ਲਖਨਊ (ਸਮਾਜਵੀਕਲੀ) : ਪੁਲੀਸ ਨੇ ਗੈਂਗਸਟਰ ਵਿਕਾਸ ਦੂਬੇ ਨੂੰ ਅੱਜ ਮੱਧ ਪ੍ਰਦੇਸ਼ ਦੇ ਉੱਜੈਨ ’ਚੋਂ ਗ੍ਰਿਫ਼ਤਾਰ ਕਰ ਲਿਆ ਹੈ। ਦੂਬੇ, ਪਿਛਲੇ ਦਿਨੀਂ ਕਾਨਪੁਰ ਦੇ ਚੌਬੇਪੁਰ ਖੇਤਰ ਵਿੱਚ ਬਿਕਰੂ ਪਿੰਡ ’ਚ ਘੇਰਾ ਪਾ ਕੇ ਅੱਠ ਪੁਲੀਸ ਮੁਲਾਜ਼ਮਾਂ ਦੀ ਕੀਤੀ ਹੱਤਿਆ ਲਈ ਲੋੜੀਂਦਾ ਸੀ। ਦੂਬੇ ਨੂੰ ਲੰਘੇ ਦਿਨ ਹਰਿਆਣਾ ਦੇ ਫਰੀਦਾਬਾਦ ਵਿੱਚ ਵੇਖਿਆ ਗਿਆ ਸੀ।
ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਦੂਬੇ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਗੈਂਗਸਟਰ ਇਸ ਵੇਲੇ ਉੱਜੈਨ ਪੁਲੀਸ ਦੀ ਹਿਰਾਸਤ ਵਿੱਚ ਹੈ। ਦੂਬੇ ਦੀ ਗ੍ਰਿਫ਼ਤਾਰੀ ਲਈ ਪੰਜ ਲੱਖ ਦਾ ਇਨਾਮ ਸੀ। ਊਂਜ ਅਜੇ ਇਹ ਪੁਸ਼ਟੀ ਨਹੀਂ ਹੋ ਸਕੀ ਕਿ ਗੈਂਗਸਟਰ ਨੂੰ ਮਹਾਕਾਲ ਮੰਦਰ ਦੇ ਅੰਦਰੋਂ ਜਾਂ ਬਾਹਰੋਂ, ਕਿੱਥੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ ਉੱਤਰ ਪ੍ਰਦੇਸ਼ ਵਿੱਚ ਦੋ ਵੱਖੋ-ਵੱਖਰੇ ਮੁਕਾਬਲਿਆਂ ’ਚ ਦੂਬੇ ਦੇ ਦੋ ਹੋਰ ਸਾਥੀ ਮਾਰੇ ਗਏ ਹਨ।
ਕਾਰਤੀਕੇ ਉਰਫ਼ ਪ੍ਰਭਾਤ ਕਾਨਪੁਰ ਵਿੱਚ ਪੁਲੀਸ ਦੀ ਹਿਰਾਸਤ ’ਚੋਂ ਫਰਾਰ ਹੋਣ ਮੌਕੇ ਮਾਰਿਆ ਗਿਆ ਤੇ ਪ੍ਰਵੀਨ ਉਰਫ਼ ਬਊਵਾ ਦੂਬੇ ਇਟਾਵਾ ਵਿੱਚ ਪੁਲੀਸ ਦੀ ਗੋਲੀ ਨਾਲ ਮਾਰਿਆ ਗਿਆ। ਕਾਰਤੀਕੇ ਨੂੰ ਪੁਲੀਸ ਨੇ ਬੁੱਧਵਾਰ ਨੂੰ ਫਰੀਦਾਬਾਦ ਤੋਂ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਨੂੰ ਉਸ ਨੂੰ ਟਰਾਂਜ਼ਿਟ ਰਿਮਾਂਡ ’ਤੇ ਕਾਨਪੁਰ ਲੈ ਕੇ ਆ ਰਹੀ ਸੀ। ਦੂਬੇ ਦਾ ਇਕ ਹੋਰ ਸਾਥੀ ਅਮਰ ਦੂਬੇ ਲੰਘੇ ਦਿਨ ਉੱਤਰ ਪ੍ਰਦੇਸ਼ ਦੇ ਹਮੀਰਪੁਰ ’ਚ ਮਾਰਿਆ ਗਿਆ ਸੀ।