ਪਾਰਾ 43 ਡਿਗਰੀ ਤੋਂ ਪਾਰ; ਤਾਪਮਾਨ ਹੋਰ ਵਧਣ ਦੀ ਸੰਭਾਵਨਾ
ਚੰਡੀਗੜ੍ਹ (ਸਮਾਜਵੀਕਲੀ) :ਪੰਜਾਬ ਤੇ ਹਰਿਆਣਾ ਨੂੰ ਗਰਮੀ ਦੀ ਪਿਛੇਤ ਨੇ ਇਕਦਮ ਤਪਣ ਲਾ ਦਿੱਤਾ ਹੈ। ਐਤਕੀਂ ਗਰਮੀ ਪੱਛੜ ਕੇ ਪੈ ਰਹੀ ਹੈ ਜਦਕਿ ਲੰਘੇ ਵਰ੍ਹੇ ਮੱਧ ਅਪਰੈਲ ਤੋਂ ਹੀ ਦੁਪਹਿਰਾਂ ਤਪਣੀਆਂ ਸ਼ੁਰੂ ਹੋ ਗਈਆਂ ਸਨ। ਲੂ ਅਤੇ ਤਪਸ਼ ਕਾਰਨ ਅੱਜ ਪੰਜਾਬ ਤੇ ਹਰਿਆਣਾ ਵਿਚ ਤਾਪਮਾਨ 43 ਤੋਂ 44 ਡਿਗਰੀ ਸੈਲਸੀਅਸ ਰਿਹਾ ਹੈ। ਇੱਕੋ ਦਿਨ ’ਚ ਤਾਪਮਾਨ ਵਿਚ ਤਿੰਨ ਡਿਗਰੀ ਵਾਧਾ ਦਰਜ ਹੋਇਆ ਹੈ।
ਮੌਸਮ ਵਿਭਾਗ ਅਨੁਸਾਰ ਪੰਜਾਬ ਤੇ ਹਰਿਆਣਾ ਵਿਚ ਆਉਂਦੇ ਤਿੰਨ ਦਿਨਾਂ ’ਚ ਤਾਪਮਾਨ ਵਿਚ ਦੋ ਡਿਗਰੀ ਵਾਧਾ ਹੋਣ ਦਾ ਅਨੁਮਾਨ ਹੈ। ਰਾਜਸਥਾਨ ਨਾਲ ਲੱਗਦੇ ਪੰਜਾਬ ਤੇ ਹਰਿਆਣਾ ਦੇ ਖ਼ਿੱਤਿਆਂ ਵਿਚ ਤਾਪਮਾਨ ਵਧੇਰੇ ਰਹੇਗਾ। ਪੰਜਾਬ ਦੇ ਬਠਿੰਡਾ, ਫਾਜ਼ਿਲਕਾ ਅਤੇ ਫਿਰੋਜ਼ਪੁਰ ਵਿਚ ਅੱਜ ਤਾਪਮਾਨ 44 ਡਿਗਰੀ ਸੈਲਸੀਅਸ ਦੇ ਆਸ-ਪਾਸ ਰਿਹਾ ਹੈ।
ਇਸੇ ਤਰ੍ਹਾਂ ਹਰਿਆਣਾ ਦੇ ਜ਼ਿਲ੍ਹਾ ਸਿਰਸਾ, ਫਤਿਆਬਾਦ, ਰੋਹਤਕ, ਭਿਵਾਨੀ, ਫ਼ਰੀਦਾਬਾਦ ਅਤੇ ਮਹੇਂਦਰਗੜ੍ਹ ’ਚ ਤਾਪਮਾਨ ਵਧੇਰੇ ਰਹੇਗਾ। ਪੰਜਾਬ ਦੇ ਮਾਝਾ ਖ਼ਿੱਤੇ ਵਿਚ ਬੱਦਲਵਾਈ ਬਣੀ ਹੋਈ ਹੈ। ਆਉਂਦੇ ਦਿਨਾਂ ’ਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ ਤੇਜ਼ ਹਵਾਵਾਂ ਵੀ ਚੱਲਣਗੀਆਂ। ਰਾਜਸਥਾਨ ਵਲੋਂ ਦੱਖਣ-ਪੂਰਬੀ ਹਵਾਵਾਂ ਮੁੱਖ ਤੌਰ ’ਤੇ ਮਾਲਵਾ ਖ਼ਿੱਤੇ ਨੂੰ ਲਪੇਟ ਵਿਚ ਲੈਣਗੀਆਂ। ਮਈ ਦੇ ਅਖੀਰ ਵਿਚ ਮੀਂਹ ਪੈਣ ਦਾ ਅਨੁਮਾਨ ਹੈ। ਪੰਜਾਬ ’ਚ ਨਰਮੇ ਦੀ ਬਿਜਾਈ ਆਖਰੀ ਪੜਾਅ ’ਤੇ ਹੈ। ਤਾਪਮਾਨ ’ਚ ਅਚਨਚੇਤੀ ਵਾਧੇ ਕਾਰਨ ਕਿਸਾਨ ਡਰੇ ਹੋਏ ਹਨ ਕਿ ਕਿਧਰੇ ਅਗੇਤੇ ਨਰਮੇ ਨੂੰ ਗਰਮੀ ਸਾੜ ਨਾ ਦੇਵੇ।
ਪੰਜਾਬ ’ਚ ਹੁਣ ਤੱਕ 3.80 ਲੱਖ ਹੈਕਟੇਅਰ ਨਰਮੇ ਦੀ ਬਿਜਾਂਦ ਹੋ ਚੁੱਕੀ ਹੈ ਅਤੇ ਵਿਭਾਗ ਨੇ ਪੰਜ ਲੱਖ ਹੈਕਟੇਅਰ ਦਾ ਟੀਚਾ ਮਿਥਿਆ ਹੈ। ਖੇਤੀ ਵਿਭਾਗ ਪੰਜਾਬ ਦੇ ਡਾਇਰੈਕਟਰ ਸੁਤੰਤਰ ਐਰੀ ਨੇ ਕਿਹਾ ਕਿ ਗਰਮੀ ਲੇਟ ਸ਼ੁਰੂ ਹੋਣ ਦਾ ਨਰਮੇ ਦੀ ਫਸਲ ’ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਉਨ੍ਹਾਂ ਦੱਸਿਆ ਕਿ ਹਫ਼ਤਾ ਭਰ ਹੋਰ ਬਿਜਾਈ ਚੱਲੇਗੀ। ਪੰਜਾਬ ਖੇਤੀ ’ਵਰਸਿਟੀ ਦੇ ਮਾਹਿਰ ਡਾ. ਗੁਰਜਿੰਦਰ ਸਿੰਘ ਰੋਮਾਣਾ ਨੇ ਆਖਿਆ ਕਿ ਬਿਜਾਈ ਦਾ ਕੰਮ ਨਿੱਬੜ ਗਿਆ ਹੈ। ਸਬਜ਼ੀਆਂ ’ਤੇ ਗਰਮੀ ਦਾ ਅਸਰ ਪੈਣ ਦੀ ਸੰਭਾਵਨਾ ਹੈ।