ਗਲਾਸਗੋ ਦੀ ਪੇਸ਼ਕਾਰੀ/ ਆਖਰੀ ਨਹੀਂ ਹੈ!

(ਸਮਾਜ ਵੀਕਲੀ)

 

ਸਾਹਿਬ ਸਿੰਘ

ਇੰਗਲੈਂਡ ਤੋਂ ਲੰਬਾ ਸਫ਼ਰ ਤੈਅ ਕਰਕੇ ਸਕਾਟਲੈਂਡ ਪਹੁੰਚਣਾ ਪੈਂਦਾ ਹੈ.. ਸਕਾਟਲੈਂਡ ਦੇ ਸ਼ਹਿਰ ਗਲਾਸਗੋ..ਪਰ ਜੇ ਮਨ ਵਿਚ ਰੀਝ ਹੈ ਮਿਲਣ ਦੀ.. ਫਿਰ ਡਰ ਕਾਹਦਾ!.. ਰੰਗਕਰਮੀ ਤਾਂ ਹਰ ਉਸ ਜਗ੍ਹਾ ਪਹੁੰਚੇਗਾ, ਜਿੱਥੇ ਰੰਗਮੰਚ ਨੂੰ ਪਿਆਰ ਕਰਨ ਵਾਲੇ ਬੈਠੇ ਨੇ..ਗਲਾਸਗੋ ਤਾਂ ਮਿੱਤਰ ਪਿਆਰਿਆਂ ਨਾਲ ਭਰਿਆ ਹੋਇਆ..ਮੁਠੱਡੇ ਪਿੰਡ ਦਾ ਤਰਲੋਚਨ ਹੈ.. ਉਸ ਦਾ ਪਰਿਵਾਰ ਹੈ.. ਢਾਡੀ ਦਇਆ ਸਿੰਘ ਦਿਲਬਰ ਦਾ ਸਪੁੱਤਰ ਹੈ.. ਪਰਮਜੀਤ ਬਾਸੀ ਹੈ..ਹਰਜੀਤ ਦੁਸਾਂਝ ਹੈ..ਅਮਨ ਹੈ.. ਤੇ ਹੋਰ ਕਿੰਨੇ ਸਾਰੇ ਭਰਾ ਤੇ ਭੈਣਾਂ ਹਨ..ਇਹ ਰਿਸ਼ਤੇ ‘ਸੰਮਾਂ ਵਾਲੀ ਡਾਂਗ’ ਨੇ ਕਮਾਏ ਸਨ.. ਤੇ ‘ਧੰਨ ਲੇਖਾਰੀ ਨਾਨਕਾ’ ਇਨ੍ਹਾਂ ਰਿਸ਼ਤਿਆਂ ਦਾ ਆਨੰਦ ਲੈ ਰਿਹਾ..ਗਲਾਸਗੋ ਦੀ ਮੌਜੂਦਾ ਪੇਸ਼ਕਾਰੀ ਨਾਲ ਇਹ ਰਿਸ਼ਤੇ ਹੋਰ ਗੂੜ੍ਹੇ ਹੋਏ ਨੇ!

ਪਰਮਜੀਤ ਬਾਸੀ ਵੱਲੋਂ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਦੋ ਦਿਨ ਲਗਾਤਾਰ ਕੀਤੀ ਗਈ ਪ੍ਰਾਹੁਣਚਾਰੀ ਹਮੇਸ਼ਾ ਯਾਦ ਰਹੇਗੀ..ਦਿਲਬਰ ਸਾਹਿਬ ਵੱਲੋਂ ਕੀਤੀ ਗਈ ਦਿਲਚਸਪ ਮੰਚ ਸੰਚਾਲਨਾ.. ਤੇ ਨਾਟਕ ਦੀ ਸਮਾਪਤੀ ਤੋਂ ਬਾਅਦ ਭਰੇ ਹੋਏ ਗਲੇ ਨਾਲ ਸਿਰਫ਼ ਇੰਨਾ ਹੀ ਕਹਿਣਾ,” ਸ਼ਬਦ ਮੁੱਕ ਗਏ ਨੇ.. ਇੰਨੀ ਖੂਬਸੂਰਤ ਪੇਸ਼ਕਾਰੀ ਦੇਖਣ ਤੋਂ ਬਾਅਦ!”..ਹਰਜੀਤ ਦੋਸਾਂਝ ਵੱਲੋਂ ਖਿੱਚੀਆਂ ਗਈਆਂ ਤਸਵੀਰਾਂ ਤੇ ਅਖ਼ਬਾਰਾਂ ਵਿੱਚ ਕੀਤੀ ਰਿਪੋਰਟਿੰਗ..ਸੰਵੇਦਨਸ਼ੀਲ ਸ਼ਾਇਰ ਅਮਨ ਵੱਲੋਂ ਇਸ ਨਾਟਕ ਦੀਆਂ ਦੋ ਪੇਸ਼ਕਾਰੀਆਂ ਦੇਖਣਾ ਤੇ ਹਰ ਪੇਸ਼ਕਾਰੀ ਵਿੱਚ ਕੁਝ ਨਵੀਆਂ ਤੰਦਾਂ ਦੇ ਪਕੜ ਵਿਚ ਆ ਜਾਣ ਦੀ ਗੱਲ ਕਰਨਾ..ਬੱਬੂ ਭੈਣ ਵੱਲੋਂ ਮੱਧਮ ਆਵਾਜ਼ ਵਿਚ ਗਲੇ ਲੱਗ ਕਹਿਣਾ “ਬਹੁਤ ਵਧੀਆ ਭਾਅ ਜੀ.. ਕਮਾਲ!”

..ਸਮਾਗਮ ਦੇ ਮੁੱਖ ਪ੍ਰਬੰਧਕ ਤਰਲੋਚਨ ਮੁਠੱਡਾ ਦੇ ਪੈਰ ਭੁੰਜੇ ਨਾ ਲੱਗਣਾ ਤੇ ਚਾਅ ਵਿੱਚ ਉੱਡੇ ਫਿਰਨਾ..ਪੇਸ਼ਕਾਰੀ ਤੋਂ ਉਤਸ਼ਾਹ ਵਿਚ ਆ ਕੇ ਰੰਗਮੰਚ ਬਾਰੇ ਵੱਡੀਆਂ ਗੱਲਾਂ ਕਰਨਾ…ਦਰਸ਼ਕਾਂ ਦਾ ਸਾਹ ਰੋਕ ਕੇ ਨਾਟਕ ਨੂੰ ਦੇਖਣਾ.. ਤੇ ਫਿਰ ਸਮਾਪਤੀ ਤੋਂ ਬਾਅਦ ਇਕਦਮ ਖੜ੍ਹੇ ਹੋ ਕੇ ਤਾੜੀਆਂ ਰਾਹੀਂ ਦਾਦ ਦੇਣਾ..ਪੰਜਾਬੀ ਸਾਹਿਤ ਸਭਾ ਗਲਾਸਗੋ ਦੇ ਮੁੱਖ ਅਹੁਦੇਦਾਰਾਂ, ਖ਼ਾਸਕਰ ਪ੍ਰਧਾਨ ਵੱਲੋਂ ਵਾਰ ਵਾਰ ਪੇਸ਼ਕਾਰੀ ਦੌਰਾਨ ਵਾਹ ਵਾਹ ਦੀ ਆਵਾਜ਼ ਉੱਚੀ ਕਰਨਾ..ਇਹ ਸਭ ਕੁੱਝ ਇੰਨਾ ਪਿਆਰਾ ਤੇ ਊਰਜਾ ਵਰਧਕ ਹੈ, ਕਿ ਮੇਰੇ ਤੋਂ ਇਹ ਲਫਜ਼ ਲਿਖਿਆ ਨਹੀਂ ਜਾ ਰਿਹਾ ਹੈ ਕਿ ਗਲਾਸਗੋ ਦਾ ਸ਼ੋਅ ਇਸ ਦੌਰੇ ਦਾ ਆਖਰੀ ਸ਼ੋਅ ਸੀ….ਆਖ਼ਰੀ ਤਾਂ ਕੁਝ ਵੀ ਨਹੀਂ ਹੁੰਦਾ.. ਤੇ ਗਲਾਸਗੋ ਵਾਲੇ ਤਾਂ ਹੁਣੇ ਪੁੱਛ ਰਹੇ ਨੇ ਕਿ ਅਗਲੀ ਵਾਰ ਕੀ ਲੈ ਕੇ ਆ ਰਹੇ ਹੋ!

ਗਲਾਸਗੋ ਵਾਲਿਆਂ ਵੱਲੋਂ ਦਿਖਾਇਆ ਪਿਆਰ ਸੱਚਮੁੱਚ ਵਿਲੱਖਣ ਹੈ..ਦੂਰ ਦੀ ਪ੍ਰਾਹੁਣਚਾਰੀ ਵਿੱਚ ਸ਼ਾਇਦ ਸੁਆਦ ਵੱਧ ਆਉਂਦਾ ਹੈ.. ਮੈਨੂੰ ਦੋਵੇਂ ਵਾਰ ਗਲਾਸਗੋ ਜਾ ਕੇ, ਪੇਸ਼ਕਾਰੀ ਕਰ ਕੇ, ਤੇ ਗਲਾਸਗੋ ਵਾਲਿਆਂ ਨੂੰ ਮਿਲ ਕੇ ਬਹੁਤ ਆਨੰਦ ਆਇਆ..ਜਿਉਂਦੇ ਵਸਦੇ ਰਹੋ ਗਲਾਸਗੋ ਵਾਲਿਓ.. ਫਿਰ ਮਿਲਾਂਗੇ.. ਜਲਦੀ!..ਤੁਸੀਂ ਦੂਰ ਦੁਰਾਡੇ ਬੈਠੇ ਵੀ ਹਰ ਤਰ੍ਹਾਂ ਦੇ ਫ਼ਿਕਰ ਦੀ ਬਾਂਹ ਫੜ ਕੇ ਰੱਖਦੇ ਹੋ..ਤੁਸੀਂ ਕਿਸਾਨ ਮੋਰਚੇ ਦੌਰਾਨ ਵੀ ਵਧ ਚੜ੍ਹ ਕੇ ਰੋਸ ਪ੍ਰਦਰਸ਼ਨ ਕੀਤੇ.. ਕੌਪ ਟਵੰਟੀ ਸਿਕਸ ਵੇਲੇ ਵੀ ਸ਼ਾਨਦਾਰ ਮੁਜ਼ਾਹਰਾ ਕੀਤਾ..ਹਰ ਤਰ੍ਹਾਂ ਦੇ ਧੱਕੇ ਖਿਲਾਫ ਤੁਸੀਂ ਆਵਾਜ਼ ਬੁਲੰਦ ਕਰਦੇ ਹੋ.. ਇਸ ਜਜ਼ਬੇ ਨੂੰ ਸਲਾਮ.. ਆਪਣੇ ਰੰਗਮੰਚ ਰਾਹੀਂ ਕਲਾ ਦੀ ਪੁੱਠ ਚਾੜ੍ਹ ਕੇ ਇਸੇ ਹੀ ਜਜ਼ਬੇ ਨੂੰ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਾਉਣਾ ਚਾਹੁੰਦਾ ਹਾਂ.. ਇਹ ਸਾਥ ਬਣਿਆ ਰਹੇ.. ਤੇ ਬਾਗੀ ਆਵਾਜ਼ਾਂ ਗੂੰਜਦੀਆਂ ਰਹਿਣ!

ਸਾਹਿਬ ਸਿੰਘ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਰੰਗਰੇਟਾ ਟਾਇਗਰ ਫੋਰਸ ਪੰਜਾਬ ਵਲੋ 100 ਤੋ ਵੱਧ ਪਰਿਵਾਰਾ ਨੂੰ ਸ਼ਾਮਲ ਕੀਤਾ ਗਿਆ