ਜੈਪੁਰ (ਸਮਾਜ ਵੀਕਲੀ) : ਰਾਜਸਥਾਨ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਤੁਰੰਤ ਸੱਦਣ ਦੀ ਮੰਗ ਨੂੰ ਲੈ ਕੇ ਕਾਂਗਰਸ ਵਿਧਾਇਕਾਂ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਅਗਵਾਈ ਹੇਠ ਅੱਜ ਰਾਜ ਭਵਨ ’ਚ ਕਰੀਬ ਪੰਜ ਘੰਟੇ ਤੱਕ ਧਰਨਾ ਦਿੱਤਾ। ਦੇਰ ਸ਼ਾਮ ਨੂੰ ਰਾਜਪਾਲ ਕਲਰਾਜ ਮਿਸ਼ਰਾ ਵੱਲੋਂ ਇਜਲਾਸ ਸੱਦਣ ਦਾ ਭਰੋਸਾ ਮਿਲਣ ਮਗਰੋਂ ਵਿਧਾਇਕਾਂ ਨੇ ਧਰਨਾ ਖ਼ਤਮ ਕਰ ਦਿੱਤਾ।
ਰਾਜਪਾਲ ਨੇ ਸੂਬਾ ਸਰਕਾਰ ਤੋਂ ਕੁਝ ਨੁਕਤਿਆਂ ’ਤੇ ਸਪੱਸ਼ਟੀਕਰਨ ਮੰਗਿਆ। ਇਨ੍ਹਾਂ ਨੁਕਤਿਆਂ ’ਤੇ ਵਿਚਾਰ ਲਈ ਰਾਤ ਸਾਢੇ 9 ਵਜੇ ਕੈਬਨਿਟ ਦੀ ਬੈਠਕ ਹੋਈ ਜਿਸ ’ਚ ਰਾਜਪਾਲ ਨੂੰ ਵਿਧਾਨ ਸਭਾ ਦਾ ਇਜਲਾਸ ਸੱਦਣ ਲਈ ਮੁੜ ਆਖਿਆ ਗਿਆ। ਕਾਂਗਰਸ ਤਰਜਮਾਨ ਰਣਦੀਪ ਸਿੰਘ ਸੁਰਜੇਵਾਲਾ ਨੇ ਦੱਸਿਆ ਕਿ ਰਾਜਪਾਲ ਨੂੰ ਸ੍ਰੀ ਗਹਿਲੋਤ ਨੇ 102 ਵਿਧਾਇਕਾਂ ਦੇ ਸਮਰਥਨ ਦਾ ਪੱਤਰ ਸੌਂਪਿਆ ਹੈ। ਉਨ੍ਹਾਂ ਮੁਤਾਬਕ ਰਾਜਪਾਲ ਨੇ ਪ੍ਰਦੇਸ਼ ਕੈਬਨਿਟ ਤੋਂ ਕੁਝ ਨੁਕਤਿਆਂ ’ਤੇ ਸਪੱਸ਼ਟੀਕਰਨ ਮੰਗੇ ਸਨ। ਸ੍ਰੀ ਸੁਰਜੇਵਾਲਾ ਨੇ ਕਿਹਾ,‘ਰਾਜਪਾਲ ਨੇ ਸੰਵਿਧਾਨ ਦੀ ਪਾਲਣਾ ਦਾ ਭਰੋਸਾ ਦਿੱਤਾ ਹੈ ਅਤੇ ਉਹ ਕਿਸੇ ਦੇ ਦਬਾਅ ਹੇਠ ਆਏ ਬਿਨਾਂ ਫ਼ੈਸਲਾ ਲੈਣਗੇ।’
ਰਾਤ ਨੂੰ ਰਾਜ ਭਵਨ ਵੱਲੋਂ ਜਾਰੀ ਬਿਆਨ ਮੁਤਾਬਕ ਰਾਜਪਾਲ ਕਲਰਾਜ ਮਿਸ਼ਰਾ ਨੇ ਕਿਹਾ ਕਿ ਸੰਵਿਧਾਨਕ ਮਰਿਆਦਾ ਤੋਂ ਉਪਰ ਕੋਈ ਨਹੀਂ ਹੁੰਦਾ ਹੈ ਅਤੇ ਕਿਸੇ ਤਰ੍ਹਾਂ ਦੀ ਦਬਾਅ ਦੀ ਸਿਆਸਤ ਨਹੀਂ ਹੋਣੀ ਚਾਹੀਦੀ ਹੈ। ਬਿਆਨ ’ਚ ਇਹ ਵੀ ਕਿਹਾ ਗਿਆ ਕਿ ਜੇ ਸਰਕਾਰ ਕੋਲ ਬਹੁਮੱਤ ਹੈ ਤਾਂ ਭਰੋਸੇ ਦਾ ਵੋਟ ਹਾਸਲ ਕਰਨ ਲਈ ਇਜਲਾਸ ਸੱਦਣ ਦੀ ਕੀ ਲੋੜ ਹੈ। ਸ੍ਰੀ ਮਿਸ਼ਰਾ ਨੇ ਗਹਿਲੋਤ ਨੂੰ ਲਿਖੇ ਪੱਤਰ ’ਚ ਕਿਹਾ ਕਿ ਜੇਕਰ ਵਿਧਾਇਕ ਉਨ੍ਹਾਂ ਦਾ ਘਿਰਾਓ ਕਰਨਗੇ ਤਾਂ ਫਿਰ ਰਾਜਪਾਲ ਦੀ ਸੁਰੱਖਿਆ ਕੌਣ ਕਰੇਗਾ ਅਤੇ ਸੂਬੇ ਦੇ ਅਮਨੋ-ਅਮਾਨ ਦਾ ਕੀ ਬਣੇਗਾ।
ਇਸ ਤੋਂ ਪਹਿਲਾਂ ਕਾਂਗਰਸ ਵਿਧਾਇਕ ਸ਼ਹਿਰ ਦੇ ਬਾਹਰਵਾਰ ਬਣੇ ਹੋਟਲ ਤੋਂ ਚਾਰ ਬੱਸਾਂ ਰਾਹੀਂ ਰਾਜਪਾਲ ਕੋਲ ਪਹੁੰਚੇ ਸਨ। ਰਾਜ ਭਵਨ ਅੰਦਰ ਸ੍ਰੀ ਗਹਿਲੋਤ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਜਦਕਿ ਵਿਧਾਇਕ ਬਾਹਰ ਬਾਗ ’ਚ ਬੈਠ ਕੇ ਨਾਅਰੇ ਲਾਉਂਦੇ ਰਹੇ। ਜਦੋਂ ਰਾਜਪਾਲ ਨੇ ਇਜਲਾਸ ਤੁਰੰਤ ਸੱਦਣ ਦਾ ਭਰੋਸਾ ਨਾ ਦਿੱਤਾ ਵਿਧਾਇਕਾਂ ਨੇ ਉਥੇ ਬਾਗ ’ਚ ਹੀ ਧਰਨਾ ਸ਼ੁਰੂ ਕਰ ਦਿੱਤਾ। ਰਾਜਪਾਲ ਵਿਧਾਇਕਾਂ ਨੂੰ ਮਿਲਣ ਲਈ ਆਏ ਅਤੇ ਉਨ੍ਹਾਂ ਨੂੰ ਆਪਣੇ ਸੰਵਿਧਾਨਕ ਅਹੁਦੇ ਦੀਆਂ ਮਜਬੂਰੀਆਂ ਦੱਸੀਆਂ।
ਧਰਨਾ ਸ਼ੁਰੂ ਕੀਤੇ ਜਾਣ ਮਗਰੋਂ ਸ਼ਾਮ ਨੂੰ ਮੁੱਖ ਮੰਤਰੀ ਨੇ ਕਿਹਾ ਕਿ ਰਾਜਸਥਾਨ ’ਚ ਪੁੱਠੀ ਗੰਗਾ ਵਹਿ ਰਹੀ ਹੈ ਜਿਥੇ ਸੱਤਾ ਧਿਰ ਖੁਦ ਵਿਧਾਨ ਸਭਾ ਦਾ ਇਜਲਾਸ ਸੱਦਣਾ ਚਾਹੁੰਦੀ ਹੈ ਪਰ ਵਿਰੋਧੀ ਧਿਰ ਦੇ ਆਗੂ ਆਖ ਰਹੇ ਹਨ ਕਿ ਉਨ੍ਹਾਂ ਤਾਂ ਅਜਿਹੀ ਕੋਈ ਮੰਗ ਨਹੀਂ ਕੀਤੀ ਹੈ। ਸ੍ਰੀ ਗਹਿਲੋਤ ਨੇ ਆਪਣੇ ਵਿਧਾਇਕਾਂ ਨੂੰ ਗਾਂਧੀਵਾਦੀ ਤਰੀਕੇ ਨਾਲ ਪੇਸ਼ ਆਉਣ ਦੀ ਨਸੀਹਤ ਦਿੱਤੀ। ਰਾਜ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,‘‘ਸਾਡੀ ਕੈਬਨਿਟ ਨੇ ਵਿਧਾਨ ਸਭਾ ਦਾ ਇਜਲਾਸ ਸੱਦਣ ਦਾ ਫ਼ੈਸਲਾ ਲਿਆ ਹੈ। ਪਹਿਲ ਅਸੀਂ ਕੀਤੀ ਹੈ। ਉਸ ਦਾ ਵਿਰੋਧੀ ਧਿਰ ਨੂੰ ਵੀ ਸਵਾਗਤ ਕਰਨਾ ਚਾਹੀਦਾ ਹੈ। ਲੋਕਤੰਤਰ ਦੀ ਇਹੋ ਰਵਾਇਤ ਰਹੀ ਹੈ।
ਇਥੇ ਪੁੱਠੀ ਗੰਗਾ ਵਹਿ ਰਹੀ ਹੈ, ਅਸੀਂ ਆਖ ਰਹੇ ਹਾਂ ਕਿ ਇਜਲਾਸ ਸੱਦਾਂਗੇ ਅਤੇ ਬਹੁਮਤ ਸਾਬਿਤ ਕਰਾਂਗੇ। ਕਰੋਨਾਵਾਇਰਸ ਅਤੇ ਹੋਰ ਮੁੱਦਿਆਂ ’ਤੇ ਸਦਨ ’ਚ ਚਰਚਾ ਹੋਵੇਗੀ।’’ ਮੁੱਖ ਮੰਤਰੀ ਨੇ ਕਿਹਾ ਕਿ ਉਪਰੋਂ ਦਬਾਅ ਪਏ ਬਿਨਾਂ ਉਹ ਇਜਲਾਸ ਸੱਦਣ ਦੇ ਫ਼ੈਸਲੇ ਨੂੰ ਰੋਕ ਨਹੀਂ ਸਕਦੇ ਸਨ ਕਿਉਂਕਿ ਪ੍ਰਦੇਸ਼ ਕੈਬਨਿਟ ਦੇ ਫ਼ੈਸਲੇ ਨਾਲ ਰਾਜਪਾਲ ਬੱਝੇ ਹੁੰਦੇ ਹਨ। ਸ੍ਰੀ ਗਹਿਲੋਤ ਨੇ ਕਿਹਾ ਕਿ ਜੇਕਰ ਰਾਜਪਾਲ ਦੇ ਕੁਝ ਸਵਾਲ ਹਨ ਤਾਂ ਉਹ ਸਕੱਤਰੇਤ ਪੱਧਰ ’ਤੇ ਉਨ੍ਹਾਂ ਨੂੰ ਹੱਲ ਕਰ ਸਕਦੇ ਹਨ।
ਇਜਲਾਸ ਨਾ ਸੱਦਣ ’ਤੇ ਲੋਕਾਂ ਵੱਲੋਂ ਰਾਜ ਭਵਨ ਦਾ ਘਿਰਾਓ ਕਰਨ ਸਬੰਧੀ ਦਿੱਤੇ ਬਿਆਨ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ 1993 ’ਚ ਭੈਰੋਂ ਸਿੰਘ ਸ਼ੇਖਾਵਤ ਨੇ ਵੀ ਅਜਿਹਾ ਬਿਆਨ ਦਿੱਤਾ ਸੀ ਅਤੇ ਇਹ ਸਿਆਸੀ ਭਾਸ਼ਾ ਹੁੰਦੀ ਹੈ ਜੋ ਲੋਕਾਂ ਨੂੰ ਸਮਝਾਉਣ ਤੇ ਸੁਨੇਹਾ ਦੇਣ ਲਈ ਹੁੰਦੀ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਰਾਜਪਾਲ ਨੂੰ ਵਿਧਾਨ ਸਭਾ ਦਾ ਇਜਲਾਸ ਸੱਦ ਕੇ ਮੁਲਕ ਸਾਹਮਣੇ ਸੱਚਾਈ ਰਖਣੀ ਚਾਹੀਦੀ ਹੈ।