ਗੀਤ

(ਸਮਾਜ ਵੀਕਲੀ)

ਇੱਕ ਸੋਹਣਾ ਫੁੱਲ ਗੁਲਾਬ ਦਾ,
ਮੈ ਵਿੱਚ ਬਗੀਚੇ ਤੱਕਿਆ
ਖੂਬਸੂਰਤੀ ਦੇਖ ਫੁੱਲ ਦੀ,
ਬੁੱਲੀਆਂ ਦੇ ਵਿਚ ਹੱਸਿਆ

ਰੁਕ ਗਿਆ ਤੇ ਕਿਹਾ ਮੈਂ ਉਸਨੂੰ,
ਸੋਹਣਾ ਬਹੁਤ ਤੂੰ ਲੱਗੇ
ਮੇਰੇ ਦਿਲ ਵਿੱਚ ਪਿਆਰ ਤੇਰੇ ਲਈ,
ਦਿਲ ਮੇਰੇ ਨੂੰ ਠੱਗੇ

ਸੋਹਣਾਂ ਏ ਮਨਮੋਹਣਾ ਏ ਤੂੰ,
ਪਿਆਰ ਮੈ ਤੈਨੂੰ ਕਰਦਾ
ਦਿਲ ਕਰਦਾ ਤੈਨੂੰ ਰੁਕ- ਰੁਕ ਤੱਕਾਂ
ਦੇਖਿਆ ਜੀਅ ਨਹੀਂ ਭਰਦਾ

ਸੁਣ ਕੇ ਮੇਰੀ ਗੱਲ ਪਿਆਰ ਦੀ
ਫੁੱਲ ਤਲਖ਼ੀ ਵਿੱਚ ਆਇਆ
ਪਿਆਰ ਮੇਰਾ ਮੈਨੂੰ ਮਾਲਕ ਕਰਦਾ,
ਤੂੰ ਕਿਉਂ ਪਿਆਰ ਜਤਾਇਆ

ਨਜ਼ਰ ਹਟਾ ਲੈ, ਦੂਰ ਤੂੰ ਹੋ ਜਾ,
ਮੇਰੇ ਵੱਲ ਨਾ ਤੱਕੀ
ਖੁਸ਼ਬੂ ਮੇਰਾ ਮਾਲਕ ਮਾਣੇਂ,
ਤੂੰ ਕੋਈ ਆਸ ਨਾ ਰੱਖੀ

ਤੇਰੇ ਵਰਗੇ ਬਹੁਤ ਨੇ ਦੇਖੇ ,
ਨਜ਼ਰਾ ਮੈਨੂੰ ਲਾਉਂਦੇ
ਪਰ ਮੈ ਆਪਣੇ ਮਾਲਕ ਦਾ ਹਾਂ,
ਬਹੁਤ ਨੇ ਮੈਨੂੰ ਚਾਹੁੰਦੇ

ਮੈ ਕਿਹਾ ਸੋਹਣੇ ਫੁੱਲਾਂ ਵੇ,
ਮੈ ਹੱਥ ਨਾ ਤੈਨੂੰ ਲਾਇਆ
ਮੈ ਤੇਰੀ ਤਾਰੀਫ਼ ਹੀ ਕੀਤੀ,
ਨਾ ਮੈ ਤੋੜ ਲਿਆਇਆ

ਮੈ ਤੇਰੀ ਖੁਸ਼ਬੂ ਨਹੀਂ ਮਾਣੀਂ,
ਦੂਰੋਂ -ਦੂਰੋਂ ਤੱਕਾਂ
ਦਿਲ ਵਿਚ ਤੇਰੀ ਸੋਹਣੀ ਸੂਰਤ,
ਸਾਂਭ- ਸਾਂਭ ਕੇ ਰੱਖਾਂ

ਜਿਉਂਦਾ ਵੱਸਦਾ ਰਹਿ ਤੂੰ ਫੁੱਲਾ,
ਸਦਾ ਜਵਾਨੀਆਂ ਮਾਣੇਂ
ਕੁਦਰਤ ਤੈਨੂੰ ਹੁਸਨ ਹੈ ਦਿੱਤਾ,
ਤੂੰ ਨ ਕਦਰ ਪਛਾਣੇਂ

ਮਾਣ ਨਾ ਕਰੀਏ ਹੁਸਨ ਪ੍ਰਹੁੰਣਾ,
ਚਾਰ ਦਿਨਾਂ ਦਾ ਆਵੇ
ਸ਼ੇਰਗਿੱਲ ਜੋ ਮਾਣ ਨੇ ਕਰਦੇ,
ਕਰਨ ਉਹ ਫਿਰ ਪਛਤਾਵੇ

ਗੁਰਵਿੰਦਰ ਸਿੰਘ ਸ਼ੇਰਗਿੱਲ

ਲੁਧਿਆਣਾ ਮੋਬਾਈਲ 9872878501

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੱਛਣ
Next articleਚੌਵੀ ਕੈਰੇਟ ਸੋਨੇ ਦੇ ਗਹਿਣੇ ਵਰਗੀ ਪੁਸਤਕ- ਚਾਨਣ ਦਾ ਅਨੁਵਾਦ