ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਤੇ ਅਨਿਬਾਰਨ ਲਹਿੜੀ 28 ਤੋਂ 31 ਮਾਰਚ ਤੱਕ ਗੁਰੂਗ੍ਰਾਮ ਦੇ ਡੀਐੱਲਐਫ ਤੇ ਕੰਟਰੀ ਕਲੱਬ ’ਚ ਖੇਡੇ ਜਾਣ ਵਾਲੇ ਹੀਰੋ ਇੰਡੀਅਨ ਓਪਨ ਦੇ 55ਵੇਂ ਗੇੜ ’ਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ। ਟੂਰਨਾਮੈਂਟ ਦੀ ਇਨਾਮੀ ਰਾਸ਼ੀ 17.5 ਲੱਖ ਡਾਲਰ ਹੋਵੇਗੀ। ਇਹ ਇਸ ਖੇਡ ਦੀ ਕੌਮੀ ਚੈਂਪੀਅਨਸ਼ਿਪ ਵੀ ਮੰਨਿਆ ਜਾਂਦਾ ਹੈ। ਇਸ ’ਚ ਹਿੱਸਾ ਲੈਣ ਵਾਲੇ ਹੋਰਨਾਂ ਭਾਰਤੀ ਗੋਲਫਰਾਂ ’ਚ ਐੱਸਐੱਸਪੀ ਚੌਰਸੀਆ, ਸ਼ਿਵ ਕਪੂਰ, ਰਾਹਿਲ ਗੰਗਜੀ ਤੇ ਨੌਜਵਾਨ ਅਜਿਤੇਸ਼ ਸੰਧੂ, ਵਿਰਾਜ ਮਦੱਪਾ, ਖਾਲਿਨ ਜੋਸ਼ੀ ਤੇ ਐੱਸ ਚਿੱਕਾਰੰਗੱਪਾ ਹਨ, ਪਰ ਸਾਰਿਆਂ ਦੀਆਂ ਨਜ਼ਰਾਂ ਏਸ਼ਿਆਈ ਟੂਰ ਦੇ ਨੰਬਰ ਇੱਕ ਖਿਡਾਰੀ ਸ਼ੁਭੰਕਰ ਤੇ 2015 ਦੇ ਚੈਂਪੀਅਨ ਲਹਿੜੀ ’ਤੇ ਹੋਣਗੀਆਂ। ਯੂਰੋਪਿਆਈ ਤੇ ਏਸ਼ਿਆਈ ਟੂਰ ਰਾਹੀਂ ਮਨਜ਼ੂਰੀ ਦਿੱਤੇ ਜਾਣ ਵਾਲੇ ਇਸ ਟੂਰਨਾਮੈਂਟ ’ਚ ਵਿਦੇਸ਼ੀ ਖਿਡਾਰੀਆਂ ’ਚ 2018 ਸਕਾਟਿਸ਼ ਓਪਨ ਚੈਂਪੀਅਨ ਬ੍ਰੈਂਡਨ ਸਟੋਨ, ਪਿਛਲੇ ਸਾਲ ਦੇ ਉੱਪ ਜੇਤੂ ਐਂਡ੍ਰਿਊ ਜਾਨਸਟਨ ਅਤੇ ਬਰਨਡ ਵੈਸਬਰਗਰ ਵੀ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਹੀਰੋ ਇੰਡੀਅਨ ਦੇ ਪ੍ਰੋਗਰਾਮ ਬਾਰੇ ਅਨਿਸ਼ਚਤਤਾ ਬਣੀ ਹੋਈ ਸੀ ਕਿਉਂਕਿ ਖੇਡ ਮੰਤਰਾਲੇ ਨੇ ਕੌਮੀ ਖੇਡ ਜ਼ਾਬਤੇ ਦੀ ਪਾਲਣਾ ਨਾਲ ਕੀਤੇ ਜਾਣ ਕਾਰਨ ਭਾਰਤੀ ਗੋਲਫ ਯੂਨੀਅਨ (ਆਈਜੀਯੂ) ਦੀ ਮਾਨਤਾ ਰੱਦ ਕਰ ਦਿੱਤੀ ਸੀ, ਪਰ ਬਾਅਦ ਵਿੱਚ ਖੇਡ ਮੰਤਰਾਲੇ ਨੇ ਆਰਜ਼ੀ ਰਾਹਤ ਦਿੰਦਿਆਂ ਆਈਜੀਯੂ ਨੂੰ ਚਾਰ ਮਹੀਨੇ ਲਈ ਮਾਨਤਾ ਦੇ ਦਿੱਤੀ ਜਿਸ ਮਗਰੋਂ ਇਹ ਟੂਰਨਾਮੈਂਟ ਕਰਵਾਉਣ ਦਾ ਰਾਹ ਪੱਧਰਾ ਹੋਇਆ। ਆਈਜੀਯੂ ਦੇ ਮੈਂਬਰ ਦੇਵਾਂਗ ਸ਼ਾਹ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘ਹਰ ਚੀਜ਼ ਜ਼ਰੂਰਤ ਦੇ ਹਿਸਾਬ ਨਾਲ ਹੋ ਜਾਵੇਗੀ। ਇਸ ਲਈ ਮੰਤਰਾਲੇ ਨੇ ਸਾਡੀ ਮਾਨਤਾ ਅੱਗੇ ਵਧਾਈ ਹੈ।’
Sports ਗੋਲਫ: ਇੰਡੀਅਨ ਓਪਨ ’ਚ ਸਭ ਦੀ ਨਜ਼ਰਾਂ ਸ਼ੁਭੰਕਰ ਤੇ ਲਹਿੜੀ ’ਤੇ