ਗੁਜਰਾਤ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ‘ਸ਼ਹਿਰੀ ਨਕਸਲੀ’: ਮੋਦੀ

ਭਰੂਚ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ‘ਸ਼ਹਿਰੀ ਨਕਸਲੀ’ ਭੇਸ ਬਦਲ ਕੇ ਗੁਜਰਾਤ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਸਰਕਾਰ ਇਨ੍ਹਾਂ ਨੂੰ ਨੌਜਵਾਨਾਂ ਦੀ ਜ਼ਿੰਦਗੀ ਖ਼ਰਾਬ ਕਰਨ ਦੀ ਇਜਾਜ਼ਤ ਬਿਲਕੁਲ ਨਹੀਂ ਦੇਵੇਗੀ। ਪ੍ਰਧਾਨ ਮੰਤਰੀ ਅੱਜ ਗੁਜਰਾਤ ਦੇ ਭਰੂਚ ਜ਼ਿਲ੍ਹੇ ਵਿਚ ਦੇਸ਼ ਦੇ ਪਹਿਲੇ ਡਰੱਗ ਪਾਰਕ ਦਾ ਨੀਂਹ ਪੱਥਰ ਰੱਖਣ ਮੌਕੇ ਸੰਬੋਧਨ ਕਰ ਰਹੇ ਸਨ। ਮੋਦੀ ਨੇ ਆਮ ਆਦਮੀ ਪਾਰਟੀ ’ਤੇ ਲੁਕਵੇਂ ਰੂਪ ’ਚ ਨਿਸ਼ਾਨਾ ਸੇਧਦਿਆਂ ਕਿਹਾ, ‘ਅਰਬਨ ਨਕਸਲ ਭੇਸ ਬਦਲ ਕੇ ਗੁਜਰਾਤ ਵਿਚ ਵੜਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਸਾਡੀ ਭੋਲੀ ਤੇ ਊਰਜਾ ਨਾਲ ਭਰੀ ਨੌਜਵਾਨ ਪੀੜ੍ਹੀ ਨੂੰ ਗੁਮਰਾਹ ਕਰ ਰਹੇ ਹਨ।’

ਜ਼ਿਕਰਯੋਗ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ’ਚ ‘ਆਪ’ ਗੁਜਰਾਤ ਵਿਚ ਪੈਰ ਲਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘ਸ਼ਹਿਰੀ ਨਕਸਲੀ ਉਪਰੋਂ ਪੈਰ ਧਰ ਰਹੇ ਹਨ। ਅਸੀਂ ਉਨ੍ਹਾਂ ਨੂੰ ਸਾਡੇ ਨੌਜਵਾਨਾਂ ਨੂੰ ਤਬਾਹ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ। ਗੁਜਰਾਤ ਇਨ੍ਹਾਂ ਅੱਗੇ ਕਦੇ ਨਹੀਂ ਝੁਕੇਗਾ, ਗੁਜਰਾਤ ਇਨ੍ਹਾਂ ਨੂੰ ਤਬਾਹ ਕਰ ਦੇਵੇਗਾ।’ ਇਸੇ ਦੌਰਾਨ ‘ਆਪ’ ਦੀ ਗੁਜਰਾਤ ਇਕਾਈ ਦੇ ਮੁਖੀ ਵੱਲੋਂ ਮੋਦੀ ਬਾਰੇ ਕੀਤੀ ਗਈ ਟਿੱਪਣੀ ਨੂੰ ਭਾਜਪਾ ਨੇ ਅਪਮਾਨਜਨਕ ਕਰਾਰ ਦਿੱਤਾ ਹੈ। ਭਾਜਪਾ ਨੇ ਕਿਹਾ ਕਿ ਇਹ ਗੁਜਰਾਤ, ਭਾਰਤ ਦੀ ਲੋਕਤੰਤਰਿਕ ਪ੍ਰਣਾਲੀ ਤੇ ਸਾਬਕਾ ਪ੍ਰਧਾਨ ਮੰਤਰੀਆਂ ਦਾ ਵੀ ਅਪਮਾਨ ਹੈ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਪਰੀਮ ਕੋਰਟ ਕੌਲਿਜੀਅਮ ਨੇ ਸੀਜੇਆਈ ਦੇ ‘ਸਰਕੁਲੇਸ਼ਨ’ ਢੰਗ ਦਾ ਵਿਰੋਧ ਕਰਨ ਵਾਲੇ ਜੱਜਾਂ ਦੇ ਨਾਂ ਦੱਸੇ
Next articleਅਨੰਤਨਾਗ: ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਦੋ ਲਸ਼ਕਰ ਅਤਿਵਾਦੀ ਹਲਾਕ