ ਇਸ ਵਾਰ ਚੰਡੀਗੜ੍ਹ ਲੋਕ ਸਭਾ ਹਲਕੇ ਦੀਆਂ ਕੁੱਲ 6,19,336 ਵੋਟਾਂ ਵਿਚੋਂ 4,31,676 ਵੋਟਾਂ 20 ਤੋਂ 49 ਸਾਲਾਂ ਦੇ ਵੋਟਰਾਂ ਦੀਆਂ ਹਨ। ਬਾਕੀ ਬਚੀਆਂ 1,87,660 ਵੋਟਾਂ ਵਿੱਚ ਹੋਰ ਉਮਰ ਦੇ ਵੋਟਰ ਸ਼ਾਮਲ ਹਨ। ਪ੍ਰਾਪਤ ਅੰਕੜਿਆਂ ਅਨੁਸਾਰ 20 ਤੋਂ 49 ਸਾਲ ਦੀ ਉਮਰ ਦੇ ਵੋਟਰਾਂ ਦੀਆਂ 4,31,676 ਵੋਟਾਂ ਵਿਚੋਂ ਵੀ ਸਭ ਤੋਂ ਵੱਧ 1,57,548 ਵੋਟਾਂ 30 ਤੋਂ 39 ਸਾਲਾਂ ਦੇ ਵੋਟਰਾਂ ਦੀਆਂ ਹਨ। ਇਸ ਤੋਂ ਬਾਅਦ 20 ਤੋਂ 29 ਸਾਲਾਂ ਦੇ ਵੋਟਰਾਂ ਦੀਆਂ 1,45,567 ਵੋਟਾਂ ਹਨ। ਇਸੇ ਤਰ੍ਹਾਂ 40 ਤੋਂ 49 ਸਾਲਾਂ ਦੇ ਵੋਟਰਾਂ ਦੀਆਂ 1,28, 561 ਵੋਟਾਂ ਹਨ। ਅੰਕੜਿਆਂ ਅਨੁਸਾਰ 20 ਤੋਂ 49 ਸਾਲਾਂ ਦੀ ਉਮਰ ਦੇ ਵੱਖ-ਵੱਖ ਤਿੰਨ ਵਰਗਾਂ ਤੋਂ ਇਲਾਵਾ ਪਹਿਲੀ ਵਾਰ ਵੋਟ ਪਾਉਣ ਵਾਲੇ (18 ਤੋਂ 19 ਸਾਲ) ਵੋਟਰਾਂ ਦੀ ਗਿਣਤੀ 12,094 ਹੈ। ਦੱਸਣਯੋਗ ਹੈ ਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਚੰਡੀਗੜ੍ਹ ਦੀਆਂ ਕੁੱਲ੍ਹ 5.80 ਲੱਖ ਵੋਟਾਂ ਵਿਚੋਂ 18,170 ਵੋਟਰ 18 ਤੋਂ 19 ਸਾਲਾਂ ਦੇ ਸਨ ਜਦਕਿ ਹੁਣ ਇਨ੍ਹਾਂ ਵੋਟਰਾਂ ਵਿਚ ਭਾਰੀ ਕਮੀ ਆਈ ਹੈ ਅਤੇ ਇਸ ਵਾਰ ਅਜਿਹੇ ਵੋਟਰਾਂ ਦੀ ਗਿਣਤੀ ਕੇਵਲ 12,094 ਹੈ। ਹੋਰ ਜਾਣਕਾਰੀ ਅਨੁਸਾਰ 50 ਤੋਂ 59 ਸਾਲ ਦੇ ਵੋਟਰਾਂ ਦੀ ਗਿਣਤੀ 91,614 ਹੈ। ਇਸ ਤੋਂ ਇਲਾਵਾ ਸੀਨੀਅਰ ਨਾਗਰਿਕਾਂ ਦੀਆਂ ਵੋਟਾਂ ਦੀ ਗਿਣਤੀ ਵਿਚ ਸਾਲ 2014 ਦੀਆਂ ਚੋਣਾਂ ਤੋਂ ਕਾਫੀ ਵਾਧਾ ਹੋਇਆ ਹੈ। ਅੰਕੜਿਆਂ ਅਨੁਸਾਰ 60 ਤੋਂ 69 ਸਾਲਾਂ ਦੇ ਵੋਟਰਾਂ ਦੀ ਗਿਣਤੀ 51,394 ਹੈ। ਇਸੇ ਤਰਾਂ 70 ਤੋਂ 79 ਸਾਲ ਦੇ ਵੋਟਰਾਂ ਦੀ ਗਿਣਤੀ 23,759 ਹੈ। ਚੋਣ ਵਿਭਾਗ ਅਨੁਸਾਰ 80 ਸਾਲ ਤੋਂ ਵੱਧ ਵੋਟਰਾਂ ਦੀ ਗਿਣਤੀ 8802 ਹੈ। ਇਸੇ ਤਰ੍ਹਾਂ 60 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਦੀਆਂ ਇਸ ਵਾਰ ਕੁੱਲ੍ਹ ਵੋਟਾਂ 83,955 ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਸੀਨੀਅਰ ਨਾਗਰਿਕਾਂ ਦੀਆਂ 61,868 ਵੋਟਾਂ ਹੀ ਸਨ। ਚੋਣ ਵਿਭਾਗ ਅਨੁਸਾਰ ਸ਼ਹਿਰ ਦੀ ਕੁੱਲ ਆਬਾਦੀ ਤਕਰੀਬਨ 11,84,069 ਹੈ ਜਿਨ੍ਹਾਂ ਵਿਚੋਂ 6,38,142 ਦੇ ਕਰੀਬ ਪੁਰਸ਼ ਅਤੇ 5,45,927 ਮਹਿਲਾਵਾਂ ਹਨ। ਕੁੱਲ ਆਬਾਦੀ ਵਿਚੋਂ ਵੋਟਰਾਂ ਦੀ ਗਿਣਤੀ 619,336 ਹੈ। ਇਨ੍ਹਾਂ ਵਿਚੋਂ 3,28,81 ਦੇ ਕਰੀਬ ਪੁਰਸ਼ ਅਤੇ 2,91,336 ਦੇ ਕਰੀਬ ਮਹਿਲਾਵਾਂ ਹਨ। ਦੱਸਣਯੋਗ ਹੈ ਕਿ ਸਾਲ 2014 ਦੀਆਂ ਚੋਣਾਂ ਵਿਚ ਇਥੇ 73.70 ਫੀਸਦ ਵੋਟਾਂ ਭੁਗਤੀਆਂ ਗਈਆਂ ਸਨ ਅਤੇ 17 ਉਮੀਦਵਾਰ ਮੈਦਾਨ ਵਿਚ ਸਨ।

Previous articleਜੇਲ੍ਹ ਵਿੱਚ ਬੰਦ ਨਵਾਜ਼ ਸ਼ਰੀਫ ਦੀ ਹਾਲਤ ਵਿਗੜਨ ਲੱਗੀ
Next articleਗੋਲੀਆਂ ਮਾਰ ਕੇ ਨੌਜਵਾਨ ਜ਼ਖ਼ਮੀ