ਚੰਡੀਗੜ੍ਹ– ਮਲੋਆ ਵਿੱਚ ਸਥਿਤ ਘਰ ਵਿੱਚ ਗੈਸ ਰਿੱਸਣ ਕਰਕੇ ਧਮਾਕਾ ਹੋਣ ਦੀ ਘਟਨਾ ਵਾਪਰੀ ਹੈ। ਇਸ ਦੌਰਾਨ ਇੱਕ ਮਹਿਲਾ ਸਣੇ ਤਿੰਨ ਜਣੇ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਅੱਗ ਲੱਗਣ ਸਬੰਧੀ ਜਾਣਕਾਰੀ ਮਿਲਦੇ ਹੀ ਫਾਈਰ ਬ੍ਰਿਗੇਡ ਅਤੇ ਥਾਣਾ ਮਲੋਆ ਦੀ ਪੁਲੀਸ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਕਰਕੇ ਜ਼ਖ਼ਮੀ ਹੋਣ ਵਾਲਿਆਂ ਦੀ ਪਛਾਣ 65 ਸਾਲਾ ਸਰਸਵਤੀ ਦੇਵੀ, 35 ਸਾਲਾ ਗੈਸ ਏਜੰਸੀ ਕਰਮਚਾਰੀ ਬਲਜੀਤ ਅਤੇ ਨਜ਼ਦੀਕ ਦੇ ਘਰ ’ਚ ਰਹਿਣ ਵਾਲਾ 32 ਸਾਲਾ ਲੇਖ ਰਾਜ ਵਜੋਂ ਹੋਈ ਹੈ। ਜਿਨ੍ਹਾਂ ਨੂੰ ਤੁਰੰਤ ਹਸਪਤਾਲ ਭਰਤੀ ਕਰਵਾ ਦਿੱਤਾ ਹੈ। ਜਿਥੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਘਰ ਵਿੱਚ ਹੋਇਆ ਧਮਾਕਾ ਇਨ੍ਹਾਂ ਜਬਰਦਸਤ ਸੀ ਕਿ ਘਰ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਟੁੱਟ ਗਏ ਅਤੇ ਘਰ ਦੇ ਬਾਹਰ ਖੜ੍ਹਾ ਸਕੂਟਰ ਦਾ ਵੀ ਕਾਫ਼ੀ ਨੁਕਸਾਨ ਹੋ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਘਰ ਵਿੱਚ ਪਿਆ ਗੈਸ ਸਲੰਡਰ ਲੀਕ ਹੋ ਰਿਹਾ ਸੀ, ਜਿਸ ਨੂੰ ਠੀਕ ਕਰਨ ਲਈ ਸਰਸਵਤੀ ਦੇਵੀ ਨੇ ਗੈਂਸ ਏਜੰਸੀ ਕਰਮਚਾਰੀ ਬਲਜੀਤ ਨੂੰ ਬੁਲਾਇਆ ਸੀ। ਬਲਜੀਤ ਨੇ ਸਲੰਡਰ ਨੂੰ ਠੀਕ ਕਰਨ ਲਈ ਜਿਵੇਂ ਹੀ ਘਰ ’ਚ ਲਾਈਟ ਜਲਾਈ ਤਾਂ ਅਚਾਨਕ ਅੱਗ ਲੱਗ ਗਈ ਅਤੇ ਧਮਾਕਾ ਹੋਇਆ। ਇਹ ਧਮਾਕਾ ਇਨ੍ਹਾਂ ਜ਼ਬਰ ਦਸਤ ਸੀ ਕਿ ਘਰ ਦੇ ਬਾਹਰ ਤੋਂ ਕੰਮ ’ਤੇ ਜਾ ਰਿਹਾ 32 ਸਾਲਾ ਲੇਖ ਰਾਜ ਵੀ ਇਸ ਦੀ ਚਪੇਟ ’ਚ ਆ ਗਿਆ। ਘਰ ’ਚ ਹੋਏ ਧਮਾਕੇ ਕਰਕੇ ਆਲੇ-ਦੁਆਲੇ ਸਥਿਤ ਅੱਧਾ ਦਰਜਨ ਘਰਾਂ ਦੀ ਦੀਵਾਰਾਂ ਵਿੱਚ ਤਰੇੜਾਂ ਪੈ ਗਈਆਂ ਅਤੇ ਲੋਕਾਂ ਦੇ ਮਨ੍ਹਾਂ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ।
ਇਸ ਸਬੰਧੀ ਥਾਣਾ ਮਲੋਆ ਦੇ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਨੇ ਘਟਨਾ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਘਰ ਵਿੱਚ ਹੋਏ ਧਮਾਕੇ ਦੀ ਜਾਂਚ ਕੀਤੀ ਜਾ ਰਹੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਧਮਾਕੇ ਦਾ ਕਾਰਨ ਘਰ ’ਚ ਗੈਸ ਰਿਸਣ ਕਰਕੇ ਬਣੇ ਦਬਾਅ ਕਰਕੇ ਹੋਇਆ ਜਾਪਦਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਧਮਾਕੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
INDIA ਗੈਸ ਰਿੱਸਣ ਕਾਰਨ ਘਰ ’ਚ ਧਮਾਕਾ: ਔਰਤ ਸਣੇ ਤਿੰਨ ਜ਼ਖ਼ਮੀ