ਯੂਥ ਓਲੰਪਿਕ: ਆਕਾਸ਼ ਨੇ ਤੀਰਅੰਦਾਜ਼ੀ ’ਚ ਭਾਰਤ ਲਈ ਚਾਂਦੀ ਦਾ ਪਹਿਲਾ ਤਗ਼ਮਾ ਜਿੱਤਿਆ

ਆਕਾਸ਼ ਮਲਿਕ ਯੂਥ ਓਲੰਪਿਕ ਖੇਡਾਂ ਦੇ ਤੀਰਅੰਦਾਜ਼ੀ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਗਿਆ ਹੈ ਅਤੇ ਉਸ ਦੇ ਇਸ ਤਗ਼ਮੇ ਨਾਲ ਭਾਰਤ ਨੇ ਇਨ੍ਹਾਂ ਖੇਡਾਂ ਵਿੱਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦਿਆਂ ਵਿਦਾ ਲਈ। ਇਕ ਕਿਸਾਨ ਦੇ ਪੁੱਤਰ 15 ਸਾਲਾ ਆਕਾਸ਼ ਨੂੰ ਫਾਈਨਲ ਵਿੱਚ ਅਮਰੀਕਾ ਦੇ ਟਰੈਂਟਨ ਕਾਊਲਸ ਨੇ 6-0 ਨਾਲ ਹਰਾ ਦਿੱਤਾ। ਭਾਰਤ ਨੇ ਇਨ੍ਹਾਂ ਖੇਡਾਂ ਵਿੱਚ ਤਿੰਨ ਸੋਨ ਤਗ਼ਮੇ, ਨੌਂ ਚਾਂਦੀ ਦੇ ਤਗ਼ਮੇ ਅਤੇ ਇਕ ਕਾਂਸੀ ਦਾ ਤਗ਼ਮਾ ਜਿੱਤਿਆ। ਕੁਆਲੀਫਿਕੇਸ਼ਨ ਤੋਂ ਬਾਅਦ ਪੰਜਵਾਂ ਦਰਜਾ ਪ੍ਰਾਪਤ ਆਕਾਸ਼ ਫਾਈਨਲ ਵਿੱਚ ਲੈਅ ਕਾਇਮ ਨਹੀਂ ਰੱਖ ਸਕਿਆ। ਕਾਊਲਸ ਨੇ ਸਿਰਫ ਦਸ ਅਤੇ ਨੌਂ ਵਿੱਚ ਸਕੋਰ ਕਰ ਕੇ ਆਸਾਨੀ ਨਾਲ ਜਿੱਤ ਦਰਜ ਕੀਤੀ। ਤਿੰਨ ਸੈੱਟਾਂ ਦੇ ਮੁਕਾਬਲੇ ਵਿੱਚ ਦੋਹਾਂ ਨੇ ਚਾਰ ਵਾਰ ਪਰਫੈਕਟ 10 ਸਕੋਰ ਕੀਤਾ ਪਰ ਆਕਾਸ਼ ਨੇ ਪਹਿਲੇ ਤੇ ਤੀਜੇ ਸੈੱਟ ਵਿੱਚ ਦੋ ਵਾਰ ਸਿਰਫ਼ ਛੇ ਸਕੋਰ ਕੀਤਾ। ਆਕਾਸ਼ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਸ ਨੇ ਤੇਜ਼ ਹਵਾਵਾਂ ਵਿੱਚ ਅਭਿਆਸ ਕੀਤਾ ਸੀ ਪਰ ਇੱਥੇ ਹਵਾ ਬਹੁਤ ਤੇਜ਼ ਸੀ। ਕਾਊਲਸ ਦਮਦਾਰ ਵਿਰੋਧੀ ਸੀ ਜਦੋਂਕਿ ਉਸ (ਆਕਾਸ਼) ਕੋਲ ਕੋਈ ਮੌਕਾ ਨਹੀਂ ਸੀ। ਇਸ ਤੋਂ ਪਹਿਲਾਂ ਅਤੁਲ ਵਰਮਾ ਨੇ 2014 ਵਿੱਚ ਨਾਨਜਿੰਗ ਵਿੱਚ ਹੋਈਆਂ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਆਕਾਸ਼ ਨੇ ਛੇ ਸਾਲ ਪਹਿਲਾਂ ਤੀਰਅੰਦਾਜ਼ੀ ਸ਼ੁਰੂ ਕੀਤੀ ਜਦੋਂ ਸਰੀਰਕ ਟਰੇਨਰ ਤੇ ਤੀਰਅੰਦਾਜ਼ੀ ਕੋਚ ਮਨਜੀਤ ਮਲਿਕ ਨੇ ਉਸ ਨੂੰ ਟਰਾਇਲ ਦੌਰਾਨ ਚੁਣਿਆ। ਆਕਾਸ਼ ਦੇ ਪਿਤਾ ਨਰਿੰਦਰ ਮਲਿਕ ਇਕ ਕਿਸਾਨ ਹਨ ਪਰ ਉਹ ਕਦੇ ਨਹੀਂ ਸਨ ਚਾਹੁੰਦੇ ਕਿ ਉਨ੍ਹਾਂ ਦਾ ਪੁੱਤਰ ਵੀ ਕਿਸਾਨ ਬਣੇ। ਆਕਾਸ਼ ਨੇ ਪਿਛਲੇ ਸਾਲ ਯੂਥ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਵਿੱਚ ਸੋਨ ਤਗ਼ਮ ਜਿੱਤਿਆ ਸੀ। ਉਸ ਨੇ ਏਸ਼ੀਆ ਕੱਪ ਪਹਿਲੇ ਗੇੜ ਵਿੱਚ ਸੋਨੇ, ਦੂਜੇ ਵਿੱਚ ਦੋ ਕਾਂਸੀ ਅਤੇ ਦੱਖਣੀ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਇਕ ਚਾਂਦੀ ਤੇ ਇਕ ਕਾਂਸੀ ਦਾ ਤਗ਼ਮਾ ਜਿੱਤਿਆ ਸੀ।

Previous articleਅੱਧਾ ਕਿੱਲੋ ਹੈਰੋਇਨ ਸਮੇਤ ਮੁਲਜ਼ਮ ਕਾਬੂ
Next articleਗਲੋਬਲ ਕਬੱਡੀ: ਸਿੰਘ ਵਾਰੀਅਰਜ਼ ਨੇ ਕੈਲੀਫੋਰਨੀਆ ਨੂੰ 53-52 ਨਾਲ ਹਰਾਇਆ