ਚੈਂਬੂਰ ਵਿੱਚ ਆਧੁਨਿਕ ਰਿਹਾਇਸ਼ੀ ਅਪਾਰਟਮੈਂਟਸ ਬਣਾਏ ਜਾਣਗੇ
ਰਿਐਲਿਟੀ ਫਰਮ ਗੋਦਰੇਜ ਪ੍ਰਾਪਰਟੀਜ਼ ਨੇ ਮੁੰਬਈ ਦੇ ਚੈਂਬੂਰ ਸਥਿਤ ਆਰ.ਕੇ. ਸਟੂਡੀਓਜ਼ ਦੀ ਜ਼ਮੀਨ ਖਰੀਦ ਲਈ ਹੈ। ਬੌਲੀਵੁੱਡ ਦੀ ਉੱਘੀ ਹਸਤੀ ਰਾਜਕਪੂਰ ਵੱਲੋਂ 1948 ਵਿੱਚ ਆਪਣੇ ਹੀ ਨਾਂ ’ਤੇ ਸਥਾਪਤ ਕੀਤੇ ਇਸ ਫ਼ਿਲਮ ਸਟੂਡੀਓ ਦੀ ਜ਼ਮੀਨ 50 ਤੋਂ 60 ਕਰੋੜ ਵਿੱਚ ਖਰੀਦੀ ਦੱਸੀ ਜਾਂਦੀ ਹੈ। ਸਤੰਬਰ 2017 ਵਿੱਚ ਦਹਾਕਿਆਂ ਪੁਰਾਣੇ ਇਸ ਸਟੂਡੀਓ ਨੂੰ ਅੱਗ ਲੱਗਣ ਮਗਰੋਂ ਇਹ ਖੰਡਰਨੁਮਾ ਇਮਾਰਤ ’ਚ ਤਬਦੀਲ ਹੋ ਗਿਆ ਸੀ। ਕਪੂਰ ਪਰਿਵਾਰ ਦੇ ਆਪਣੇ ਪ੍ਰੋਡਕਸ਼ਨ ਹਾਊਸ ਆਰਕੇ ਫ਼ਿਲਮਜ਼ ਨੇ 1999 ’ਚ ਰਿਲੀਜ਼ ਹੋਈ ‘ਆ ਅਬ ਲੌਟ ਚਲੇਂ’ ਮਗਰੋਂ ਇਸ ਸਟੂਡੀਓ ਵਿੱਚ ਕੋਈ ਫ਼ਿਲਮ ਨਹੀਂ ਬਣਾਈ। 1988 ਵਿੱਚ ਰਾਜ ਕਪੂਰ ਦੇ ਅਕਾਲ ਚਲਾਣੇ ਮਗਰੋਂ ਸਟੂਡੀਓ ਦੀ ਕਮਾਨ ਰਣਧੀਰ ਕਪੂਰ ਹੱਥ ਆ ਗਈ ਸੀ। ਸਟੂਡੀਓ ਨੂੰ ਅੱਗ ਲੱਗਣ ਮਗਰੋਂ ਕਪੂਰ ਪਰਿਵਾਰ ਕਿਸੇ ਖਰੀਦਦਾਰ ਦੀ ਭਾਲ ਵਿੱਚ ਸੀ। ਗੋਦਰੇਜ ਵੱਲੋਂ ਇਥੇ ਹਾਊਸਿੰਗ ਲਗਜ਼ਰੀ ਫਲੈਟ ਤੇ ਰਿਟੇਲ ਸਪੇਸ ਵਿਕਸਤ ਕੀਤੀ ਜਾਵੇਗੀ। ਗੋਦਰੇਜ ਸਮੂਹ ਦਾ ਹਿੱਸਾ ਗੋਦਰੇਜ ਪ੍ਰਾਪਰਟੀਜ਼ ਨੇ ਕਿਹਾ ਕਿ ਉਸ ਨੇ ਚੇਂਬੂਰ ਮੁੰਬਈ ਵਿੱਚ ਨਵੇਂ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਹੈ। ਕੰਪਨੀ ਨੇ ਇਕ ਬਿਆਨ ਵਿੱਚ ਕਿਹਾ, ‘2.2 ਏਕੜ ਰਕਬੇ ਵਿੱਚ ਫੈਲੇ ਇਸ ਪ੍ਰਾਜੈਕਟ ਵਿੱਚ 33 ਹਜ਼ਾਰ ਘਣ ਮੀਟਰ ਖੇਤਰ ਵਿਕਰੀਯੋਗ ਹੋਵੇਗਾ, ਜਿੱਥੇ ਵੱਖ ਵੱਖ ਖੇਤਰਫਲ ਦੇ ਆਧੁਨਿਕ ਰਿਹਾਇਸ਼ੀ ਅਪਾਰਟਮੈਂਟਸ ਤੇ ਲਗਜ਼ਰੀ ਮੁਹੱਈਆ ਕਰਵਾਈ ਜਾਵੇਗੀ।’ ਕੰਪਨੀ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਇਹ ਸੌਦਾ ਕਿੰਨੇ ਵਿੱਚ ਸਿਰੇ ਚੜ੍ਹਿਆ ਹੈ। ਕੰਪਨੀ ਦੇ ਚੇਅਰਮੈਨ ਪਿਰੋਜਸ਼ਾ ਗੋਦਰੇਜ ਨੇ ਕਿਹਾ ਕਿ ਜ਼ਮੀਨ ਦਾ ਇਹ ਟੁਕੜਾ ਉਨ੍ਹਾਂ ਦੀ ਰਣਨੀਤੀ ਮੁਤਾਬਕ ਬਿਲਕੁਲ ਫਿਟ ਬੈਠਦਾ ਹੈ। ਉਧਰ ਆਰ.ਕੇ. ਸਟੂਡੀਓਜ਼ ਦੇ ਰਣਧੀਰ ਕਪੂਰ ਨੇ ਕਿਹਾ, ‘ਚੇਂਬੂਰ ਸਥਿਤ ਇਸ ਪ੍ਰਾਪਰਟੀ ਦੀ ਮੇਰੇ ਪਰਿਵਾਰ ਲਈ ਕਾਫ਼ੀ ਅਹਿਮੀਅਤ ਰਹੀ ਹੈ। ਕਈ ਦਹਾਕਿਆਂ ਤਕ ਆਰ.ਕੇ.ਸਟੂਡੀਓਜ਼ ਇਥੋਂ ਹੀ ਚਲਦਾ ਰਿਹਾ ਹੈ।’ ਮਰਹੂਮ ਅਦਾਕਾਰ ਰਾਜ ਕਪੂਰ ਦੇ ਸਭ ਤੋਂ ਵੱਡੇ ਪੁੱਤਰ ਰਣਧੀਰ ਨੇ ਕਿਹਾ, ‘ਅਸੀਂ….ਇਸ ਥਾਂ ’ਤੇ ਨਵਾਂ ਅਧਿਆਏ ਲਿਖਣ ਤੇ ਇਥੋਂ ਦੇ ਅਮੀਰ ਇਤਿਹਾਸ ਨੂੰ ਕਾਇਮ ਰੱਖਣ ਲਈ ਗੋਦਰੇਜ ਪ੍ਰਾਪਰਟੀਜ਼ ਦੀ ਚੋਣ ਕੀਤੀ ਹੈ।’ ਰਿਐਲਿਟੀ ਫਰਮ ਨੇ ਕਿਹਾ ਕਿ ਰਣਨੀਤਕ ਪੱਖੋਂ ਇਹ ਸਾਈਟ ਮੁੱਖ ਸੀਓਨ-ਪਨਵੇਲ ਰੋਡ ’ਤੇ ਸਥਿਤ ਹੈ ਤੇ ਇਥੇ ਸੋਸ਼ਲ ਤੇ ਸ਼ਹਿਰੀ ਬੁਨਿਆਦੀ ਢਾਂਚਾ ਵਿਕਸਤ ਜਿਵੇਂ ਮਲਟੀਪਲ ਸਕੂਲ, ਹਸਪਤਾਲ, ਰਿਟੇਲ ਮਾਲਜ਼, ਰਿਹਾਇਸ਼ੀ ਤੇ ਕਮਰਸ਼ਲ ਸਪੇਸ ਆਦਿ ਵਿਕਸਤ ਕੀਤੇ ਜਾ ਸਕਦੇ ਹਨ। ਗੋਦਰੇਜ਼ ਪ੍ਰਾਪਰਟੀਜ਼ ਆਮ ਕਰਕੇ ਰੀਅਲ ਅਸਟੇਟ ਪ੍ਰਾਜੈਕਟਾਂ ਨੂੰ ਵਿਕਸਤ ਕਰਨ ਲਈ ਜ਼ਮੀਨ ਮਾਲਕਾਂ ਨਾਲ ਕਰਾਰ ਕਰਦੀ ਹੈ, ਪਰ ਲੋਕੇਸ਼ਨ ਚੰਗੀ ਹੋਣ ’ਤੇ ਇਸ ਨੂੰ ਖਰੀਦ ਵੀ ਲੈਂਦੀ ਹੈ।