ਕਪੂਰਥਲਾ (ਸਮਾਜ ਵੀਕਲੀ) (ਕੌੜਾ) – ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿ ਸਕੂਲ ਦੇ ਦਰਜਾ ਚਾਰ ਮੁਲਾਜ਼ਮਾਂ ਵੱਲੋਂ ਸਰਕਾਰ ਵੱਲੋਂ ਕੋਰੋਨਾ ਕਾਰਨ ਸਕੂਲ ਬੰਦ ਕਰਨ ਦੇ ਦਿੱਤੇ ਹੁਕਮਾਂ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਦੌਰਾਨ ਸਮੂਹ ਦਰਜਾ ਚਾਰ ਮੁਲਾਜ਼ਮਾਂ ਵੱਲੋਂ ਕਾਲੇ ਕੱਪੜੇ ਤੇ ਕਾਲੇ ਮਾਸਕ ਪਾ ਕੇ ਅਤੇ ਹੱਥਾਂ ਵਿੱਚ ਕਾਲੀਆਂ ਝੰਡੀਆਂ ਲੈ ਕੇ ਪੰਜਾਬ ਸਰਕਾਰ ਵੱਲੋਂ ਸਕੂਲ ਬੰਦ ਕਰਨ ਦੇ ਫ਼ੈਸਲੇ ਦੀ ਤਿੱਖੀ ਅਲੋਚਨਾ ਕੀਤੀ ਗਈ । ਵੱਖ ਵੱਖ ਬੁਲਾਰਿਆਂ ਕਿਹਾ ਕਿ ਸਕੂਲ ਬੰਦ ਹੋਣ ਨਾਲ ਪਹਿਲਾਂ ਹੀ ਵਿਦਿਆਰਥੀਆਂ ਦੀ ਪੜ੍ਹਾਈ ਦਾ ਕਾਫ਼ੀ ਨੁਕਸਾਨ ਹੋ ਚੁੱਕਾ ਹੈ ਅਤੇ ਸਰਕਾਰ ਨੇ ਵਿੱਦਿਅਕ ਅਦਾਰੇ ਮੁੁੁੜ ਬੰਦ ਕਰਕੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ ।
ਸਕੂਲ ਦੇ ਦਰਜਾ ਚਾਰ ਮੁਲਾਜ਼ਮਾਂ ਨੇ ਕਿਹਾ ਕਿ ਬੀਤੇ ਸਾਲ ਸਕੂਲ ਬੰਦ ਹੋਣ ਕਾਰਨ ਬੜੀ ਮੁਸ਼ਕਿਲ ਨਾਲ ਬੱਚਿਆਂ ਨੂੰ ਆਨਲਾਈਨ ਪਡ਼੍ਹਾਈ ਕਰਵਾਈ ਗਈ ਸੀ, ਜਿਸ ਕਾਰਨ ਬੱਚਿਆਂ ਨੂੰ ਪੜ੍ਹਾਈ ਦਾ ਕਾਫ਼ੀ ਨੁਕਸਾਨ ਉਠਾਉਣਾ ਪਿਆ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਕੋਰੋਨਾ ਸਬੰਧੀ ਦਿੱਤੀਆਂ ਹਦਾਇਤਾਂ ਅਤੇ ਸਾਵਧਾਨੀਆਂ ਦੀ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਪੂਰੀ ਪਾਲਣਾ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਵਿਦਿਆਰਥੀ ਨੂੰ ਸਕੂਲ ਵਿੱਚ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ । ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ।