(ਸਮਾਜ ਵੀਕਲੀ)
ਜਿਵੇਂ ਧਾੜਵੀ ਆ ਕੇ ਸਾਡੀ, ਕਰਦੇ ਲੁੱਟ-ਖਸੁੱਟ ਰਹੇ ਨੇ।
ਬਿਲਕੁਲ ਓਦਾਂ ਵਾਰੋ-ਵਾਰੀ, ਹਾਕਮ ਸਾਨੂੰ ਲੁੱਟ ਰਹੇ ਨੇ।
ਲੰਗੜੀ-ਲੂਲੀ ਆਜ਼ਾਦੀ ਦਾ, ਦੱਸੋ ਤਾਂ ਸਹੀ ਕੀ ਕਰਨਾ ਹੈ?
ਬੋਲਣ ਦਾ ਵੀ ਹੱਕ ਨਹੀਂ ਸਾਨੂੰ ਸੰਘੀ ਸਾਡੀ ਘੁੱਟ ਰਹੇ ਨੇ।
ਕਰੋ ਨਿਵੇਸ਼ ਮੁਲਕ ਵਿੱਚ ਆ ਕੇ, ਬਾਹਰਲਿਆਂ ਨੂੰ ਹਾਕਾਂ ਮਾਰਨ
ਅੰਦਰਲਿਆਂ ਨੂੰ ਅੰਦਰ ਕਰਕੇ ਵਾਂਗ ਜੱਲਾਦਾਂ ਕੁੱਟ ਰਹੇ ਨੇ।
ਵੋਟਾਂ ਵੇਲੇ ਲੋਕ-ਹਿਤਾਇਸ਼ੀ, ਹੋਣ ਦਾ ਨਾਟਕ ਕਰਦੇ ਜਿਹੜੇ
ਵੋਟਾਂ ਮਗਰੋਂ ਉਹੀ ਵੇਖੋ, ਲੋਕਾਂ ਦਾ ਗਲ਼ ਘੁੱਟ ਰਹੇ ਨੇ।
ਕਿੰਨੀ ਮਾੜੀ ਨੀਅਤ ਹੋ ਗਈ, ਲੋਕਾਂ ਨੂੰ ਨਾ ਦੁੱਕੀ ਦਿੰਦੇ
ਅੱਠ-ਅੱਠ ਨੌਂ-ਨੌਂ ਪੈਨਸ਼ਨਾਂ ਲੈ ਕੇ ਸਾਡਾ ਪੈਸਾ ਲੁੱਟ ਰਹੇ ਨੇ।
ਸਾਡੇ ਸਾਰੇ ਕੁੱਤੇ-ਕੁੱਤੀਆਂ, ਚੋਰਾਂ ਦੇ ਨਾਲ਼ ਰਲ਼ ਗਏ ਜਾ ਕੇ
ਕਿਉਂਕਿ ਚੋਰ ਇਹਨਾਂ ਦੇ ਅੱਗੇ ਸਾਡੀ ਬੋਟੀ ਸੁੱਟ ਰਹੇ ਨੇ।
ਨਿੱਤ ਮੈਂ ਹੰਝੂ ਡੁੱਲ੍ਹਦੇ ਵੇਖਾਂ, ਵਿਲਕਦੀਆਂ ਅੱਖਾਂ ਦੇ ਵਿੱਚੋਂ
ਤਿੜਕ-ਤਿੜਕ ਕੇ ਸ਼ੀਸ਼ੇ ਵਾਂਗੂੰ ਸੁਪਨੇ ਸਾਡੇ ਟੁੱਟ ਰਹੇ ਨੇ।
ਜਬਰੀ ਸਾਡਿਆਂ ਮੂੰਹਾਂ ਉੱਤੇ ਚੁੱਪ ਦੇ ਜੰਦਰੇ ਲਾਉਂਦੇ ਜਦ ਵੀ
ਇੰਝ ਲੱਗਦਾ ਏ ਲੋਕਤੰਤਰ ਦੀ, ਕਬਰ ਜਿਵੇਂ ਇਹ ਪੁੱਟ ਰਹੇ ਨੇ।
ਫਾਂਸੀ ਵਾਲੇ ਤਖਤੇ ਉੱਤੇ, ਜਿਨ੍ਹਾਂ ਲਈ ਕੁਰਬਾਨ ਹੋਏ ਸੀ
ਓਹੀ ਸਾਡੀਆਂ ਪੱਗਾਂ ਲਾਹ ਕੇ ਨਾਲ਼ੀਆਂ ਦੇ ਵਿੱਚ ਸੁੱਟ ਰਹੇ ਨੇ।
ਬਹੁਤ ਕਹਾਣੀਆਂ ਪੜ੍ਹੀਆਂ-ਸੁਣੀਆਂ, ਪਰ ਏਕੇ ਦੀ ਬਰਕਤ ਭੁੱਲੇ
ਤਿਣਕ-ਤਿਣਕਾ ਹੋ ਕੇ ਤੀਲੇ, ਬੜੀ ਸੌਖ ਨਾਲ਼ ਟੁੱਟ ਰਹੇ ਨੇ।
ਨਾਂ ਕੁਲਵੰਤ ‘ਖਨੌਰੀ’ ਮੇਰਾ, ਸੌ ਦੀ ਇੱਕ ਸੁਣਾ ਦਿੰਦਾ ਹਾਂ
ਫ਼ਤਿਹ ਮੋਰਚਾ ਕਰਦੇ ਉਹ ਹੀ, ਹੋ ਕੇ ਜੋ ਇੱਕਜੁੱਟ ਰਹੇ ਨੇ।
ਕੁਲਵੰਤ ਖਨੌਰੀ
ਗਰੇਵਾਲ ਕਲੋਨੀ ਭਵਾਨੀਗੜ੍ਹ
ਜ਼ਿਲਾ ਸੰਗਰੂਰ-148026
ਮੋ: 82890-53262