ਨੂਰਮਹਿਲ – (ਹਰਜਿੰਦਰ ਛਾਬੜਾ) “ਧੀਆਂ ਦਾ ਸਤਿਕਾਰ ਕਰੋ ਪੁੱਤਰਾਂ ਵਾਂਗੂ ਪਿਆਰ ਕਰੋ” ਦੇ ਸਲੋਗਨ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਅਤੇ ਨੰਬਰਦਾਰ ਯੂਨੀਅਨ ਜ਼ਿਲਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਜਿੱਥੇ ਧੀਆਂ ਦੇ ਸਤਿਕਾਰ ਨੂੰ ਅਹਿਮੀਅਤ ਦਿੱਤੀ ਉੱਥੇ ਵਾਤਾਵਰਣ ਦੀ ਸ਼ੁੱਧਤਾ ਪ੍ਰਤੀ ਵਿਸ਼ੇਸ਼ ਧਿਆਨ ਰੱਖਦੇ ਹੋਏ ਨੰਨ੍ਹੀ ਪਰੀ ਗੁਰਛਾਇਆ ਸੋਖਲ ਪਾਸੋਂ ਉਸਦੇ ਦੂਸਰੇ ਜਨਮ ਦਿਨ ਦੀ ਖੁਸ਼ੀ ਵਿੱਚ “ਤਿਰਵੈਣੀ” (ਬੋਹੜ-ਪਿੱਪਲ-ਨਿੰਮ) ਦੇ ਬੂਟੇ ਲਗਵਾਏ। ਇਸ ਮੌਕੇ ਹਾਜ਼ਿਰ ਪਤਵੰਤੇ ਵਾਤਾਵਰਣ ਪ੍ਰੇਮੀਆਂ ਨੇ ਸਾਂਝੇ ਤੌਰ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ “ਤਿਰਵੈਣੀ” ਸਾਨੂੰ ਸਾਡੇ ਧਾਰਮਿਕ ਸ਼ਾਸ਼ਤਰਾਂ ਨਾਲ ਜੋੜਦੀ ਹੈ।
ਜਦੋਂ ਇਹ ਤਿਰਵੈਣੀ ਆਪਣਾ ਵਿਸ਼ਾਲ ਰੂਪ ਅਖਤਿਆਰ ਕਰ ਲੈਂਦੀ ਹੈ ਤਾਂ ਬਹੁਤ ਦੂਰ ਤੱਕ ਨਾਕਾਰਾਤਮਕ ਪ੍ਰਭਾਵ ਵਾਲੇ ਰੋਗਾਂ-ਦੋਸ਼ਾਂ ਦਾ ਨਾਸ਼ ਕਰ ਦਿੰਦੀ ਹੈ। ਇਸ ਤੋਂ ਮਿਲਣ ਵਾਲੀ ਸਾਕਾਰਨਾਤਮਕ ਊਰਜਾ ਕਾਰਣ “ਤਿਰਵੈਣੀ” ਦੀ ਪੂਜਾ ਕੀਤੀ ਜਾਂਦੀ ਹੈ। ਲਿਹਾਜ਼ਾ ਸਮਾਜ ਨੂੰ ਰੋਗ ਮੁਕਤ ਅਤੇ ਸ਼ੁੱਧਤਾ ਪ੍ਰਦਾਨ ਕਰਨ ਲਈ ਤਿਰਵੈਣੀ (ਬੋਹੜ-ਪਿੱਪਲ-ਨਿੰਮ) ਜਰੂਰ ਲਗਾਉਣੀ ਚਾਹੀਦੀ ਹੈ। ਇਸ “ਤਿਰਵੈਣੀ” ਦੀ ਸੇਵਾ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਵੱਲੋਂ ਉਪਲਬਧ ਕਰਵਾਈ ਗਈ ਅਤੇ ਮੰਤਰ ਉਚਾਰਣ ਕਰ “ਤਿਰਵੈਣੀ” ਸਥਾਪਤ ਕੀਤੀ ਗਈ। ਇਸਦੇ ਨਾਲ ਹੀ “ਇਲਾਹਾਬਾਦੀ ਆਮਲਾ” ਦਾ ਪੌਦਾ ਵੀ ਲਗਾਇਆ ਗਿਆ
ਇਸ ਸ਼ੁਭ ਅਵਸਰ ਮੌਕੇ ਨੰਨ੍ਹੀ ਪਰੀ ਗੁਰਛਾਇਆ ਸੋਖਲ, ਸੀਤਾ ਰਾਮ ਸੋਖਲ, ਸ਼ਰਨਜੀਤ ਸਿੰਘ, ਗੁਰਵਿੰਦਰ ਸੋਖਲ, ਆਂਚਲ ਸੰਧੂ ਸੋਖਲ, ਰਾਮ ਮੂਰਤੀ ਜਗਪਾਲ, ਰਮਾ ਸੋਖਲ, ਵਰਿੰਦਰ ਕੋਹਲੀ, ਐਨ.ਆਰ.ਆਈ ਰਾਜ ਕੁਮਾਰ ਸੋਖਲ, ਲਾਇਨ ਬਬਿਤਾ ਸੰਧੂ, ਵਿਸ਼ਾਲ ਭੰਗੂ, ਦਿਨਕਰ ਸੰਧੂ, ਪਵਨ ਟੇਲਰ, ਮੱਖਣ ਦੀਨ, ਬੰਟੂ ਮਾਲੀ ਉਚੇਚੇ ਤੌਰ ਤੇ ਹਾਜ਼ਿਰ ਸਨ। ਪਰਿਵਾਰ ਵਾਲਿਆਂ ਅਤੇ ਵਾਤਾਵਰਣ ਪ੍ਰੇਮੀਆਂ ਨੇ ਗੁਰਛਾਇਆ ਸੋਖਲ ਨੂੰ ਉਸਦੇ ਜਨਮ ਦਿਨ ਅਤੇ ਇਸ ਨੇਕ ਕਾਰਜ ਦੀਆਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ।