ਗਾਇਕੀ ਖੇਤਰ ਦੇ ਅੰਬਰ ਦਾ ਚਮਕਦਾ ਸਿਤਾਰਾ – ਸੋਨੂੰ ਵਿਰਕ

(ਸਮਾਜ ਵੀਕਲੀ)

ਆਪਣੇ ਗੀਤਾਂ ਰਾਹੀਂ ਪੰਜਾਬ,  ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ, ਵਿਰਸੇ ਨੂੰ ਸ਼ਿੰਗਾਰਨ ਵਾਲਾ ਗਾਇਕ ਸੋਨੂੰ   ਵਿਰਕ ਗਾਇਕੀ ਖੇਤਰ ਵਿੱਚ ਆਪਣੀ ਆਵਾਜ਼ ਰਾਹੀਂ ਆਪਣੀ ਵੱਖਰੀ ਪਹਿਚਾਣ ਬਣਾ ਚੁੱਕਿਆ ਹੈ  । ਦਮਦਾਰ ਤੇ ਦਿਲਕਸ਼ ਅਵਾਜ਼ ਦੇ ਮਾਲਕ ਸੋਨੂੰ ਵਿਰਕ ਦਾ ਜਨਮ ਸ਼ਹਿਰ ਪਟਿਆਲਾ ਦੇ ਸ. ਵਿਰਸਾ ਸਿੰਘ ਜੀ ਦੇ ਘਰ ਮਾਤਾ ਸ੍ਰੀਮਤੀ ਸਤਵੰਤ ਕੌਰ ਦੀ ਕੁੱਖੋਂ ਹੋਇਆ। ਗਾਇਕ ਕਰਮਜੀਤ ਵਿਰਕ, ਪਰਮਜੀਤ ਤੇ ਚਰਨਜੀਤ ਦੇ ਸਭ ਤੋਂ ਛੋਟੇ ਤੇ ਲਾਡਲੇ ਸੋਨੂੰ ਨੂੰ ਗਾਉਣ ਦਾ ਸ਼ੌਂਕ ਬਚਪਨ ਤੋਂ ਹੀ ਸੀ, ਆਪਣੇ ਵੱਡੇ ਭਰਾ ਗਾਇਕ ਕਰਮਜੀਤ ਵਿਰਕ ਨੂੰ ਗਾਉਦਿਆਂ ਸੁਣਦਾ / ਦੇਖਦਾ ਤਾਂ ਮਨ ਵਿੱਚ ਗਾਇਕ ਬਨਣ ਦੀ ਇੱਛਾ ਜਾਗਦੀ, ਪਹਿਲੇ ਸਕੂਲ ਤੇ ਫੇਰ ਮਹਿੰਦਰਾ ਕਾਲਜ ਪਟਿਆਲਾ ਪੜ੍ਹਦਿਆਂ-ਪੜ੍ਹਦਿਆਂ, ਅੱਜ ਉਹੀ ਇੱਛਾ ਗਾਇਕੀ ਦਾ ਰੂਪ ਧਾਰ ਚੁੱਕੀ ਹੈ।

ਵੱਡੇ ਭਰਾ ਗਾਇਕ ਕਰਮਜੀਤ ਵਿਰਕ, ਗੁਰਜੀਤ ਮਾਨ ਕਨੇਡਾ, ਭੋਲਾ ਫਰਲ ਵਾਲਾ, ਰਾਜੂ ਸਹਿਬਾਜਪੁਰਾ ਤੇ ਗੁਰਮੁੱਖ ਸਿੰਘ ਘੁੰਮਣ ਤੋਂ ਮਿਲੇ ਹੋਸਲੇ ਤੇ ਹੱਲਾਸੇਰੀ ਨੇ ਸੋਨੂੰ ਵਿਰਕ ਨੂੰ ਪ੍ਰਸਿੱਧ ਗਾਇਕ ਜਨਾਬ ਫਕੀਰ ਚੰਦ ਪਤੰਗਾ ਜੀ ਦੇ ਜਾ ਚਰਨੀ ਲਾਇਆ। ਜਿੱਥੇ ਸੋਨੂੰ ਨੂੰ ਗਾਇਕੀ ਦੀਆਂ ਬਾਰੀਕੀਆਂ ਸਿੱਖਣ ਦਾ ਮੌਕਾ ਮਿਲਿਆ, ਉੱਥੇ ਉਹਨੂੰ ਉਹਨਾਂ ਨਾਲ ਰਹਿ ਕੇ ਸਟੇਜ਼ਾਂ ਨੂੰ ਨਿਭਾਉਣ ਦਾ ਵੀ ਪਤਾ ਲੱਗਿਆ। ਫੇਰ ਕੁਝ ਸਮਾਂ ਉਹਨਾਂ ਦੀ ਸੰਗਤ ਕਰਨ ਤੋਂ ਬਾਅਦ ਸੋਨੂੰ ਵਿਰਕ ਨੇ ਆਪਣੀ ਪਲੇਠੀ ਐਲਬੰਮ “ਸ਼ੋਕੀਨ ਮੁੰਡਿਆਂ” {ਬੀ ਸਟਾਰ} ਲੈ ਕੇ ਆਪਣੇ ਰੱਬ ਵਰਗੇ ਸਰੋਤਿਆਂ ਦੀ ਕਚਿਹਿਰੀ ਆਇਆ ਤਾਂ ਉਹਦੇ ਚਾਹੁੰਣ ਵਾਲਿਆ ਨੇ ਉਹਨੁੰ ਭਰਵਾਂ ਹੁੰਗਾਰਾ ਦਿੱਤਾ।ਆਪਣੇ ਸਰੋਤਿਆਂ ਤੋਂ ਮਿਲੇ ਅਥਾਹ ਪਿਆਰ / ਸਤਿਕਾਰ ਨੇ ਸੋਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਤਾਂ ਸੋਨੂੰ ਵਿਰਕ ਆਪਣੀ ਦੂਜੀ ਐਲਬੰਮ “ਗੰਡਾਸੀ” {ਨੂਰ ਰਿਕਾਰਡਜ਼} ਲੈ ਕੇ ਆਪਣੇ ਸਰੋਤਿਆਂ ਦੇ ਸਨਮੁੱਖ ਹੋਇਆ, ਜਿਹਨੂੰ ਨੇ ਬੇਹੱਦ ਸਲਾਹਿਆ / ਸਤਿਕਾਰਿਆਂ। ਫੇਰ ਕੀ ਸੀ ਸੋਨੂੰ ਵਿਰਕ ਜਦ ਆਪਣੀ ਤੀਜੀ ਐਲਬੰਮ “ਬੱਲੀਏ” {ਫਾਈਨਟੋਨ} ਲੈ ਕੇ ਹਾਜ਼ਿਰ ਹੋਇਆ ਤਾਂ ਹਰ ਪਾਸੇ ਸੋਨੂੰ ਵਿਰਕ ਦੀ ਬੱਲੇ-ਬੱਲੇ ਹੋਗੀ ਤੇ ਜਦੋਂ ਉਹਦੀ ਐਲਬੰਮ “ਬਾਈ ਜੀ ” {ਅਮਰ ਆਡੀਓ} ਆਈ ਤਾਂ ਸੋਨੂੰ ਵਿਰਕ ਦਾ ਨਾਂ ਪੰਜਾਬ ਦੇ ਪ੍ਰਸਿੱਧ ਗਾਇਕਾਂ ਵਿੱਚ ਲਿਆ ਜਾਣ ਲੱਗਿਆ ਤੇ ਪਿੱਛੇ ਜਿਹੇ ਗੋਇਲ ਕੰਪਨੀ ਵਿੱਚ ਪ੍ਰਸਿੱਧ ਗੀਤਕਾਰ ਗੁਰਤੇਜ ਉਗੋਕੇ ਦੀ ਪੇਸ਼ਕਸ ਹੇਠ ਆਏ ਸਿੰਗਲ ਟਰੈਕ “ਬਾਈ ਨੱਚੂਗਾ” ਤੇ “ਬਦਮਾਸ” ਖੂਬ ਚੱਲੇ, ਜਿਹਨਾਂ ਨੇ ਇਸ ਗਾਇਕ ਦੀ ਗਾਇਕੀ ਨੂੰ ਚਾਰ ਚੰਨ ਲਾਉਂਦੀਆਂ ਇਕ ਸਥਾਪਤ ਗਾਇਕ ਵਜੋਂ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ।

“ਜਿੰਨ੍ਹਾਂ ਪਟਰੋਲ ਅਸੀਂ ਤੇਰੇ ਪਿੱਛੇ ਫੂਕ ਦਿੱਤਾ, ਏਨੇ ਵਿੱਚ ਮਿੱਤਰਾਂ ਦਾ ਪੰਪ ਲੱਗ ਜਾਣਾ ਸੀ…”, “ਲੋਕੀ ਆਖਦੇ ਸਰਾਬ ਪੀਕੇ ਨੱਚਦਾ, ਨਚਾਉਂਦੀ ਤੇਰੀ ਅੱਖ ਬੱਲੀਏ…”, “ਰੱਖਦੀ ਏ ਸੋਹਣੀਏ ਤੂੰ ਗੱਡੀਆਂ ਦਾ ਸ਼ੌਂਕ, ਅਸੀਂ ਗੱਡੇ ਤੇ ਜਹਾਜ ਲਿਖਾ ਰੱਖਿਆ…”, “ਤੇਰੀ ਮੇਰੀ ਗੱਲ ਸਿਰੇ ਲੱਗਦੀ, ਐਨੇ ਸਾਡੇ ਕਿੱਥੇ ਨੇ ਨਸੀਬ…”, “ਐਨਾ ਸਾਨੂੰ ਕਰਦੀ ਪਿਆਰ ਨਖਰੋ, ਸਾਨੂੰ ਰੱਬ ਵੀ ਨਾ ਚੇਤੇ…”, “ਉੱਥੇ ਚੱਲੇ ਨਾ ਗੰਡਾਸੀ ਖੱਬੀ ਖਾਣ ਦੀ, ਜਿੱਥੇ ਤੇਰੀ ਅੱਖ ਚੱਲਜੇ…” ਆਦਿ ਹਿੱਟ ਗੀਤਾਂ ਦਾ ਗਾਇਕ ਸੋਨੂੰ ਵਿਰਕ ਹੁਣ ਤੱਕ ਅਮਰੀਕਾ, ਨਿਊਜੀਲੈਡ, ਜਰਮਨ, ਇਟਲੀ, ਡੈਨਮਾਰਕ, ਸਵੀਡਨ, ਫ਼ਿਨਲੈਂਡ, ਸਿੰਘਾਪੁਰ, ਮਲੇਸੀਆਂ, ਇੰਡੋਨੇਸ਼ੀਆਂ, ਮਸਕਟ ਆਦਿ ਦੇਸ਼ਾਂ ਦਾ ਟੂਰ ਲਾ ਚੁੱਕਾ ਹੈ।

ਸ਼ਹਿਰ ਪਟਿਆਲਾ ਵਿਖੇ ਆਪਣੇ ਪੂਰੇ ਪਰਿਵਾਰ ਸਮੇਤ, ਪਤਨੀ ਜਗਰਾਜ ਕੌਰ, ਵੱਡੀ ਬੇਟੀ ਨੂਰ ਕਮਲ ਤੇ ਛੋਟੀ ਬੇਟੀ ਮਨਰੀਤ ਨਾਲ ਖੁਸ਼ੀਆਂ ਭਰੀ ਜ਼ਿੰਦਗੀ ਬਤੀਤ ਕਰ ਰਿਹਾ, ਸੋਨੂੰ ਵਿਰਕ ਆਖਦੈ ਕਿ ਉਹ ਹਮੇਸ਼ਾ ਪੰਜਾਬੀ ਸੱਭਿਆਚਾਰ ਦੇ ਦਾਇਰੇ ਵਿੱਚ ਰਹਿ ਕੇ ਗਾਵੇਗਾ, ਜਿਸ ਤੇ ਉਸ ਦਾ ਪਰਿਵਾਰ ਹੀ ਨਹੀਂ, ਸਗੋਂ ਸਮਾਜ ਵੀ ਮਾਣ ਕਰੇ। ਮੇਰੀ ਵੀ ਇਹੋ ਕਾਮਨਾ ਹੈ ਕਿ ਸੋਨੂੰ ਵਿਰਕ ਗਾਇਕੀ ਖੇਤਰ ਵਿੱਚ ਵਰਤਮਾਨ ਸਮੇਂ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਗੀਤ ਗਾ ਕੇ ਲੋਕ ਮਸਲਿਆਂ ਨੂੰ ਉਭਾਰੇ ।ਅੰਤ ਵਿੱਚ ਮੈਂ ਇਹੋ ਅਰਦਾਸ ਕਰਦਾ ਹਾਂ ਕਿ ਪੰਜਾਬੀ ਮਾਂ ਬੋਲੀ ਦੇ ਖ਼ਜ਼ਾਨੇ ਦਾ ਹੀਰਾ ਪੁੱਤ ਸੋਨੂੰ  ਵਿਰਕ ਆਪਣੀ ਗਾਇਕੀ ਰਾਹੀਂ ਪੂਰੀ ਦੁਨੀਆਂ ਵਿੱਚ ਵੱਸਦੇ ਪੰਜਾਬੀਆਂ ਦੇ ਦਿਲਾਂ ਉੱਪਰ ਰਾਜ ਕਰੇ ਅਤੇ ਉਸ ਦੀ ਹਰ ਮਨੋਕਾਮਨਾ ਪੂਰੀ ਹੋਵੇ  ।

ਰਮੇਸ਼ਵਰ ਸਿੰਘ ਪਟਿਆਲਾ
9914880392

Previous articleਚੱਟੇ ਵੱਟੇ
Next articleਦਿੱਲੀਏ