ਨਿੱਜੀ ਰਿਹਾਇਸ਼ ’ਤੇ ਸ਼ਾਮ ਪੌਣੇ ਸੱਤ ਵਜੇ ਲਏ ਆਖਰੀ ਸਾਹ, ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਸਮੇਤ ਹੋਰਨਾਂ ਵੱਲੋਂ ਦੁੱਖ ਦਾ ਪ੍ਰਗਟਾਵਾ
ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ (63) ਦਾ ਅੱਜ ਇਥੇ ਨਿੱਜੀ ਰਿਹਾਇਸ਼ ’ਤੇ ਦੇਹਾਂਤ ਹੋ ਗਿਆ। ਸਾਬਕਾ ਰੱਖਿਆ ਮੰਤਰੀ ਪਿਛਲੇ ਇਕ ਸਾਲ ਤੋਂ ਪਾਚਕ ਗ੍ਰੰਥੀਆਂ ਦੇ ਕੈਂਸਰ ਤੋਂ ਪੀੜਤ ਸਨ। ਪਿੱਛੇ ਉਨ੍ਹਾਂ ਦੇ ਪਰਿਵਾਰ ਵਿੱਚ ਦੋ ਪੁੱਤਰ ਤੇ ਹੋਰ ਪਰਿਵਾਰਕ ਮੈਂਬਰ ਹਨ। ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਰਾਜਸੀ ਤੇ ਵੱਖ ਵੱਖ ਖੇਤਰਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਟਵੀਟ ਕਰਕੇ ਪਰੀਕਰ ਦੇ ਅਕਾਲ ਚਲਾਣੇ ’ਤੇ ਦੁੱਖ ਜਤਾਇਆ ਹੈ। ਇਸ ਦੌਰਾਨ ਸ੍ਰੀ ਪਰੀਕਰ ਦੇ ਅਕਾਲ ਚਲਾਣੇ ਨਾਲ ਗੋਆ ਵਿੱਚ ਸਿਆਸੀ ਸਮੀਕਰਨ ਤੇਜ਼ੀ ਨਾਲ ਬਦਲਣ ਦੇ ਆਸਾਰ ਹਨ। ਸਾਲ 2017 ਦੀਆਂ ਸੂਬਾਈ ਚੋਣਾਂ ਵਿੱਚ 40 ਮੈਂਬਰੀ ਵਿਧਾਨ ਸਭਾ ਵਿੱਚ ਸਾਧਾਰਨ ਬਹੁਮਤ ਤੋਂ ਕਿਤੇ ਘੱਟ ਸੀਟਾਂ ਮਿਲਣ ਦੇ ਬਾਵਜੂਦ ਭਾਜਪਾ, ਗੋਆ ਫਾਰਵਰਡ ਪਾਰਟੀ ਤੇ ਐਮਜੀਪੀ ਦੇ ਸਹਿਯੋਗ ਨਾਲ ਗੋਆ ਵਿੱਚ ਸਰਕਾਰ ਬਣਾਉਣ ਵਿੱਚ ਸਫ਼ਲ ਰਹੀ ਸੀ। ਗੱਠਜੋੜ ਭਾਈਵਾਲਾਂ ਨੂੰ ਨਾਲ ਤੋਰਨ ਲਈ ਸ੍ਰੀ ਪਰੀਕਰ ਨੂੰ ਮਾਰਚ 2017 ਵਿੱਚ ਕੇਂਦਰ ’ਚੋਂ ਰੱਖਿਆ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਵਾਪਸ ਗੋਆ ਪਰਤਣਾ ਪਿਆ ਸੀ। ਉਧਰ ਅਜਿਹੀ ਚਰਚਾ ਹੈ ਕਿ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਦਿਗਾਂਬਰ ਕਾਮਤ ਭਾਜਪਾ ’ਚ ਸ਼ਾਮਲ ਹੋ ਕੇ ਮੁੱਖ ਮੰਤਰੀ ਮਨੋਹਰ ਪਰੀਕਰ ਦੀ ਥਾਂ ਲੈ ਸਕਦੇ ਹਨ।
ਸੂਬਾਈ ਸਰਕਾਰ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਪਰੀਕਰ ਨੇ ਐਤਵਾਰ ਸ਼ਾਮ ਪੌਣੇ ਸੱਤ (6:40) ਵਜੇ ਦੇ ਕਰੀਬ ਆਖਰੀ ਸਾਹ ਲਏ। ਭਾਜਪਾ ਆਗੂ ਦੀ ਸਿਹਤ ਇਕ ਸਾਲ ਤੋਂ ਨਾਸਾਜ਼ ਸੀ, ਪਰ ਪਿਛਲੇ ਦੋ ਦਿਨਾਂ ਤੋਂ ਉਨ੍ਹਾਂ ਦੀ ਹਾਲਤ ਕਾਫ਼ੀ ਵਿਗੜ ਗਈ ਸੀ। ਸੂਤਰਾਂ ਮੁਤਾਬਕ ਸਾਬਕਾ ਰੱਖਿਆ ਮੰਤਰੀ ਪਰੀਕਰ ਸ਼ਨਿਚਰਵਾਰ ਦੇਰ ਰਾਤ ਤੋਂ ਵੈਂਟੀਲੇਟਰ ’ਤੇ ਸਨ। ਚਾਰ ਵਾਰ ਗੋਆ ਦੇ ਮੁੱਖ ਮੰਤਰੀ ਬਣੇ ਪਰੀਕਰ ਨੂੰ ਫਰਵਰੀ 2018 ਵਿੱਚ ਪਾਚਕ ਗ੍ਰੰਥੀਆਂ ਦੇ ਕੈਂਸਰ ਤੋਂ ਪੀੜਤ ਹੋਣ ਬਾਰੇ ਪਤਾ ਲੱਗਾ ਸੀ। ਉਦੋਂ ਤੋਂ ਹੀ ਉਨ੍ਹਾਂ ਦੀ ਸਿਹਤ ਨਾਸਾਜ਼ ਚੱਲ ਰਹੀ ਸੀ।
ਇਸ ਤੋਂ ਪਹਿਲਾਂ ਸ੍ਰੀ ਪਰੀਕਰ ਦੀ ਵਿਗੜਦੀ ਸਿਹਤ ਦੇ ਚਲਦਿਆਂ ਭਾਜਪਾ ਨੇ ਅੱਜ ਕਿਹਾ ਕਿ ਉਸ ਨੇ ਗੋਆ ਵਿਚ ਰਾਜਨੀਤਕ ਪਰਿਵਰਤਨ ਉਪਰ ਵਿਚਾਰ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੂੰ ਅਫਵਾਹਾਂ ’ਤੇ ਯਕੀਨ ਨਾ ਕਰਨ ਦੀ ਅਪੀਲ ਕਰਦੇ ਹੋਏ ਪਾਰਟੀ ਨੇ ਕਿਹਾ ਕਿ ਰਾਜ ਦੀ ਸਰਕਾਰ ਸਥਿਰ ਹੈ। ਇਸ ਦੌਰਾਨ ਕਾਂਗਰਸ ਦੇ ਸੀਨੀਅਰ ਆਗੂ ਦਿਗਾਂਬਰ ਕਾਮਤ ਅੱਜ ਦਿੱਲੀ ਪਹੁੰਚ ਗਏ। ਹਾਲਾਂਕਿ ਸਾਬਕਾ ਮੁੱਖ ਮੰਤਰੀ ਨੇ ਸ੍ਰੀ ਪਰੀਕਰ ਦੀ ਥਾਂ ਲੈਣ ਸਬੰਧੀ ਕਿਸੇ ਕਦਮ ਬਾਰੇ ਇਨਕਾਰ ਕੀਤਾ ਹੈ। ਉਂਜ ਸਿਆਸੀ ਸਫ਼ਾਂ ਵਿੱਚ ਚਰਚਾ ਹੈ ਕਿ ਕਾਮਤ ਦੀ ਭਾਜਪਾ ਵਿਚ ਵਾਪਸੀ ਹੋ ਸਕਦੀ ਹੈ ਅਤੇ ਮੁੱਖ ਮੰਤਰੀ ਮਨੋਹਰ ਪਰੀਕਰ ਦੀ ਡਿਗਦੀ ਸਿਹਤ ਨੂੰ ਦੇਖਦਿਆਂ ਉਨ੍ਹਾਂ ਨੂੰ ਰਾਜ ਵਿਚ ਅਹਿਮ ਅਹੁਦਾ ਦਿੱਤਾ ਜਾ ਸਕਦਾ ਹੈ। ਕਾਮਤ 2005 ਵਿਚ ਭਾਜਪਾ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। ਉਸ ਸਮੇਂ ਭਾਜਪਾ ਦੀ ਰਾਜ ਇਕਾਈ ਵਿਚ ਉਹ ਦੂਜੇ ਨੰਬਰ ਦੀ ਹੈਸੀਅਤ ਰੱਖਦੇ ਸਨ। 2007 ਤੋਂ 2012 ਤੱਕ ਰਾਜ ਦੇ ਮੁੱਖ ਮੰਤਰੀ ਰਹੇ ਕਾਮਤ ਨੇ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਦੱਸਿਆ ‘‘ ਮੈਂ ਕਾਰੋਬਾਰੀ ਦੌਰੇ ਲਈ ਦਿੱਲੀ ਜਾ ਰਿਹਾ ਹਾਂ। ਇਹ ਬਿਲਕੁੱਲ ਨਿੱਜੀ ਮਾਮਲਾ ਹੈ।’’ ਗੋਆ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਗਿਰੀਸ਼ ਚੋਡਨਕਰ ਨੇ ਕਿਹਾ ਕਿ ਭਾਜਪਾ ਕਾਮਤ ਬਾਰੇ ਅਫ਼ਵਾਹਾਂ ਫੈਲਾ ਰਹੀ ਹੈ।