ਮਾਂ ਬੋਲੀ

ਸਰਬਜੀਤ ਸਿੰਘ ਘੁੰਮਣ

(ਸਮਾਜ ਵੀਕਲੀ)

ਫ਼ਰੀਦ ਨੇ ਪੰਜਾਬੀ ਵਿੱਚ ਸ਼ੱਕਰ ਘੋਲ਼ੀ,
ਫਿਰ ਨਾਨਕ ਨੇ ਨੂਰ ਵਰਸਾਇਆ ਸੀ।
ਸ਼ਾਹ ਹੁਸੈਨ, ਬਾਹੂ, ਦਮੋਦਰ ਦਾਸ ਨੇ ਜੀ,
ਲੋਕ-ਬੋਲੀ ਨੂੰ ਆਣ ਵਡਿਆਇਆ ਜੀ।
ਗੁਰ ਅਰਜਨ ਤੇ ਭਾਈ ਗੁਰਦਾਸ ਹੋਰਾਂ,
ਗੁਰਮਤਿ-ਕਾਵਿ ਨੂੰ ਵੱਡ ਫੈਲਾਇਆ ਜੀ।
ਨੌਵੇਂ ਪਾਤਸ਼ਾਹ ਤੇ ਦਸ਼ਮੇਸ਼ ਜੀ ਨੇ,
ਓਸ ਬਾਣੀ ਨੂੰ ਹੋਰ ਵਧਾਇਆ ਜੀ।

ਬੁੱਲ੍ਹਾ, ਅਲੀ ਹੈਦਰ, ਵਾਰਸ ਸ਼ਾਹ ਮੀਏਂ,
ਵਿੱਚ ਅਧੋਗਤੀ ਪੰਜਾਬੀ ਨੂੰ ਭਾਗ ਲਾਏ।
ਦੋਹੜੇ ਅਤੇ ਕਿੱਸੇ ਹਾਸ਼ਮ ਸ਼ਾਹ ਵਾਲ਼ੇ,
ਦੋਵੇਂ ਰੂਪਾਂ ‘ਚ ਹੈਣ ਉਹ ਉੱਚ ਪਾਏ।
ਮੀਆਂ ਮੁਹੰਮਦ ਬਖ਼ਸ਼ ਤੇ ਫ਼ਰੀਦ ਖ਼੍ਵਾਜਾ,
ਸਿਫ਼ਤ ਉਹਨਾਂ ਦੀ ਨਾ ਕਹੀ ਜਾਏ।
ਫ਼ਜ਼ਲ ਸ਼ਾਹ ਨੇ ਸੋਹਣੀ ਲਿਖ ਧੁੰਮ ਪਾਈ,
ਸੋਹਣੀ ਓਸਦੀ ਕੁੱਲ ਪੰਜਾਬ ਗਾਏ।

ਵੀਰ ਸਿੰਘ ਪੰਜਾਬੀ ਨੂੰ ਨਵ-ਕਾਵਿ ਦਿੱਤਾ,
ਮੋਹਨ ਸਿੰਘ ਨੇ ਕੀਤੀ ਕਮਾਲ ਜੀਓ।
ਚਾਤ੍ਰਿਕ, ਸ਼ਿਵ, ਮੀਸ਼ਾ ਵਿੱਚ ਦੌਰ ਅੱਪਣੇ,
ਜੜ ਗਏ ਪੰਜਾਬੀ ਵਿੱਚ ਲਾਲ ਜੀਓ।
ਜਗਤਾਰ, ਮਹਿਬੂਬ, ਉਦਾਸੀ, ਦਿਲ, ਪਾਸ਼ ਹੋਰੀਂ,
ਗਏ ਆਪਣੇ ਰੰਗ ਵਿਖਾਲ ਜੀਓ।
ਚਾਲ਼ੀ ਸਾਲ ਤੋਂ ਪਾਤਰ ਮਕਬੂਲ ਸਭ ਤੋਂ,
ਲੱਖਾਂ ਓਸ ਨੂੰ ਮਿਲ਼ੇ ਨੇ ਸ਼ਾਲ ਜੀਓ।

ਸਰਬਜੀਤ ਸਿੰਘ ਘੁੰਮਣ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੀਡੀਆ ਦੇ ਰੂਬਰੂ ਹੋਏ ਨਵਨਿਯੁਕਤ ਡੀ ਐੱਸ ਪੀ ਰਜੇਸ਼ ਕੱਕੜ
Next articleਪਿਆਰੀ ਕੁਰਸੀ