ਗੁਜਰਾਤ: ਰਾਜ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਦੋ ਵਿਧਾਇਕਾਂ ਦਾ ਅਸਤੀਫਾ

(ਸਮਾਜਵੀਕਲੀ) : ਗੁਜਰਾਤ ਵਿੱਚ ਰਾਜ ਸਭਾ ਦੀਆਂ ਚਾਰ ਸੀਟਾਂ ਲਈ 19 ਜੂਨ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ ਤੇ ਉਸ ਦੇ ਦੋ ਵਿਧਾਇਕਾਂ ਨੇ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਹੈ। ਕਾਂਗਰਸ ਨੇ ਭਾਜਪਾ ’ਤੇ ਰਾਜ ਸਭਾ ਚੋਣਾਂ ਜਿੱਤਣ ਲਈ ਵਿਰੋਧੀ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ।
ਹਾਲਾਂਕਿ ਸੱਤਾਧਾਰੀ ਭਾਜਪਾ ਨੇ ਇਹ ਦੋਸ਼ ਖਾਰਜ ਕਰਦਿਆਂ ਕਿਹਾ ਕਿ ਵਿਧਾਇਕ ਕਾਂਗਰਸ ਛੱਡ ਰਹੇ ਹਨ ਕਿਉਂਕਿ ਉਹ ਪਾਰਟੀ ਦੀ ਲੀਡਰਸ਼ਿਪ ਤੋਂ ਨਾਖੁਸ਼ ਹਨ। ਗੁਜਰਾਤ ਵਿਧਾਨ ਸਭਾ ਦੇ ਸਪੀਕਰ ਰਾਜੇਂਦਰ ਤ੍ਰਿਵੇਦੀ ਨੇ ਕਿਹਾ ਕਿ ਕਾਂਗਰਸ ਦੇ ਵਿਧਾਇਕ ਅਕਸ਼ੈ ਪਟੇਲ ਅਤੇ ਜੀਤੂ ਚੌਧਰੀ ਨੇ ਬੁੱਧਵਾਰ ਸ਼ਾਮ ਨੂੰ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਅਸਤੀਫੇ ਸੌਂਪੇ।
ਤ੍ਰਿਵੇਦੀ ਨੇ ਵੀਰਵਾਰ ਨੂੰ ਗਾਂਧੀਨਗਰ ਵਿਚ ਪੱਤਰਕਾਰਾਂ ਨੂੰ ਕਿਹਾ, “ਮੈਂ ਉਨ੍ਹਾਂ ਦੇ ਅਸਤੀਫ਼ੇ ਸਵੀਕਾਰ ਕਰ ਲਏ ਹਨ। ਪਟੇਲ ਨੇ ਵਡੋਦਰਾ ਦੀ ਕਰਜਨ ,ਜਦਕਿ ਚੌਧਰੀ ਵਲਸਾਦ ਦੀ ਕਪੜਦਾ ਸੀਟ ਤੋਂ ਜਿੱਤੇ ਸਨ। ਮਾਰਚ ਤੋਂ ਲੈ ਕੇ ਹੁਣ ਤੱਕ ਕਾਂਗਰਸ ਦੇ ਸੱਤ ਵਿਧਾਇਕਾਂ ਨੇ ਅਸਤੀਫੇ ਦਿੱਤੇ ਹਨ। 182 ਮੈਂਬਰੀ ਰਾਜ ਵਿਧਾਨ ਸਭਾ ਵਿਚ ਸੱਤਾਧਾਰੀ ਭਾਜਪਾ ਦੇ 103 ਵਿਧਾਇਕ ਹਨ ਅਤੇ ਵਿਰੋਧੀ ਕਾਂਗਰਸ ਵਿਚ ਹੁਣ 66 ਵਿਧਾਇਕ ਹਨ। ਰਾਜ ਦੀਆਂ ਚਾਰ ਰਾਜ ਸਭਾ ਸੀਟਾਂ ਵਿਚੋਂ 19 ਜੂਨ ਨੂੰ ਵੋਟਾਂ ਪੈਣੀਆਂ ਹਨ।
Previous articleਉੱਘੇ ਫਿਲਮ ਨਿਰਦੇਸ਼ਕ ਬਾਸੂ ਚੈਟਰਜੀ ਦਾ ਦੇਹਾਂਤ
Next articleਸੁਪਰੀਮ ਕੋਰਟ ਨੇ ਕਰਜ਼ੇ ’ਤੇ ਵਿਆਜ ਮੁਆਫ਼ ਬਾਰੇ ਵਿੱਤ ਮੰਤਰਾਲੇ ਤੋਂ ਜੁਆਬ ਮੰਗਿਆ