ਗੁਰਪੁਰਬ — ਸੱਚ ਦਾ ਦੀਪ

(ਸਮਾਜ ਵੀਕਲੀ)

ਗੁਰਪੁਰਬ

ਆਓ ਜਨਮ ਦਿਹਾੜਾ ਮਨਾਈਏ ਬਾਬੇ ਨਾਨਕ ਦਾ ।
ਘਰ-ਘਰ ਸੁਨੇਹਾ ਪਹੁੰਚਾਈਏ ਬਾਬੇ ਨਾਨਕ ਦਾ ।

ਜਬਰ-ਜੁਲਮ ਦੇ ਖਿਲਾਫ਼ ਆਵਾਜ਼ ਯਾਰੋ ਉਠਾਣੀ ਹੈ ,
ਗਰੀਬ ਤੇ ਭੁੱਖਿਆਂ ਨੂੰ ਰੋਟੀ ਵੀ ਹਮੇਸ਼ਾਂ ਖੁਆਣੀ ਹੈ ।
ਮਹਿਮਾ ਰੱਬ ਦੀ ਗਾਈਏ ਸੁਨੇਹਾ ਬਾਬੇ ਨਾਨਕ ਦਾ ,
ਆਓ ਮਿਲ ਕੇ ਗੁਰਪੁਰਬ ਮਨਾਈਏ ਬਾਬੇ ਨਾਨਕ ਦਾ…

ਦਸਾਂ ਨਹੁੰਆਂ ਦੀ ਕਿਰਤ ਕਰਨੀ ਬਾਬੇ ਸਿਖਾਈ ਹੈ ।
ਨਾਰੀ ਦੇ ਹੱਕਾਂ ਲਈ ਆਵਾਜ਼ ਵੀ ਉਸ ਉਠਾਈ ਹੈ ,
ਪਾਪ ਦੀ ਕਮਾਈ ਨ ਖਾਈਏ ਸੁਨੇਹਾ ਬਾਬੇ ਨਾਨਕ ਦਾ ,
ਆਓ ਜਨਮ ਦਿਹਾੜਾ ਮਨਾਈਏ ਬਾਬੇ ਨਾਨਕ ਦਾ…

ਬਾਬੇ ਨੇ ਖੰਡਨ ਕੀਤਾ ਹੈ ਹਮੇਸ਼ਾਂ ਜਾਤਾ-ਪਾਤਾਂ ਦਾ ,
ਵਹਿਮ-ਭਰਮ ਤੇ ਲੋਕਾਂ ਨੂੰ ਲੁੱਟਦੀਆਂ ਕਰਾਮਾਤਾਂ ਦਾ।
ਮਨਦੀਪ ਆਓ ਸਮਾਜ ਸਿਰਜੀਏ ਬਾਬੇ ਨਾਨਕ ਦਾ ,
ਆਓ ਜਨਮ ਦਿਹਾੜਾ ਮਨਾਈਏ ਬਾਬੇ ਨਾਨਕ ਦਾ…

ਸੱਚ ਦਾ ਦੀਪ

ਸਿੱਖੀ ਦਾ ਬੂਟਾ ਲਾਇਆ ਬਾਬੇ ਨਾਨਕ ਨੇ,
ਸੱਚ ਦਾ ਦੀਪ ਜਗਾਇਆ ਬਾਬੇ ਨਾਨਕ ਨੇ।

ਸੰਨ 1469, ਰਾਏ ਭੋਇ ਦੀ ਤਲਵੰਡੀ ਵਿਖੇ,
ਮਾਤਾ ਤ੍ਰਿਪਤਾ ਅਤੇ ਪਿਤਾ ਮਹਿਤਾ ਕਾਲੂ ਦੇ।
ਆ ਘਰ ਨੂੰ ਰੁਸ਼ਨਾਇਆ ਬਾਬੇ ਨਾਨਕ ਨੇ,
ਸੱਚ ਦਾ ਦੀਪ …

ਛੋਟੀ ਉਮਰੇ ਜਦ ਪੜ੍ਹਨ ਸੀ ਬਾਬਾ ਪਾਇਆ,
ਪਰ ਪਾਂਧੇ ਨੂੰ ਪਾਠ ਬਾਬੇ ਦੁਨੀਆਵੀ ਪੜ੍ਹਾਇਆ।
ਭੁੱਖੇ ਸਾਧੂਆ ਨੂੰ ਭੋਜਨ ਖੁਵਾਇਆ ਬਾਬੇ ਨਾਨਕ ਨੇ,
ਸੱਚ ਦਾ ਦੀਪ …

ਬਾਬੇ ਖੰਡਨ ਕੀਤਾ ਫੋਕੀਆਂ ਰਸਮਾ-ਰਿਵਾਜਾ ਦਾ ,
ਉੱਚੀਆ-ਨੀਵੀਆ ਸਮਾਜ ਦੀਆਂ ਜਾਤਾਂ-ਪਾਤਾਂ ਦਾ।
ਟੁੱਟਣ ਵਾਲਾ ਜਨੇਊ ਨਾ ਪਾਇਆ ਬਾਬੇ ਨਾਨਕ ਨੇ,
ਸੱਚ ਦਾ ਦੀਪ …

ਜੀਵਨ ਭਰ ਗੁਰੂ ਜੀ ਨੇ ਉਦਾਸੀਆਂ ਕੀਤੀਆ,
ਤਰਕ ਦਿੱਤੇ ਸਭ ਨਾਲ ਹੈ ਗੋਸ਼ਟੀਆਂ ਕੀਤੀਆ।
ਭਟਕਿਆ ਨੂੰ ਰਾਹ ਦਿਖਾਇਆ ਬਾਬੇ ਨਾਨਕ ਨੇ,
ਸੱਚ ਦਾ ਦੀਪ …

ਬਾਬਰ ਦੇ ਜ਼ੁਲਮ ਦਾ ਡੱਟ ਕੇ ਹੈ ਵਿਰੋਧ ਕੀਤਾ,
ਨਾਰੀ ਨੂੰ ਉਸਦਾ ਬਣਦਾ ਮਾਣ-ਸਨਮਾਣ ਦਿੱਤਾ।
ਹੱਥੀ ਕਿਰਤ ਕਰਨਾ ਸਿਖਾਇਆ ਬਾਬੇ ਨਾਨਕ ਨੇ,
ਸੱਚ ਦਾ ਦੀਪ …

– ਮਨਦੀਪ ਗਿੱਲ ਧੜਾਕ
+91 99881 11134

Previous articleਖੈਰ ਮੰਗਦੇ ਵੇ ਤੇਰੀ ਖ਼ੈਰ ਮੰਗਦੇ ….
Next articleCovid, players’ illnesses hit Bengal T20 Challenge cricket