ਬੰਦ ਦੀ ਹਮਾਇਤ ’ਚ ਨਿੱਤਰੀਆਂ ਸਿਆਸੀ ਤੇ ਸਮਾਜਿਕ ਜਥੇਬੰਦੀਆਂ;
ਜਲੰਧਰ, ਹੁਸਿ਼ਆਰਪੁਰ ਅਤੇ ਕਪੂਰਥਲਾ ’ਚ ਸਕੂਲ ਤੇ ਕਾਲਜ ਰਹਿਣਗੇ ਬੰਦ
ਪੰਜਾਬ ਦੀਆਂ ਸਿਆਸੀ ਤੇ ਸਮਾਜਿਕ ਜਥੇਬੰਦੀਆਂ ਨੇ ਦਿੱਲੀ ਦੇ ਤੁਗਲਕਾਬਾਦ ਵਿਚਲੇ ਰਵਿਦਾਸ ਮੰਦਿਰ ਨੂੰ ਢਾਹੁਣ ਦੇ ਮੁੱਦੇ ’ਤੇ ਦਲਿਤ ਭਾਈਚਾਰੇ ਵੱੱਲੋਂ ਮੰਗਲਵਾਰ ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ ਦੀ ਹਮਾਇਤ ਕਰਦਿਆਂ ਅੰਦੋਲਨਕਾਰੀ ਜਥੇਬੰਦੀਆਂ ਨੂੰ ਮੰਦਿਰ ਦੇ ਨਿਰਮਾਣ ਤੇ ਕਾਨੂੰਨੀ ਚਾਰਾਜੋਈ ਲਈ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਇਸ ਦੌਰਾਨ ਦਲਿਤ ਜਥੇਬੰਦੀਆਂ ਵੱਲੋਂ ਭਲਕੇ ਦੇਸ਼ ਭਰ ਵਿੱਚ ਵੀ ਪ੍ਰਦਰਸ਼ਨ ਕੀਤੇ ਜਾਣਗੇ। ਭਲਕ ਦੇ ਰੋਸ ਧਰਨਿਆਂ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਵੀ ਸ਼ਾਮਲ ਹੋਣਗੇ। ਇਸ ਦੌਰਾਨ ਜਲੰਧਰ, ਹੁਸਿ਼ਆਰਪੁਰ ਅਤੇ ਕਪੂਰਥਲਾ ਵਿਚਲੇ ਸਕੂਲ ਤੇ ਕਾਲਜ ਭਲਕੇ ਬੰਦ ਰਹਿਣਗੇ। ਸੂਬੇ ਵਿਚ ਸ਼ਾਂਤੀ ਬਣਾਈ ਰੱਖਣ ਲਈ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਅਰੁਣਾ ਚੌਧਰੀ ਨੇ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਨਾਲ ਵੀ ਗੱਲਬਾਤ ਕੀਤੀ। ਮਗਰੋਂ ਉਹ ਸਰਕਟ ਹਾਊਸ ਵਿੱਚ ਸੰਤ ਗੁਰਦੀਪ ਗਿਰੀ ਨੂੰ ਵੀ ਮਿਲੇ। ਵੱਖ-ਵੱਖ ਦਲਿਤ ਜਥੇਬੰਦੀਆਂ ਵੱਲੋਂ ਬੰਦ ਦੌਰਾਨ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਸਵੇਰ ਤੋਂ ਹੀ ਸ਼ੁਰੂ ਹੋ ਜਾਣਗੇ। ਭੀਮ ਆਰਮੀ ਪੰਜਾਬ ਦੇ ਪ੍ਰਧਾਨ ਬਲਵੀਰ ਗਰਚਾ ਨੇ ਦੱਸਿਆ ਕਿ ਉਹ ਸਵੇਰੇ 9.00 ਵਜੇ ਤੋਂ ਰਸਤੇ ਬੰਦ ਕਰਕੇ ਰੋਸ ਪ੍ਰਗਟਾਉਣੇ ਸ਼ੁਰੂ ਕਰ ਦੇਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਗਠਿਤ ਪੰਜ ਮੈਂਬਰੀ ਕਮੇਟੀ ਨੇ ਸਾਧੂ ਸਮਾਜ ਸੰਪਰਦਾਇ ਸੁਸਾਇਟੀ ਅਤੇ ਹੋਰ ਡੇਰਿਆਂ ਦੇ ਆਗੂਆਂ ਨਾਲ ਗੱਲਬਾਤ ਕਰਕੇ ਬੰਦ ਦੀ ਹਮਾਇਤ ਦਾ ਭਰੋਸਾ ਦਿੱਤਾ ਹੈ। ਪੰਜ ਮੈਂਬਰੀ ਕਮੇਟੀ ’ਚ ਸ਼ਾਮਲ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸ੍ਰੀਮਤੀ ਅਰੁਣਾ ਚੌਧਰੀ ਨੇ ਅੱਜ ਐਲਾਨ ਕੀਤਾ ਕਿ ਨਵੀਂ ਦਿੱਲੀ ਵਿਚ ਢਾਹੇ ਗਏ ਸ੍ਰੀ ਗੁਰੂ ਰਵਿਦਾਸ ਮੰਦਰ ਦੀ ਮੁੜ ਉਸਾਰੀ ਲਈ ਸੂਬਾ ਸਰਕਾਰ ਸਾਰਾ ਖਰਚਾ ਚੁੱਕਣ ਲਈ ਤਿਆਰ ਹੈ ਤੇ ਹਰ ਤਰ੍ਹਾਂ ਦੀ ਕਾਨੂੰਨੀ ਅਤੇ ਆਰਥਿਕ ਸਹਾਇਤਾ ਮੁਹੱਈਆ ਕਰਵਾਏਗੀ। ਦੋਵੇਂ ਮੰਤਰੀਆਂ ਨੇ ਅੱਜ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਅਤੇ ਵਿਧਾਇਕ ਰਾਜ ਕੁਮਾਰ ਚੱਬੇਵਾਲ ਤੇ ਸੁਸ਼ੀਲ ਕੁਮਾਰ ਰਿੰਕੂ ਨਾਲ ਜਲੰਧਰ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚ ਅਨੁਸੂਚਿਤ ਜਾਤੀ ਭਾਈਚਾਰੇ ਦੇ ਵੱਖ ਵੱਖ ਨੁਮਾਇੰਦਿਆਂ ਨਾਲ ਬੈਠਕ ਕੀਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਵੀ ਮੁਲਾਕਾਤ ਕਰਕੇ ਇਸ ਮਾਮਲੇ ਨੂੰ ਉਠਾਉਣਗੇ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਮੰਦਰ ਢਾਹੇ ਜਾਣ ਦੀ ਕਾਰਵਾਈ ਦੀ ਭਰਪੂਰ ਨਿੰਦਾ ਕੀਤੀ ਗਈ। ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਪੰਜ ਮੈਂਬਰੀ ਕਮੇਟੀ ਭਲਕ ਦੀ ਹੜਤਾਲ ਵਿੱਚ ਸ਼ਾਮਲ ਹੈ ਤੇ ਉਨ੍ਹਾਂ ਬੰਦ ਦੇ ਸੱਦੇ ਨੂੰ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਦੀ ਅਪੀਲ ਕੀਤੀ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੰਦਰ ਢਾਹੁਣ ਦੇ ਮੁੱਦੇ ’ਤੇ ਰਵੀਦਾਸ ਭਾਈਚਾਰੇ ਨੂੰ ਪਾਰਟੀ ਵੱਲੋਂ ਹਮਾਇਤ ਦਿੰਦਿਆਂ ਉਨ੍ਹਾਂ ਦੇ ਪ੍ਰਦਰਸ਼ਨਾਂ ਦੌਰਾਨ ਆਮ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਣ ਦੇਣ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਭਾਈਚਾਰੇ ਨਾਲ ਖੜ੍ਹੀ ਹੈ। ਉਨ੍ਹਾਂ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੀ ਸ੍ਰੀ ਗੁਰੂ ਰਵਿਦਾਸ ਜੈਅੰਤੀ ਸਮਾਰੋਹ ਸਮਿਤੀ ਨੂੰ ਸੜਕਾਂ ਅਤੇ ਮਾਰਗ ਨਾ ਰੋਕਣ ਦੀ ਅਪੀਲ ਕੀਤੀ। ਇਸ ਦੌਰਾਨ ਸੀਪੀਆਈ ਦੀ ਪੰਜਾਬ ਇਕਾਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਮੰਦਰ ਨੂੰ ਢਾਹੇ ਜਾਣ ਲਈ ਸਿਧੇ ਤੌਰ ’ਤੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਦਲਿਤ ਭਾਈਚਾਰੇ ਦੀਆਂ ਵਲੂੰਧਰੀਆਂ ਭਾਵਨਾਵਾਂ ਉਤੇ ਮੱਲ੍ਹਮ ਲਾਉਣ ਲਈ ਇਸ ਦੀ ਮੁੜ ਉਸਾਰੀ ਦਾ ਭਰੋਸਾ ਦੇਵੇ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ 13 ਅਗਸਤ ਦੇ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਇਹ ਅਤਿ ਭੜਕਾਊ ਕਾਰਵਾਈ ਮੋਦੀ ਹਕੂਮਤ ਦੀ ਦਲਿਤਾਂ, ਘੱਟ ਗਿਣਤੀਆਂ, ਮੁਸਲਮਾਨਾਂ ਤੇ ਕਸ਼ਮੀਰੀਆਂ ਖਿਲਾਫ਼ ਲੰਮੇ ਸਮੇਂ ਤੋਂ ਵਿੱਢੇ ਹਮਲਿਆਂ ਦਾ ਹੀ ਹਿੱਸਾ ਹੈ। ਦਲਿਤ ਭਾਈਚਾਰੇ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਦਾ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਹੋਰ ਸ੍ਰੀ ਗੁਰੂ ਰਵਿਦਾਸ ਸਭਾ ਸੁਸਾਇਟੀਆਂ ਨੇ ਸਮਰਥਨ ਕੀਤਾ ਹੈ। ਆਗੂਆਂ ਨੇ ਬੰਦ ਦੌਰਾਨ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਦਲਿਤ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਦੀ ਚਾਲ ਤੋਂ ਸੁਚੇਤ ਰਹਿਣ ਤੇ ਬੰਦ ਨੂੰ ਕਿਸੇ ਵੀ ਰੂਪ ਵਿਚ ਹਿੰਸਕ ਨਾ ਹੋਣ ਦੇਣ।
ਰਵਿਦਾਸ ਮੰਦਿਰ ਢਾਹੁਣ ਖ਼ਿਲਾਫ਼ ਪੰਜਾਬ ’ਚ ਰੋਸ ਪ੍ਰਦਰਸ਼ਨ ਜਾਰੀ
ਚੰਡੀਗੜ੍ਹ: ਸੁਪਰੀਮ ਕੋਰਟ ਦੀਆਂ ਹਦਾਇਤਾਂ ਉੱਤੇ ਗੁਰੂ ਰਵਿਦਾਸ ਮੰਦਿਰ ਢਾਹੁਣ ਨੂੰ ਲੈ ਕੇ ਰੋਹ ਵਿੱਚ ਆਏ ਦਲਿਤ ਭਾਈਚਾਰੇ ਦੇ ਮੈਂਬਰਾਂ ਨੇ ਅੱਜ ਤੀਜੇ ਦਿਨ ਵੀ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਪ੍ਰਦਰਸ਼ਨ ਕੀਤੇ। ਭਾਈਚਾਰੇ ਨੇ ਅੱਜ ਨਵਾਂਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਤੇ ਇਸ ਦੌਰਾਨ ਕਈ ਥਾਈਂ ਦੁਕਾਨਾਂ ਬੰਦ ਰਹੀਆਂ। ਉਧਰ ਲੁਧਿਆਣਾ, ਜਲੰਧਰ, ਫਗਵਾੜਾ, ਗੁਰਦਾਸਪੁਰ ਤੇ ਅੰਮ੍ਰਿਤਸਰ ਵਿੱਚ ਕੀਤੇ ਰੋਸ ਪ੍ਰਦਰਸ਼ਨਾਂ ਨਾਲ ਆਮ ਰਾਹਗੀਰਾਂ ਨੂੰ ਖਾਸੀ ਪ੍ਰੇਸ਼ਾਨੀ ਹੋਈ। ਇਸ ਦੌਰਾਨ ਕੇਂਦਰੀ ਮੰਤਰੀ ਤੇ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਸੋਮ ਪ੍ਰਕਾਸ਼ ਨੇ ਮੰਦਿਰ ਢਾਹੁਣ ਦੀ ਕਾਰਵਾਈ ਨੂੰ ਮੰਦਭਾਗੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸਕ ਮਹੱਤਤਾ ਵਾਲੀਆਂ ਧਾਰਮਿਕ ਥਾਵਾਂ ਤੇ ਇਮਾਰਤਾਂ ਨਾਲ ਕਿਸੇ ਕਿਸਮ ਦੀ ਛੇੜਖਾਨੀ ਨਾ ਕੀਤੀ ਜਾਵੇ।