ਗੋਲਡਨ ਗਲੋਬ ਐਵਾਰਡ ਸਮਾਗਮ ਵਿਚ ਪੀਰੀਅਡ ਡਰਾਮਾ ਫ਼ਿਲਮ ‘ਗ੍ਰੀਨ ਬੁੱਕ’ ਨੇ ਤਿੰਨ ਵਰਗਾਂ ਵਿਚ ਸਨਮਾਨ ਹਾਸਲ ਕਰਕੇ ਸਭ ਨੂੰ ਹੈਰਤ ਵਿਚ ਪਾ ਦਿੱਤਾ। ‘ਗ੍ਰੀਨ ਬੁੱਕ’ ਨੂੰ ਸਰਵੋਤਮ ਫ਼ਿਲਮ (ਮਿਊਜ਼ੀਕਲ ਤੇ ਕਾਮੇਡੀ) ਦੇ ਖ਼ਿਤਾਬ ਨਾਲ ਨਿਵਾਜਿਆ ਗਿਆ ਹੈ। ਇਸ ਤੋਂ ਇਲਾਵਾ ਫ਼ਿਲਮ ‘ਸਰਵੋਤਮ ਸਹਾਇਕ ਅਦਾਕਾਰ’ ਤੇ ਪਟਕਥਾ ਲਈ ਵੀ ਮੋਹਰੀ ਰਹੀ ਹੈ। ‘ਬੋਹੀਮੀਅਨ ਰੈਪਸਡੀ’ ਨੂੰ ਸਰਵੋਤਮ ਡਰਾਮਾ ਫ਼ਿਲਮ ਐਲਾਨਿਆ ਗਿਆ ਹੈ। ਐਵਾਰਡ ਸ਼ੋਅ ਦੀ ਮੇਜ਼ਬਾਨੀ ਐਂਡੀ ਸੈਮਵਰਗ ਤੇ ਸਾਂਦਰਾ ਓਹ ਨੇ ਕੀਤੀ। ਸਾਂਦਰਾ ਕਿਸੇ ਹੌਲੀਵੁੱਡ ਐਵਾਰਡ ਸ਼ੋਅ ਦੀ ਮੇਜ਼ਬਾਨੀ ਕਰਨ ਵਾਲੀ ਪਹਿਲੀ ਏਸ਼ਿਆਈ ਸ਼ਖ਼ਸੀਅਤ ਹੈ। ਐਤਵਾਰ ਰਾਤ ਨੂੰ ਹੋਏ ਹੋਏ ਇਸ ਸਮਾਗਮ ਮੌਕੇ ਵਿਲੱਖਣਤਾ ਤੇ ਔਰਤ ਸਸ਼ਕਤੀਕਰਨ ਨੂੰ ਸਮਾਗਮ ਦਾ ਥੀਮ ਰੱਖਿਆ ਗਿਆ ਸੀ। ‘ਗ੍ਰੀਨ ਬੁੱਕ’ ਦੀ ਕਹਾਣੀ ਇਕ ਸਿਆਹਫਾਮ ਪਿਆਨੋ ਵਾਦਕ ’ਤੇ ਆਧਾਰਿਤ ਹੈ ਜੋ ਆਪਣੇ ਗੋਰੇ ਡਰਾਈਵਰ ਨਾਲ ਅਮਰੀਕਾ ਦੇ ਨਸਲੀ ਪੱਖੋਂ ਵੰਡੇ ਹੋਏ ਦੱਖਣੀ ਖੇਤਰ ਵਿਚੋਂ ਗੁਜ਼ਰਦਾ ਹੈ ਤੇ ਕਹਾਣੀ ਅਗਾਂਹ ਵੱਧਦੀ ਹੈ। ਬਜ਼ੁਰਗ ਅਦਾਕਾਰਾ ਗਲੈੱਨ ਕਲੋਸ (71) ਨੂੰ ‘ਦਿ ਵਾਈਫ਼’ ਲਈ ਸਰਵੋਤਮ ਅਦਾਕਾਰਾ (ਡਰਾਮਾ ਫ਼ਿਲਮ) ਦੇ ਖ਼ਿਤਾਬ ਨਾਲ ਨਿਵਾਜਿਆ ਗਿਆ ਹੈ। ਜਦਕਿ ਓਲੀਵੀਆ ਕੋਲਮੈਨ ਨੂੰ ‘ਦਿ ਫੇਵਰਟ’ ਲਈ ਸਰਵੋਤਮ ਅਦਾਕਾਰਾ (ਮੋਸ਼ਨ ਪਿਕਚਰ ਵਰਗ) ਵਿਚ ਗੋਲਡਨ ਗਲੋਬ ਸਨਮਾਨ ਦਿੱਤਾ ਗਿਆ ਹੈ। ਸਾਬਕਾ ਅਮਰੀਕੀ ਰਾਸ਼ਟਰਪਤੀ ਡਿੱਕ ਚੇਨੀ ’ਤੇ ਆਧਾਰਿਤ ‘ਵਾਈਸ’ ਲਈ ਕ੍ਰਿਸਟੀਅਨ ਬੇਲ ਨੂੰ ਸਰਵੋਤਮ ਅਦਾਕਾਰ (ਮਿਊਜ਼ੀਕਲ ਤੇ ਕਾਮੇਡੀ) ਦਾ ਖ਼ਿਤਾਬ ਦਿੱਤਾ ਗਿਆ ਹੈ। ਅਲਫੋਂਸੋ ਕੁਆਰੋਨ ਦੀ ਬੇਹੱਦ ਹਰਮਨਪਿਆਰੀ ਨੈੱਟਫਲਿਕਸ ਫ਼ਿਲਮ ‘ਰੋਮਾ’ ਨੂੰ ਵੀ ਸਰਵੋਤਮ ਨਿਰਦੇਸ਼ਕ ਤੇ ਸਰਵੋਤਮ ਵਿਦੇਸ਼ੀ ਫ਼ਿਲਮ ਵਰਗ ਵਿਚ ਸਨਮਾਨ ਹਾਸਲ ਹੋਏ ਹਨ। ਇਸ ਤੋਂ ਇਲਾਵਾ ਐਨੀਮੇਟਡ ਵਰਗ ਵਿਚ ‘ਸਪਾਈਡਰ ਮੈਨ- ਇਨਟੂ ਦਿ ਸਪਾਈਡਰ ਵਰਸ’ ਨੂੰ ਖ਼ਿਤਾਬ ਹਾਸਲ ਹੋਇਆ ਹੈ। ਕਈ ਵਰਗਾਂ ਵਿਚ ਨਾਮਜ਼ਦ ਹੋਈ ‘ਏ ਸਟਾਰ ਇਜ਼ ਬੋਰਨ’ ਨੂੰ ਇਸ ਦੇ ਗੀਤ ‘ਸ਼ੈਲੋ’ ਲਈ ਹੀ ਖ਼ਿਤਾਬ ਹਾਸਲ ਹੋ ਸਕਿਆ। ਜਦਕਿ ਸਰਵੋਤਮ ਸੰਗੀਤ ਲਈ ਸਨਮਾਨ ‘ਫਸਟ ਮੈਨ’ ਲਈ ਜਸਟਿਨ ਹਵਿਟਜ਼ ਨੂੰ ਮਿਲਿਆ ਹੈ।
Uncategorized ਗੋਲਡਨ ਗਲੋਬ: ‘ਗ੍ਰੀਨ ਬੁੱਕ’ ਨੂੰ ਸਰਵੋਤਮ ਕਾਮੇਡੀ ਸਣੇ ਤਿੰਨ ਐਵਾਰਡ