ਗੁਰੂ ਕੀ ਗੋਲਕ ਦੇ ਮੂੰਹ ਖੋਲ੍ਹੇ ਜਾਣ: ਜਥੇਦਾਰ

ਕੌਮ ਦੇ ਨਾਂ ਸੰਦੇਸ਼ ’ਚ ਗੁਰਦੁਆਰਾ ਕਮੇਟੀਆਂ ਤੇ ਸਿੱਖ ਸੰਸਥਾਵਾਂ ਨੂੰ ਲੋੜਵੰਦਾਂ ਦੀ ਮਦਦ ਦਾ ਸੱਦਾ

* ਧਾਰਮਿਕ ਸਮਾਗਮਾਂ ਨੂੰ ਦੋ ਹਫ਼ਤਿਆਂ ਲਈ ਮੁਲਤਵੀ ਕਰਨ ਦੇ ਆਦੇਸ਼
* ਗੁਰੂ ਘਰਾਂ ਦੀ ਮਰਿਆਦਾ ਬਰਕਰਾਰ ਰੱਖਣ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਲਈ ਕਿਹਾ
* ਲੋੜ ਪੈਣ ’ਤੇ ਇਕਾਂਤਵਾਸ ਲਈ ਗੁਰਦੁਆਰੇ ਦੀਆਂ ਸਰਾਵਾਂ ਖੋਲ੍ਹਣ ਲਈ ਕਿਹਾ

ਅੰਮ੍ਰਿਤਸਰ/ਤਲਵੰਡੀ ਸਾਬੋ– ਸਮੁੱਚੇ ਵਿਸ਼ਵ ਵਿੱਚ ਫੈਲੀ ਕਰੋਨਾਵਾਇਰਸ ਮਹਾਮਾਰੀ ਦੌਰਾਨ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਵਿਸ਼ਵ ਭਰ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਨੂੰ ਆਖਿਆ ਕਿ ਉਹ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਉਣ ਅਤੇ ਗੁਰੂ ਦੀ ਗੋਲਕ ਨੂੰ ਲੋੜਵੰਦ ਲੋਕਾਂ ਦੀ ਮਦਦ ਲਈ ਵਰਤਣ। ਜਥੇਦਾਰ ਨੇ ਆਖਿਆ ਕਿ ਵਿਸ਼ਵ ਭਰ ਦੀਆਂ ਸਿੱਖ ਜਥੇਬੰਦੀਆਂ ਆਪੋ-ਆਪਣੇ ਇਲਾਕਿਆਂ ਵਿੱਚ ਲੋੜਵੰਦ ਲੋਕਾਂ ਲਈ ਲੰਗਰ ਲਾਉਣ, ਦਵਾਈਆਂ ਅਤੇ ਜ਼ਰੂਰੀ ਸਾਮਾਨ ਦਾ ਪ੍ਰਬੰਧ ਕਰਨ। ਲੋੜਵੰਦਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ। ਖਾਸ ਕਰਕੇ ਵਿਦੇਸ਼ ਵਿਚ ਪੜ੍ਹਨ ਗਏ ਵਿਦਿਆਰਥੀਆਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਦੀਆਂ ਸਰਾਵਾਂ ਲੋੜ ਪੈਣ ’ਤੇ ਵਾਇਰਸ ਪੀੜਤਾਂ ਨੂੰ ਨਿਗਰਾਨੀ ਹੇਠ ਇਕਾਂਤ ਵਾਸ ਵਿੱਚ ਰੱਖਣ ਲਈ ਵਰਤੀਆਂ ਜਾਣ ਅਤੇ ਇਸ ਵਾਸਤੇ ਤਿਆਰ ਰੱਖੀਆਂ ਜਾਣ। ਜਥੇਦਾਰ ਨੇ ਆਦੇਸ਼ ਦਿੱਤੇ ਕਿ ਧਾਰਮਿਕ ਸਮਾਗਮਾਂ ਨੂੰ ਦੋ ਹਫ਼ਤਿਆਂ ਲਈ ਮੁਲਤਵੀ ਕਰ ਦਿੱਤਾ ਜਾਵੇ। ਇਸ ਦੌਰਾਨ ਗੁਰੂ ਘਰਾਂ ਵਿਚ ਨਿਤ ਪ੍ਰਤੀ ਦੀ ਮਰਿਆਦਾ ਨੂੰ ਕਾਇਮ ਰੱਖਿਆ ਜਾਵੇ, ਆਪੋ ਆਪਣੇ ਮੁਲਕਾਂ ਵਿਚ ਸਰਕਾਰਾਂ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਹਰੇਕ ਸਿੱਖ ਨੂੰ ਆਖਿਆ ਕਿ ਉਹ ਘਰ ਵਿੱਚ ਗੁਰਬਾਣੀ ਦਾ ਪਾਠ ਕਰੇ ਅਤੇ ਗੁਰੂ ਚਰਨਾਂ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਕਰੇ। ਲੋਕ ਘਰਾਂ ਵਿੱਚ ਵੀ ਆਪਣੇ ਆਪ ਲਈ ਸਵੈ-ਅਲਹਿਦਗੀ ਦਾ ਪਾਲਣ ਕਰਨ। ਉਨ੍ਹਾਂ ਆਖਿਆ ਕਿ ਸਿੱਖ ਧਰਮ ਵਿੱਚ ਵਹਿਮ ਭਰਮ ਲਈ ਕੋਈ ਥਾਂ ਨਹੀਂ ਹੈ, ਇਸ ਲਈ ਹਰ ਸਿੱਖ ਵਹਿਮ ਭਰਮ ਤੋਂ ਦੂਰ ਹੁੰਦਿਆਂ ਅਫ਼ਵਾਹਾਂ ਤੋਂ ਬਚੇ ਤੇ ਪ੍ਰਮਾਤਮਾ ’ਤੇ ਭਰੋਸਾ ਰੱਖੇ। ਉਨ੍ਹਾਂ ਕਿਹਾ ਕਿ ਇਸ ਵੇਲੇ ਮਹਾਮਾਰੀ ਕਾਰਨ ਸਮੁੱਚੀ ਮਾਨਵ ਜਾਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਹ ਬਿਮਾਰੀ ਕੁਦਰਤੀ ਜਾਂ ਗੈਰ-ਕੁਦਰਤੀ ਹੈ, ਪਰ ਇਸ ਕਰਕੇ ਕਈ ਮੁਲਕਾਂ ਵਿਚ ਵੱਡੀ ਗਿਣਤੀ ਲੋਕ ਮੌਤ ਦੇ ਮੂੰਹ ਜਾ ਪਏ ਹਨ। ਸਮੁੱਚੀ ਮਨੁੱਖਤਾ ਭੈਅ ਵਿੱਚ ਹੈ, ਅਜਿਹੇ ਸਮੇਂ ਸਿੱਖ ਭਾਈਚਾਰਾ ਸਰਬੱਤ ਦੇ ਭਲੇ ਦੀ ਕਾਮਨਾ ਕਰਦਾ ਹੈ।

Previous articleਪਠਲਾਵਾ ਮਗਰੋਂ ਝਿੱਕਾ ਤੇ ਸੁੱਜੋਂ ਪਿੰਡ ਵੀ ਸੀਲ
Next articleਸ਼ਾਹੀ ਇਮਾਮ ਵੱਲੋਂ ਮਸਜਿਦਾਂ ਤੇ ਪ੍ਰਬੰਧਕ ਕਮੇਟੀਆਂ ਨੂੰ ਹਦਾਇਤਾਂ