ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਹੈ ਕਿ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਸਾਡੇ ਸਾਰਿਆਂ ਲਈ ਪ੍ਰਸੰਗਕ ਹਨ ਕਿਉਂਕਿ ਉਨ੍ਹਾਂ ਸਾਨੂੰ ਸਿਖਾਇਆ ਕਿ ਸਾਡੇ ਕੰਮਾਂ ਦਾ ਉਦੇਸ਼ ਦੂਜੇ ਮਨੁੱਖਾਂ ਦੀ ਕਿਸਮਤ ਨੂੰ ਮਜ਼ਬੂਤ ਬਣਾਉਣ ਵਾਲਾ ਹੋਣਾ ਚਾਹੀਦਾ ਹੈ। ਸ੍ਰੀ ਕੋਵਿੰਦ ਨੇ ਯੂਨੈਸਕੋ ਮਹਾਤਮਾ ਗਾਂਧੀ ਸ਼ਾਂਤੀ ਅਤੇ ਸਥਾਈ ਵਿਕਾਸ ਸਿੱਖਿਆ ਸੰਸਥਾਨ ਵੱਲੋਂ ਦਿਆਲਤਾ ਬਾਰੇ ਕਰਵਾਈ ਗਈ ਵਿਸ਼ਵ ਯੂਥ ਕਾਨਫਰੰਸ ਮੌਕੇ ਇਹ ਵਿਚਾਰ ਪ੍ਰਗਟਾਏ। ਉਨ੍ਹਾਂ ਕਿਹਾ,‘‘ਹੁਣ ਤੋਂ ਕੁਝ ਹਫ਼ਤਿਆਂ ਬਾਅਦ ਦੋ ਅਕਤੂਬਰ ਨੂੰ ਅਸੀਂ ਰਾਸ਼ਟਰਪਿਤਾ ਦੀ 150ਵੀਂ ਜੈਅੰਤੀ ਮਨਾਵਾਂਗੇ। ਉਨ੍ਹਾਂ ਦੇ ਮੁੱਲ ਸਾਡੇ ਲਈ ਪ੍ਰਸੰਗਕ ਹਨ। ਗਾਂਧੀ ਦਾ ਜਨਮ ਭਾਰਤ ’ਚ ਹੋਇਆ ਪਰ ਉਨ੍ਹਾਂ ਦਾ ਸਬੰਧ ਪੂਰੀ ਮਨੁੱਖਤਾ ਨਾਲ ਹੈ।’’ ਇਸ ਕਾਨਫਰੰਸ ’ਚ ਏਸ਼ੀਆ, ਅਫ਼ਰੀਕਾ, ਲਾਤੀਨੀ ਅਮਰੀਕੀ ਅਤੇ ਯੂਰੋਪ ਸਮੇਤ 27 ਤੋਂ ਵੱਧ ਮੁਲਕਾਂ ਦੇ ਕਰੀਬ ਇਕ ਹਜ਼ਾਰ ਨੌਜਵਾਨਾਂ ਨੇ ਹਿੱਸਾ ਲਿਆ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਲਈ ਮਹਾਤਮਾ ਗਾਂਧੀ ਉਹ ਹਸਤੀ ਹਨ ਜਿਨ੍ਹਾਂ ਨੇ ਲੂਣ ਨੂੰ ਤਾਕਤਵਰ ਲੋਕ ਲਹਿਰ ਦਾ ਰੂਪ ਦੇ ਦਿੱਤਾ। ‘ਦ੍ਰਿੜ੍ਹ ਇਰਾਦਿਆਂ ਵਾਲੇ ਗਾਂਧੀ ਨੇ ਆਪਣੇ ਕਮਜ਼ੋਰ ਸਰੀਰ ਨਾਲ ਭਾਰਤ ਦੇ ਪਿੰਡਾਂ ਦਾ ਦੌਰਾ ਕਰਕੇ ਹਿੰਸਾ ਦੇ ਵਿਚਕਾਰ ਸਚਾਈ ਦੀ ਅਲਖ ਜਗਾਈ ਜਿਸ ਨਾਲ ਮੁਲਕ ਨੂੰ ਆਜ਼ਾਦੀ ਮਿਲੀ।’ ਜਥੇਬੰਦੀ ਦੇ ਡਾਇਰੈਕਟਰ ਅਨੰਤ ਦੁਰਾਈਅੱਪਾ ਨੇ ਕਿਹਾ ਕਿ ਗਾਂਧੀ ਜੀ ਦੀਆਂ ਸਿੱਖਿਆਵਾਂ ਨੂੰ ਸਿੱਖਿਆ ਪ੍ਰਣਾਲੀ ਅਤੇ ਰੋਜ਼ਾਨਾ ਦੇ ਜੀਵਨ ’ਚ ਢਾਲਣਾ ਪਵੇਗਾ ਤਾਂ ਹੀ ਸਮਾਜ ’ਚ ਬਦਲਾਅ ਲਿਆਂਦਾ ਜਾ ਸਕੇਗਾ।
HOME ਗਾਂਧੀ ਜੀ ਦੀਆਂ ਸਿੱਖਿਆਵਾਂ ਸਾਰਿਆਂ ਲਈ: ਕੋਵਿੰਦ