ਗਲੋਬਲ ਕਬੱਡੀ: ਸਿੰਘ ਵਾਰੀਅਰਜ਼ ਨੇ ਕੈਲੀਫੋਰਨੀਆ ਨੂੰ 53-52 ਨਾਲ ਹਰਾਇਆ

ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਰਵਾਈ ਜਾ ਰਹੀ ਗਲੋਬਲ ਕਬੱਡੀ ਲੀਗ ਵਿੱਚ ਮਨਜੋਤ ਸਿੰਘ ਮਾਛੀਵਾੜਾ ਦੀ ਆਖਰੀ ਸਫਲ ਰੇਡ ਸਦਕਾ ਸਿੰਘ ਵਾਰੀਅਰਜ਼ ਪੰਜਾਬ ਨੇ ਕੈਲੀਫੋਰਨੀਆ ਈਗਲਜ਼ ਨੂੰ 53-52 ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਪਹਿਲੇ ਗੇੜ ਦੇ ਮੈਚਾਂ ਦੌਰਾਨ ਕੈਲੀਫੋਰਨੀਆ ਈਗਲਜ਼ ਦੀ ਇਹ ਪਹਿਲੀ ਹਾਰ ਹੈ। ਦੂਜੇ ਮੈਚ ਵਿੱਚ ਹਰਿਆਣਾ ਲਾਇਨਜ਼ ਨੇ ਬਲੈਕ ਪੈਂਥਰਜ਼ ਨੂੰ 64-41 ਨਾਲ ਹਰਾ ਕੇ ਤਿੰਨ ਮੈਚਾਂ ਤੋਂ ਬਾਅਦ ਛੇ ਅੰਕ ਹਾਸਲ ਕਰ ਲਏ ਹਨ। ਪਹਿਲੇ ਮੈਚ ਵਿੱਚ ਸਿੰਘ ਵਾਰੀਅਰਜ਼ ਨੇ ਕੈਲੀਫੋਰਨੀਆ ਈਗਲਜ਼ ਦੀ ਟੀਮ ਨੂੰ ਪਹਿਲੇ ਦੋ ਕੁਆਰਟਰਾਂ ਵਿੱਚ ਸਖ਼ਤ ਟੱਕਰ ਦਿੱਤੀ ਪਰ ਬਾਅਦ ਵਿੱਚ ਕੈਲੇਫੋਰਨੀਆ ਈਗਲਜ਼ ਦੇ ਜਾਫੀਆਂ ਨੇ ਸਿੰਘ ਵਾਰੀਅਰਜ਼ ਦੇ ਰੇਡਰਾਂ ਨੂੰ ਰੋਕੀ ਰੱਖਿਆ ਜਿਸ ਦਾ ਨਤੀਜਾ ਕੈਲੀਫੋਰਨੀਆ ਈਗਲਜ਼ ਦੇ ਪੱਖ ਵਿੱਚ ਗਿਆ। ਪਹਿਲੇ ਕੁਆਰਟਰ ਵਿੱਚ ਸਿੰਘ ਵਾਰੀਅਰਜ਼ 14-13 ਨਾਲ ਅੱਗੇ ਸੀ ਪਰ ਅੱਧੇ ਸਮੇਂ ਤੱਕ ਕੈਲੀਫੋਰਨੀਆ ਈਗਲਜ਼ ਦੀ ਟੀਮ 28-26 ਨਾਲ ਅੱਗੇ ਹੋ ਗਈ ਸੀ। ਤੀਜੇ ਕੁਆਰਟਰ ਦੇ ਅੰਤ ਤੱਕ ਸਕੋਰ 42-38 ਕੈਲੀਫੋਰਨੀਆ ਈਗਲਜ਼ ਦੇ ਹੱਕ ਵਿੱਚ ਸੀ ਪਰ ਚੌਥੇ ਕੁਆਰਟਰ ਵਿੱਚ ਸਿੰਘ ਵਾਰੀਅਰਜ਼ ਦੇ ਰੇਡਰਾਂ ਨੇ ਸ਼ਾਨਦਾਰ ਰੇਡਾਂ ਪਾ ਕੇ ਆਪਣੀ ਟੀਮ ਨੂੰ 52-52 ’ਤੇ ਲਿਆ ਖੜ੍ਹਾ ਕੀਤਾ। ਆਖਰੀ ਰੇਡ ਵਿੱਚ ਸਿੰਘ ਵਾਰੀਅਰਜ਼ ਦੇ ਮਨਜੋਤ ਸਿੰਘ ਮਾਛੀਵਾੜਾ ਨੇ ਅੰਕ ਹਾਸਲ ਕਰਕੇ ਟੀਮ ਨੂੰ ਇਕ ਅੰਕ ਨਾਲ ਜਿੱਤ ਦਿਵਾਈ। ਕੈਲੀਫੋਰਨੀਆ ਈਗਲਜ਼ ਵੱਲੋਂ ਜਿੱਥੇ ਜਾਫੀਆਂ ਵਿੱਚੋਂ ਕਪਤਾਨ ਮੰਗਤ ਮੰਗੀ ਨੇ ਬਿਹਤਰੀਨ ਖੇਡ ਦਿਖਾਈ ਉੱਥੇ ਹੀ ਰੇਡਰਾਂ ਵਿੱਚ ਸਿੰਘ ਵਾਰੀਅਰਜ਼ ਦੇ ਮਨਜੋਤ ਸਿੰਘ ਮਾਛੀਵਾੜਾ ਨੇ ਬਾਜ਼ੀ ਮਾਰੀ। ਸਿੰਘ ਵਾਰੀਅਰਜ਼ ਵਲੋਂ ਕਪਤਾਨ ਨਿੰਦੀ ਗੋਪਾਲਪੁਰੀਆ ਨੇ ਬਿਹਤਰੀਨ ਰੇਡਾਂ ਪਾਈਆਂ। ਸਿੰਘ ਵਾਰੀਅਰਜ਼ ਦੇ ਤਿੰਨ ਮੈਚਾਂ ਤੋਂ ਬਾਅਦ 6 ਅੰਕ ਹੋ ਗਏ ਹਨ। ਦੂਜੇ ਮੈਚ ਵਿੱਚ ਹਰਿਆਣਾ ਲਾਇਨਜ਼ ਨੇ ਬਲੈਕ ਪੈਂਥਰਜ਼ ਨੂੰ 64-41 ਦੇ ਫਰਕ ਨਾਲ ਹਰਾ ਕੇ ਲੀਗ ਵਿੱਚ ਦੂਜੀ ਜਿੱਤ ਹਾਸਲ ਕਰਕੇ ਆਪਣੇ ਖਾਤੇ ਵਿੱਚ 6 ਅੰਕ ਪਾ ਲਏ। ਉਨ੍ਹਾਂ ਤਿੰਨ ਮੈਚਾਂ ਵਿੱਚੋਂ ਇਕ ਮੈਚ ਹਾਰਿਆ ਹੈ। ਬਲੈਕ ਪੈਂਥਰਜ਼ ਦੀ ਟੀਮ ਨੂੰ ਆਪਣੇ ਕਪਤਾਨ ਯਾਦਵਿੰਦਰ ਸਿੰਘਦੀ ਘਾਟ ਮਹਿਸੂਸ ਹੋਈ ਕਿਉਂਕਿ ਉਹ ਅੱਜ ਮੈਦਾਨ ਵਿੱਚ ਨਹੀਂ ਉਤਰਿਆ। ਬਲੈਕ ਪੈਂਥਰਜ਼ ਕੋਲ ਇਸ ਸਮੇਂ ਚਾਰ ਮੈਚਾਂ ਤੋਂ ਬਾਅਦ ਸਿਰਫ ਤਿੰਨ ਅੰਕ ਹਨ ਤੇ ਉਨ੍ਹਾਂ ਨੇ ਤਿੰਨ ਮੈਚ ਹਾਰੇ ਹਨ। ਹਰਿਆਣਾ ਦੇ ਰੇਡਰਾਂ ਅਤੇ ਜਾਫੀਆਂ ਨੇ ਮੈਚ ਦੌਰਾਨ ਬਿਹਤਰੀਨ ਪ੍ਰਦਰਸ਼ਨ ਕੀਤਾ। ਹਰਿਆਣਾ ਦੇ ਕਪਤਾਨ ਵਿਨੈ ਖੱਤਰੀ ਰੇਡਰ ਨੇ ਸ਼ਾਨਦਾਰ ਕਬੱਡੀਆਂ ਪਾਈਆਂ ਜਦੋਂਕਿ ਉਨ੍ਹਾਂ ਦੀ ਟੀਮ ਦੇ ਸੋਨੂੰ ਗੋਗਲ ਨੇ ਬਿਹਤਰੀਨ ਜੱਫੇ ਲਾਏ। ਅੱਧੇ ਸਮੇਂ ਤੱਕ ਹਰਿਆਣਾ 31-21 ਨਾਲ ਅੱਗੇ ਸੀ।

Previous articleਯੂਥ ਓਲੰਪਿਕ: ਆਕਾਸ਼ ਨੇ ਤੀਰਅੰਦਾਜ਼ੀ ’ਚ ਭਾਰਤ ਲਈ ਚਾਂਦੀ ਦਾ ਪਹਿਲਾ ਤਗ਼ਮਾ ਜਿੱਤਿਆ
Next articleਖੇਡਾਂ ਦਾ ਆਖਰੀ ਦਿਨ: 1500 ਮੀਟਰ ਦੌੜ ’ਚੋਂ ਰਾਈਆ ਦਾ ਸੁਖਦੀਪ ਮੋਹਰੀ