ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਬਿਹਾਰ ਦੇ ਬੇਗੂਸਰਾਏ ਲੋਕ ਸਭਾ ਹਲਕੇ ਤੋਂ ਹੀ ਚੋਣ ਲੜਨਗੇ ਤੇ ਉਨ੍ਹਾਂ ਦੀਆਂ ਸਾਰੀਆਂ ਮੁਸ਼ਕਲਾਂ ਪਾਰਟੀ ਦੂਰ ਕਰੇਗੀ। ਦੱਸਣਯੋਗ ਹੈ ਕਿ ਗਿਰੀਰਾਜ ਸਿੰਘ ਨੇ ਸੋਮਵਾਰ ਨੂੰ ਬਿਹਾਰ ਦੀ ਸੂਬਾਈ ਲੀਡਰਸ਼ਿਪ ਦੀ ਆਲੋਚਨਾ ਕੀਤੀ ਸੀ ਤੇ ਕਿਹਾ ਸੀ ਕਿ ਨਵਾਦਾ ਤੋਂ ਟਿਕਟ ਨਾ ਦੇ ਕੇ ਉਨ੍ਹਾਂ ਦੇ ਸਵੈਮਾਣ ਨੂੰ ਠੇਸ ਪਹੁੰਚਾਈ ਗਈ ਹੈ। ਸ਼ਾਹ ਨੇ ਅੱਜ ਟਵੀਟ ਰਾਹੀਂ ਗਿਰੀਰਾਜ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਤੇ ਕਿਹਾ ਕਿ ਉਹ ਕੇਂਦਰੀ ਮੰਤਰੀ ਵੱਲੋਂ ਉਠਾਏ ਮੁੱਦਿਆਂ ਤੋਂ ਜਾਣੂ ਹਨ। ਪਾਰਟੀ ਸਾਰੀਆਂ ਸਮੱਸਿਆਵਾਂ ਦਾ ਹੱਲ ਕੱਢ ਲਏਗੀ ਤੇ ਗਿਰੀਰਾਜ ਬੇਗੂਸਰਾਏ ਤੋਂ ਹੀ ਚੋਣ ਮੈਦਾਨ ਵਿਚ ਨਿੱਤਰਨਗੇ। ਭਾਜਪਾ ਬਿਹਾਰ ਦੇ 40 ਲੋਕ ਸਭਾ ਹਲਕਿਆਂ ਵਿਚੋਂ 17 ’ਤੇ ਆਪਣੇ ਉਮੀਦਵਾਰ ਖੜ੍ਹੇ ਕਰ ਰਹੀ ਹੈ। ਐਨੀਆਂ ਹੀ ਸੀਟਾਂ ’ਤੇ ਇਸ ਦੀ ਭਾਈਵਾਲ ਪਾਰਟੀ ਜਨਤਾ ਦਲ ਯੂਨਾਈਟਿਡ (ਜੇਡੀ-ਯੂ) ਉਮੀਦਵਾਰ ਖੜ੍ਹੇ ਕਰੇਗੀ। ਲੋਕ ਜਨਸ਼ਕਤੀ ਪਾਰਟੀ ਬਾਕੀ ਸੀਟਾਂ ਤੋਂ ਚੋਣ ਲੜੇਗੀ। ਨਵਾਦਾ ਸੀਟ ਜੇਡੀ (ਯੂ) ਦੇ ਹਿੱਸੇ ਆਈ ਹੈ।
INDIA ਗਿਰੀਰਾਜ ਬੇਗੂਸਰਾਏ ਤੋਂ ਹੀ ਚੋਣ ਲੜਨਗੇ: ਸ਼ਾਹ