ਸ਼ਾਮਚੁਰਾਸੀ, 14 ਮਈ (ਚੁੰਬਰ) (ਸਮਾਜਵੀਕਲੀ) : ਪੰਜਾਬੀ ਅਤੇ ਧਾਰਮਿਕ ਗੀਤਕਾਰੀ ਦੇ ਬਾਬਾ ਬੋਹੜ ਗੀਤਕਾਰ ਸੋਖੀ ਸੁੰਨੜਾਂ ਵਾਲਾ ਬੀਤੇ ਕੱਲ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ। ਉਨ•ਾਂ ਦੀ ਮੌਤ ਹੋਣ ਦੀ ਖ਼ਬਰ ਕਲਾਕਾਰ ਜਗਤ ਨੂੰ ਬੁਰੀ ਤਰ•ਾਂ ਝੰਜੋੜ ਗਈ। ਗੀਤਕਾਰ ਸੰਤੋਖ ਸਿੰਘ ਉਰਫ਼ ਬਾਬਾ ਸੋਖੀ ਸੁੰਨੜਾਂ ਵਾਲਾ ਉਮਰ ਦੇ ਲਗਭਗ ਸਾਢੇ 6 ਦਹਾਕੇ ਹੰਢਾ ਚੁੱਕਾ ਸੀ ਅਤੇ ਉਸ ਦੀ ਗੀਤਕਾਰੀ ਨੂੰ ਪੰਜਾਬ ਦੀਆਂ ਸਾਹਿਤਕ ਸੰਸਥਾਵਾਂ ਕਲਾਕਾਰ ਜਗਤ ਤੋਂ ਇਲਾਵਾ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਹੋ ਚੁੱਕੀ ਸੀ।
ਉਹ ਕੈਨੇਡਾ ਦੁਬਈ ਤੋਂ ਇਲਾਵਾ ਹੋਰ ਕਈ ਮੁਲਕਾਂ ਦੇ ਵਿਚ ਆਪਣੀ ਗੀਤਕਾਰੀ ਦੀ ਧੁੰਮ ਪਾ ਚੁੱਕੇ ਸਨ। ਉਨ•ਾਂ ਦੇ ਲਿਖੇ ਗੀਤ ਪੰਜਾਬ ਦੇ ਉੱਚ ਕੋਟੀ ਦੇ ਗਾਇਕਾਂ ਵਲੋਂ ਗਾਏ ਗਏ। ਜਿੱਥੇ ਉਹ ਪੰਜਾਬੀ ਗੀਤਾਂ ਨੂੰ ਲਿਖਣ ਵਿਚ ਅਹਿਮ ਮੁਹਾਰਤ ਰੱਖਦੇ ਸਨ, ਉੱਥੇ ਹੀ ਉਹ ਧਾਰਮਿਕ ਅਤੇ ਮਿਸ਼ਨਰੀ ਗੀਤਾਂ ਨੂੰ ਬਾਖੂਬੀ ਅੰਦਾਜ ਵਿਚ ਕਲਮਬੰਦ ਕਰਦੇ ਸਨ। ਉਸਤਾਦ ਕਵੀ ਨਰਿੰਦਰ ਪ੍ਰਕਾਸ਼ ਖੇਦੀ ਦਾ ਉਨ•ਾਂ ਨੂੰ ਵਿਸ਼ੇਸ਼ ਆਸ਼ੀਰਵਾਦ ਸੀ। ਗੀਤਕਾਰੀ ਦੇ ਨਾਲ ਨਾਲ ਉਹ ਗੀਤਾਂ ਨੂੰ ਗਾਉਣ ਦੀ ਵੀ ਵੱਡੀ ਕਲਾ ਆਪਣੇ ਅੰਦਰ ਸਮੋ ਕੇ ਰੱਖਦੇ ਸਨ।
ਉਨ•ਾਂ ਨੇ ਕਈ ਧਾਰਮਿਕ ਅਤੇ ਪੰਜਾਬੀ ਕਿਤਾਬਾਂ ਦੀ ਰਚਨਾ ਕੀਤੀ। ਫ਼ੱਕਰ ਸ਼ਾਇਰ ਸਵ. ਸੰਪੂਰਨ ਸਿੰਘ ਝੱਲਾ ਫਰੀਦਕੋਟੀ ਤੋਂ ਇਲਾਵਾ ਉਹ ਦਰਵੇਸ਼ ਸ਼ਾਇਰ ਨਿਰਧਨ ਕਰਤਾਰਪੁਰੀ ਤੋਂ ਗੀਤਕਾਰੀ ਦੀ ਸਿੱਖਿਆ ਲਗਾਤਾਰ ਲੈਂਦੇ ਰਹੇ। ਬਾਬਾ ਸੋਖੀ ਦਾ ਜਨਮ ਫਗਵਾੜਾ ਨਜ਼ਦੀਕ ਪਿੰਡ ਸੁੰਨੜ ਖੁਰਦ ਵਿਚ ਸ਼੍ਰੀ ਰਤਨਾ ਰਾਮ ਸਿੰਮਕ ਦੇ ਗ੍ਰਹਿ ਅਤੇ ਮਾਤਾ ਚੰਨੋ ਦੀ ਕੁੱਖੋ ਹੋਇਆ।
ਗਾਇਕ ਕਲੇਰ ਕੰਠ, ਬੂਟਾ ਮੁਹੰਮਦ, ਸੁੰਮਨ ਦੱਤਾ ਤੋਂ ਇਲਾਵਾ ਅਨੇਕਾਂ ਗਾਇਕਾਂ ਨੇ ਉਨ•ਾਂ ਦੇ ਗੀਤ ਗਾਏ। ਉਨ•ਾਂ ਦੀ ਲਿਖੀ ਕਿਤਾਬ ‘ਕਲਮ ਦਾ ਕਮਾਲ’ ਵੈਨਕੂਵਰ ਕੈਨੇਡਾ ਦੇ ਸ਼੍ਰੀ ਗੁਰੂ ਰਵਿਦਾਸ ਗੁਰੂ ਘਰ ਵਿਚ ਰਿਲੀਜ਼ ਕੀਤੀ ਗਈ। ਸੰਤੋਖ ਸਿੰਘ ਸੋਖੀ ਸੁੰਨੜਾਂ ਵਾਲਾ ਦੀ ਮੌਤ ਨਾਲ ਪੰਜਾਬੀ ਅਤੇ ਧਾਰਮਿਕ ਗੀਤਕਾਰੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।